ਪੀ.ਏ.ਯੂ. ਨੇ ਲੱਕੀ ਸੀਡ ਡਰਿੱਲ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਮਸ਼ੀਨ ਦੀ ