ਖੇਤੀ ਵਿਭਿੰਨਤਾ ਨਾਲ ਹੋਵੇਗਾ ਕਿਰਸਾਨੀ ਦਾ ਵਿਕਾਸ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬੀਤੇ ਦੋ-ਤਿੰਨ ਸਾਲਾਂ ਦੌਰਾਨ ਪੰਜਾਬ ਦੀ ਖੇਤੀ 'ਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ

Farming

ਬੀਤੇ ਦੋ-ਤਿੰਨ ਸਾਲਾਂ ਦੌਰਾਨ ਪੰਜਾਬ ਦੀ ਖੇਤੀ 'ਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ। ਕਿਸਾਨਾਂ ਨੇ ਝੋਨੇ ਤੇ ਨਰਮੇ ਦੀ ਪੈਦਾਵਾਰ 'ਚ ਨਵੇਂ ਰਿਕਾਰਡ ਸਿਰਜੇ। ਹਾੜੀ 2018-19 ਵਿਚ ਕਣਕ ਦਾ ਝਾੜ 5173 ਕਿੱਲੋ ਪ੍ਰਤੀ ਹੈਕਟੇਅਰ ਤੇ ਪੈਦਾਵਾਰ 182 ਲੱਖ ਟਨ ਰਹੀ, ਜੋ ਪਿਛਲੇ ਸਾਲਾਂ ਨਾਲੋਂ ਵੱਧ ਸੀ। ਮੌਸਮੀ ਖਲਬਲੀ ਤੇ ਹੋਰ ਅਣਸੁਖਾਵੇਂ ਹਾਲਾਤ ਦਾ ਟਾਕਰਾ ਕਰਦੇ ਹੋਏ ਇਹ ਉਪਲਬਧੀਆਂ ਹੋਈਆਂ ਹਨ। ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਵਾਤਾਵਰਨ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਨੂੰ ਵੀ ਭਰਵਾਂ ਹੁਲਾਰਾ ਦਿੱਤਾ ਹੈ।

ਢੁੱਕਵੀਆਂ ਫ਼ਸਲਾਂ ਨੂੰ ਪ੍ਰਫੁੱਲਤ ਕਰਨ ਦੀ ਲੋੜ- ਫ਼ਸਲੀ ਵੰਨ-ਸੁਵੰਨਤਾ ਦਾ ਟੀਚਾ ਪੂਰਾ ਕਰਨ ਲਈ ਮੱਕੀ, ਨਰਮਾ, ਬਾਸਮਤੀ, ਸਬਜ਼ੀਆਂ, ਫਲ, ਦਾਲਾਂ ਤੇ ਤੇਲਬੀਜ ਫ਼ਸਲਾਂ ਦਾ ਯੋਗਦਾਨ ਰਹੇਗਾ। ਪੰਜਾਬ 'ਚ ਬਹੁਤ ਸਾਰੇ ਹੋਰ ਫ਼ਸਲੀ ਜ਼ਖ਼ੀਰੇ ਵੀ ਮੌਜੂਦ ਹਨ। ਇਨ੍ਹਾਂ ਵਿਚ ਮੁੱਖ ਫ਼ਸਲਾਂ ਤੋਂ ਵੱਖਰੀਆਂ ਫ਼ਸਲਾਂ, ਜਿਵੇਂ ਮਟਰ, ਖਰਬੂਜਾ, ਮਾਂਹ, ਗਰਮੀਆਂ ਦੀ ਮੂੰਗੀ, ਮੂੰਗਫਲੀ, ਪੱਥਰ ਨਾਖ, ਲੀਚੀ ਆਦਿ ਦਾ ਬੋਲਬਾਲਾ ਹੈ। ਮਾਹਿਰ ਤੇ ਮੁੱਢਲੀ ਮਾਰਕੀਟ ਦੀ ਹੋਂਦ ਵੀ ਹੈ ਪਰ ਇਨ੍ਹਾਂ ਹੇਠ ਰਕਬਾ ਸੀਮਤ ਹੈ। ਵੰਨ-ਸੁਵੰਨਤਾ ਦੇ ਇਨ੍ਹਾਂ ਜ਼ਖ਼ੀਰਿਆਂ ਨੂੰ ਵਧਾਉਣ ਦਾ ਉੁਪਰਾਲਾ ਫ਼ਸਲੀ ਵਿਭਿੰਨਤਾ ਦਾ ਅਹਿਮ ਹਿੱਸਾ ਬਣ ਸਕਦਾ ਹੈ। ਭਾਵ, ਨਿੱਕੀਆਂ-ਵੱਡੀਆਂ ਸਾਰੀਆਂ ਢੁੱਕਵੀਆਂ ਫ਼ਸਲਾਂ ਨੂੰ ਪ੍ਰਫੁੱਲਤ ਕੀਤਾ ਜਾਵੇ ਤਾਂ ਕਿ ਖੁੱਲ੍ਹੀ ਮੰਡੀ ਦੇ ਉਤਰਾਅ-ਚੜ੍ਹਾਅ ਵੱਡੀ ਮਾਰ ਨਾ ਕਰ ਸਕਣ।

ਮੁੱਖ ਫ਼ਸਲਾਂ, ਖ਼ਾਸ ਕਰਕੇ ਝੋਨੇ ਦੇ ਬਦਲ ਨੂੰ ਕੁਝ ਸਮਾਂ ਲੱਗੇਗਾ ਤੇ ਇਸ ਤੋਂ ਬਾਦ ਵੀ ਇਸ ਹੇਠ ਕੁਝ ਰਕਬਾ ਬਚੇਗਾ। ਇਸ ਲਈ ਕਾਸਤ ਢੰਗਾਂ ਨੂੰ ਵੱਧ ਤੋਂ ਵੱਧ ਪਾਣੀ ਦੀ ਬੱਚਤ ਵੱਲ ਮੋੜਨਾ ਤੇ ਇਸ ਦੇ ਲਈ ਅਨੁਕੂਲ ਕਿਸਮਾਂ ਨੂੰ ਅਪਨਾਉਣਾ ਅਤਿ ਜਰੂਰੀ ਹੈ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਹੋਰ ਸੋਧ ਕੇ ਵੱਡੇ ਪੱਧਰ 'ਤੇ ਪੰਜਾਬ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਕਿਸਾਨਾਂ ਦੇ ਖੇਤਾਂ 'ਚ ਪਰਖਿਆ ਜਾ ਰਿਹਾ ਹੈ। ਤੁਪਕਾ ਸਿੰਚਾਈ ਪ੍ਰਣਾਲੀ ਨਰਮਾ-ਕਣਕ ਤੇ ਹੋਰ ਫ਼ਸਲੀ ਚੱਕਰਾਂ ਲਈ ਕਿਸਾਨਾਂ ਦੇ ਖੇਤਾਂ 'ਚ ਵਰਤੀ ਜਾ ਰਹੀ ਹੈ। ਕਮਾਦ ਲਈ ਜਮੀਨਦੋਜ਼ ਤੁਪਕਾ ਸਿੰਚਾਈ ਕਾਰਗਰ ਹੈ। ਬਹੁਤ ਸਾਰੇ ਕਾਸ਼ਤਕਾਰ ਕਿੰਨੂ ਲਈ ਪਹਿਲਾਂ ਹੀ ਤੁਪਕਾ ਸਿੰਚਾਈ ਦਾ ਲਾਭ ਉਠਾ ਰਹੇ ਹਨ।

ਨਵੀਆਂ ਕਿਸਮਾਂ- ਇਸ ਸਾਲ ਖੋਜ ਤਜਰਿਬਆਂ ਦੌਰਾਨ ਕਈ ਨਵੀਆਂ ਕਿਸਮਾਂ ਤੇ ਖੇਤੀ ਤਕਨੀਕਾਂ ਦੀ ਖੋਜ ਕੀਤੀ ਗਈ। ਨਵੀਆਂ ਕਿਸਮਾਂ ਵਿਚੋਂ ਕਣਕ ਦੀ ਕਿਸਮ ਪੀਬੀਡਬਲਿਊ-752 ਹੈ। ਇਸ ਕਿਸਮ ਦੀ ਸਂੇਜੂ ਹਾਲਾਤ ਵਿਚ ਪਛੇਤੀ ਬਿਜਾਈ ਲਈ ਦੇਸ਼ ਦੇ ਉੱਤਰ-ਪੱਛਮੀ ਖੇਤਰ ਲਈ ਸਿਫ਼ਾਰਸ ਕੀਤੀ ਗਈ ਹੈ। ਜੌਂਅ ਦੀ ਦੋ ਕਤਾਰਾਂ ਵਾਲੀ ਛਿਲਕਾ ਰਹਿਤ ਕਿਸਮ ਪੀਐੱਲ-891 ਵਿਕਸਤ ਕੀਤੀ ਗਈ ਹੈ। ਇਸ ਵਿਚ 4 ਫ਼ੀਸਦੀ ਬੀਟਾ ਗਲੂਕਨ ਤੇ 12 ਫ਼ੀਸਦੀ ਪ੍ਰੋਟੀਨ ਹੈ। ਬੀਟਾ ਗਲੂਕਨ ਕਾਰਨ ਇਸ ਤੋਂ ਬਣੇ ਉਤਪਾਦ ਸੱਤੂ, ਫਲੇਕਸ, ਦਲੀਆ, ਆਟਾ ਆਦਿ ਸਿਹਤ ਲਈ ਲਾਭਦਾਇਕ ਹਨ। ਦਾਲਾਂ ਦੀਆਂ ਨਵੀਆਂ ਕਿਸਮਾਂ 'ਚ ਗਰਮ ਰੁੱਤ ਦੀ ਮੂੰਗੀ ਐੱਸਐੱਮਐੱਲ-1827 ਸ਼ਾਮਲ ਹੈ, ਜੋ ਰਾਜਮੂੰਗ ਨਾਲ ਕਰਾਸ ਕਰ ਕੇ ਬਣੀ ਹੈ।

ਇਹ ਪੀਲੇ ਚਿਤਕਬਰੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਬੀਜ ਸਾਉਣੀ ਰੁੱਤ ਵਿਚ ਵੀ ਬਣਾਇਆ ਜਾ ਸਕਦਾ ਹੈ। ਗਰਮ ਰੁੱਤ ਦੇ ਮਾਂਹ ਦੀ ਕਿਸਮ ਮਾਂਹ-1137 ਦੀ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਵਿਚ ਕੋਕਰੂ ਘੱਟ ਹੁੰਦੇ ਹਨ ਤੇ ਦਾਲ ਸੰਘਣੀ ਬਣਦੀ ਹੈ। ਟਮਾਟਰਾਂ ਦੀ ਨਵੀਂ ਕਿਸਮ ਪੀਟੀਐੱਚ-2 ਵਿਕਸਤ ਕੀਤੀ ਗਈ ਹੈ। ਸ਼ਿਮਲਾ ਮਿਰਚ ਦੀ ਨਵੀਂ ਕਿਸਮ ਪੀਐੱਸਐੱਮ-1 ਸੁਰੰਗ ਨੁਮਾ ਪੌਲੀ ਹਾਊਸ 'ਚ ਬੀਜੀ ਜਾ ਸਕਦੀ ਹੈ ਤੇ ਵੱਧ ਤਾਪਮਾਨ ਸਹਿ ਸਕਣ ਕਾਰਨ ਇਸ ਦਾ ਬੀਜ ਮੈਦਾਨੀ ਇਲਾਕਿਆਂ 'ਚ ਤਿਆਰ ਕੀਤਾ ਜਾ ਸਕਦਾ ਹੈ।

ਪਿਆਜ਼ ਦੀਆਂ ਤਿੰਨ ਨਵੀਆਂ ਕਿਸਮਾਂ ਪੀਆਰਓ-7 (ਲਾਲ, ਘਰੇਲੂ ਖਪਤ ਲਈ), ਪੀਡਬਲਿਊਓ-35 (ਸਫ਼ੈਦ, ਪਾਊਡਰ ਤਿਆਰ ਕਰਨ ਲਈ) ਤੇ ਪੀਵਾਈਓ-102 (ਪੀਲਾ, ਬਰਾਮਦ ਲਈ) ਵਿਕਸਤ ਕੀਤੀਆਂ ਗਈਆਂ ਹਨ। ਕਰੇਲੇ ਦੀ ਪੰਜਾਬ ਕਰੇਲਾ-15 ਤੋਂ ਇਲਾਵਾ ਹਲਵਾ ਕੱਦੂ ਦੀ ਪੰਜਾਬ ਨਵਾਬ ਕਿਸਮ ਵਿਕਸਤ ਕੀਤੀ ਗਈ ਹੈ, ਜੋ ਵਿਸਾਣੂੰ ਰੋਗ ਨੂੰ ਸਹਿਣ ਕਰਨ ਦੀ ਸਮਰਥਾ ਰੱਖਦੀ ਹੈ। ਡੇਜ਼ੀ ਸੰਤਰੇ ਦਾ ਫਲ ਸੀਜ਼ਨ ਵਿਚ ਪਹਿਲਾਂ ਤਿਆਰ ਹੋਣ ਕਰਕੇ ਕਿੰਨੂ ਦੀ ਖੇਤੀ ਨੂੰ ਵੰਨ-ਸੁਵੰਨਤਾ ਪ੍ਰਦਾਨ ਕਰਨ ਦੇ ਸਮਰੱਥ ਹੈ। ਜੱਟੀ-ਖੱਟੀ ਦੇ ਜੜ੍ਹ-ਮੁੱਢ ਤੇ ਪਿਊਂਦੇ ਡੇਜ਼ੀ ਸੰਤਰੇ ਦੀ ਸਿਫ਼ਾਰਸ਼ ਦੱਖਣ-ਪੱਛਮੀ ਹਿੱਸਿਆਂ ਲਈ ਕੀਤੀ ਗਈ ਹੈ। ਫੁੱਲਾਂ ਵਿਚੋਂ ਗਲੈਡਿਓਲਸ ਦੀ ਗੂੜ੍ਹੇ ਪੀਲੇ ਰੰਗ ਦੇ ਫੁੱਲਾਂ ਵਾਲੀ ਕਿਸਮ ਪੀਜੀ 20-11 ਦੀ ਸਿਫ਼ਾਰਸ ਕੀਤੀ ਗਈ ਹੈ।

ਉਤਪਾਦਨ ਤਕਨੀਕਾਂ- ਸਮੇਂ ਸਿਰ ਬੀਜੀ ਕਣਕ 'ਚ ਸਾਰੀ ਫਾਸਫੋਰਸ (55 ਕਿੱਲੋ ਡੀਏਪੀ ਜਾਂ 155 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ) ਬਿਜਾਈ ਵੇਲੇ, ਪੋਰਣ ਉਪਰੰਤ ਪਹਿਲੇ ਤੇ ਦੂਜੇ ਪਾਣੀ ਨਾਲ 45-45 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਛੋਲਿਆਂ ਲਈ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ਬਿਜਾਈ ਤੋਂ 90 ਤੇ 110 ਦਿਨਾਂ ਬਾਅਦ 2 ਫ਼ੀਸਦੀ ਯੂਰੀਆ ਦੇ ਛਿੜਕਾਅ ਨਾਲ 16 ਫ਼ੀਸਦੀ ਵਧੇਰੇ ਝਾੜ ਹੁੰਦਾ ਹੈ। ਕਿੰਨੂ ਦੀ ਫ਼ਸਲ ਲਈ ਤੁਪਕਾ ਸਿੰਜਾਈ ਤੇ ਫਰਟੀਗੇਸ਼ਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਨਾਲ 35 ਫ਼ੀਸਦੀ ਪਾਣੀ ਤੇ 20 ਫ਼ੀਸਦੀ ਖਾਦ ਬਚਦੀ ਹੈ ਤੇ ਝਾੜ 'ਚ ਵੀ ਵਾਧਾ ਹੁੰਦਾ ਹੈ।

ਨਹਿਰੀ ਪਾਣੀ ਦੀ ਕਿੱਲਤ ਸਮੇਂ ਕਿੰਨੂ ਦੀ ਫ਼ਸਲ ਨੂੰ ਸੋਕੇ ਤੋਂ ਬਚਾਉਣ ਲਈ ਨਹਿਰੀ ਤੇ ਲੂਣੇ ਪਾਣੀ ਨੂੰ ਮਿਲਾ ਕੇ ਵਰਤਣ ਲਈ ਤੁਪਕਾ ਸਿੰਜਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੇਰਾਂ ਦੇ ਬਾਗ਼ਾਂ 'ਚ 5 ਟਨ ਪਰਾਲੀ ਪ੍ਰਤੀ ਏਕੜ ਮਲਚ ਦੇ ਤੌਰ ਤੇ ਵਰਤੋ। ਇਸ ਨਾਲ 8.5 ਫ਼ੀਸਦੀ ਝਾੜ ਵਧਦਾ ਹੈ ਤੇ 91 ਫ਼ੀਸਦੀ ਨਦੀਨਾਂ ਦੀ ਰੋਕਥਾਮ ਹੁੰਦੀ ਹੈ। ਪੇਠਾ ਕੱਦੂ ਦੀ ਫ਼ਸਲ ਲਈ ਤੁਪਕਾ ਸਿੰਜਾਈ ਤੇ ਫਰਟੀਗੇਸ਼ਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਨਾਲ 37 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ ਤੇ ਝਾੜ 'ਚ 53 ਫ਼ੀਸਦੀ ਵਾਧਾ ਹੁੰਦਾ ਹੈ। ਗੇਂਦੇ ਦੀ ਫ਼ਸਲ ਦੀ ਸਿੰਜਾਈ ਤੁਪਕਾ ਪ੍ਰਣਾਲੀ ਨਾਲ ਕਰਨ 'ਤੇ 38 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ

ਤੇ ਫੁੱਲਾਂ ਦੇ ਝਾੜ 'ਚ 21 ਫ਼ੀਸਦੀ ਵਾਧਾ ਹੁੰਦਾ ਹੈ। ਹਾੜ੍ਹੀ ਦੇ ਪਿਆਜ਼ ਲਈ ਜੀਵਾਣੂ ਖਾਦ ਦੀ ਵਰਤੋਂ ਕਰਨ ਨਾਲ ਫ਼ਸਲ ਦੇ ਝਾੜ 'ਚ ਵਾਧਾ ਹੁੰਦਾ ਹੈ। ਬੀਜ ਰਹਿਤ ਖੀਰੇ ਦੀਆਂ ਦੋਗਲੀਆਂ ਕਿਸਮਾਂ ਮਲਟੀਸਟਾਰ/ਕਾਫਕਾ ਜਾਂ ਪੰਜਾਬ ਖੀਰਾ-1 ਨੂੰ ਭੂਮੀ ਰਹਿਤ ਮਾਧਿਅਮ ਵਿਚ ਖ਼ੁਰਾਕੀ ਤੱਤਾਂ ਵਾਲੇ ਘੋਲ ਨਾਲ ਸਿੰਜਾਈ ਕਰ ਕੇ ਉਗਾਉਣ ਦੀ ਵਿਧੀ ਵਿਕਸਤ ਕੀਤੀ ਗਈ ਹੈ। ਇਸ ਤੋਂ ਇਲਾਵਾ ਘਰ ਦੀ ਛੱਤ ਤੇ ਭੂਮੀ ਰਹਿਤ ਮਾਧਿਅਮ ਰਾਹੀਂ ਸਬਜ਼ੀਆਂ ਪੈਦਾ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਹੈ।

ਪੌਦ ਸੁਰੱਖਿਆ ਤਕਨੀਕਾਂ- ਕਣਕ 'ਚ ਸੰਯੁਕਤ ਨਦੀਨ ਪ੍ਰਬੰਧ (ਹੈਪੀ ਸੀਡਰ, ਨਦੀਨ ਨਾਸਕ ਤੇ ਨਦੀਨਾਂ ਨੂੰ ਪੁੱਟਣਾ) ਨਦੀਨਾਂ ਦੇ ਬੀਜਾਂ ਨੂੰ ਘਟਾਉਂਦਾ ਹੈ। ਗੁੱਲੀ ਡੰਡੇ ਵਿਚ ਪ੍ਰਚਲਤ ਨਦੀਨ ਨਾਸਕਾਂ ਦਾ ਅਸਰ ਘਟਣ ਕਾਰਨ ਨਵੇਂ ਨਦੀਨ ਨਾਸ਼ਕ ਸੁਝਾਏ ਗਏ ਹਨ। ਕਣਕ 'ਚ ਕੁੰਗੀ, ਕਾਂਗਿਆਰੀ ਤੇ ਸਿਉਂਕ ਦੀ ਰੋਕਥਾਮ ਲਈ ਨਵੀ ਪੌਦ ਸੁਰੱਖਿਆ ਤਕਨੀਕ ਅਪਨਾਉਣ ਦਾ ਸੁਝਾਅ ਦਿੱਤਾ ਗਿਆ ਹੈ। ਸਰ੍ਹੋਂ ਤੇ ਤੋਰੀਏ ਦੀ ਸਾਗ ਵਾਲੀ ਫ਼ਸਲ 'ਤੇ ਕੀਟਨਾਸਕਾਂ ਦੀ ਰਹਿੰਦ-ਖੂੰਹਦ ਤੋਂ ਬਚਾਅ ਲਈ ਛਿੜਕਾਅ ਤੇ ਤੁੜਾਈ ਵਿਚਾਲੇ ਵੱਖ-ਵੱਖ ਸਮਿਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਏਯੂ ਫਰੂਟ ਫਲਾਈ ਟਰੈਪ ਕੱਦੂ ਜਾਤੀ ਦੀਆਂ ਫ਼ਸਲਾਂ (ਕਰੇਲੇ ਤੇ ਤੋਰੀ) ਵਿਚ ਫਲ-ਛੇਦਕ ਮੱਖੀ ਦੀ ਰੋਕਥਾਮ ਲਈ ਸਹਾਈ ਹੈ।

ਮਸ਼ੀਨਰੀ- ਹੈਪੀ ਸੀਡਰ 'ਚ ਲੋੜੀਂਦੀਆਂ ਸੋਧਾਂ ਕਰ ਕੇ ਉਸ ਦੀ ਸਮਰਥਾ ਤੇ ਨਿਪੁੰਨਤਾ ਵਧਾਈ ਗਈ ਹੈ। ਸ਼ਹਿਦ ਨੂੰ ਗਰਮ ਕਰਕੇ ਪੁਣਨ ਵਾਲੀ ਮਸ਼ੀਨ ਵਿਕਸਤ ਕੀਤੀ ਗਈ ਹੈ। ਇਸ ਦੀ ਸਮਰਥਾ 50 ਲੀਟਰ/ਬੈਚ ਹੈ। ਮਕੈਨੀਕਲ ਝੋਨਾ ਟਰਾਂਸਪਲਾਂਟਰ ਉੱਪਰ ਬੂਮਟਾਈਪ ਸਪਰੇਅਰ ਫਿੱਟ ਕਰ ਕੇ ਉਸ ਨੂੰ ਕਣਕ ਆਦਿ ਫ਼ਸਲਾਂ ਵਿਚ ਸਪਰੇਅ ਕਰਨ ਦੇ ਯੋਗ ਬਣਾਇਆ ਗਿਆ ਹੈ। ਕਮਾਦ ਬੀਜਣ ਲਈ ਟਰੈਂਚ ਪਲਾਂਟਰ ਮਸ਼ੀਨ ਤਿਆਰ ਕੀਤੀ ਗਈ ਹੈ।

ਪ੍ਰੋਸੈਸਿੰਗ ਤਕਨੀਕਾਂ- ਫਰੋਜਨ ਮਟਰ ਤੇ ਆਲੂ ਤਿਆਰ ਕਰਨ ਅਤੇ ਆਲੂ ਦੀ ਕਿਸਮ ਕੁਫਰੀ ਤੇ ਪੁਖਰਾਜ ਦੇ ਆਟੇ ਤੋਂ ਪਰੌਂਠਾ/ਸਮੋਸਾ ਮਿਕਸ ਬਣਾਉਣ ਲਈ ਤਕਨੀਕਾਂ ਤਿਆਰ ਕੀਤੀਆਂ ਗਈਆਂ ਹਨ। ਗਲੈਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਸਟੋਰ ਕਰਨ ਦੀ ਵਿਧੀ ਵਿਕਸਤ ਕੀਤੀ ਗਈ ਹੈ। ਉਕਤ ਅਤੇ ਪਹਿਲਾਂ ਮੌਜੂਦ ਕਿਸਮਾਂ, ਉਦਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਨੂੰ ਅਪਣਾ ਕੇ ਅਸੀਂ ਖੇਤੀ ਵੰਨ-ਸੁਵੰਨਤਾ ਤੇ ਕੁਦਰਤੀ ਸੋਮਿਆਂ ਦੀ ਸੰਭਾਲ 'ਚ ਕਾਮਯਾਬ ਹੋ ਸਕਦੇ ਹਾਂ।

ਸਾਰਥਕ ਨਤੀਜੇ- 2018 ਦੀ ਸਾਉਣੀ ਉਪਰੰਤ 57 ਫ਼ੀਸਦੀ ਖੇਤਾਂ 'ਚ ਅੱਗ ਲਾਏ ਬਿਨਾਂ ਪਰਾਲੀ ਨੂੰ ਸਾਂਭਿਆ ਗਿਆ ਜਦਕਿ ਇਸ ਤੋਂ ਪਿਛਲੇ ਸਾਲ ਇਹ ਦਰ ਸਿਰਫ਼ 16 ਫ਼ੀਸਦੀ ਸੀ। ਇਹ ਅੰਕੜੇ ਹੌਸਲਾ ਦਿੰਦੇ ਹਨ ਕਿ ਅਸੀਂ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹਾਂ। ਸੰਚਾਰ ਸਾਧਨਾਂ ਦੀ ਭਰਮਾਰ ਸਦਕਾ ਸਾਡੇ ਕਿਸਾਨ ਇਨ੍ਹਾਂ ਚੁਣੌਤੀਆਂ ਬਾਰੇ ਬੇਹੱਦ ਚੁਕੰਨੇ ਹਨ। ਨਿੱਘਰ ਰਹੇ ਪਾਣੀ ਦੇ ਸਰੋਤਾਂ ਬਾਰੇ ਅਸੀਂ ਸਭ ਚਿੰਤਤ ਹਾਂ ਅਤੇ ਕਿਸਾਨ ਵੀ ਹੁਣ ਇਸ ਮੁੱਦੇ ਨੂੰ ਲੈ ਕੇ ਪੁਰਾਣੀਆਂ ਲੀਹਾਂ ਤੋਂ ਹਟ ਕੇ ਸੋਚ ਰਿਹਾ ਹੈ। ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾਣਾ ਇਸ ਦਾ ਸੂਚਕ ਹੈ। ਇਹ ਸਲਾਘਾਯੋਗ ਤਾਂ ਹੈ

ਪਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਮੁੱਖ ਫ਼ਸਲੀ ਚੱਕਰ ਦਾ ਉਤਪਾਦਨ ਬੇਲੋੜਾ ਵਧ ਸਕਦਾ ਹੈ। ਇਸ ਦਾ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਇਨ੍ਹਾਂ ਜਿਨਸਾਂ ਦੀ ਵਧ ਰਹੀ ਪੈਦਾਵਾਰ ਤੇ ਆਤਮ ਨਿਰਭਰਤਾ ਹੈ। ਆਰਥਿਕ ਪਹਿਲੂਆਂ ਤੇ ਕੁਦਰਤੀ ਸੋਮਿਆਂ ਦੀ ਸਥਿਤੀ ਨੂੰ ਵੇਖਦੇ ਹੋਏ ਖੇਤੀ ਵੰਨ-ਸੁਵੰਨਤਾ ਜ਼ਰੂਰੀ ਹੈ। ਝੋਨੇ ਹੇਠੋਂ ਕਰੀਬ ਦਸ ਲੱਖ ਹੈਕਟੇਅਰ ਰਕਬਾ ਪਾਣੀ ਦੀ ਘੱਟ ਖਪਤ ਵਾਲੀਆਂ ਦੂਸਰੀਆਂ ਫ਼ਸਲਾਂ ਨੂੰ ਦੇਣ ਦੀ ਲੋੜ ਹੈ। ਇਸ ਫ਼ਸਲੀ ਤਬਦੀਲੀ ਵਿਚ ਮੰਡੀਕਰਨ ਤੇ ਆਮਦਨ ਦਰਾਂ ਦੇ ਪਹਿਲੂ ਤੋਂ ਸਰਕਾਰਾਂ ਵੱਲੋਂ ਵੱਡ-ਆਕਾਰੀ ਯੋਜਨਾਵਾਂ ਦੇ ਸਮਰਥਨ ਦੀ ਲੋੜ ਹੈ।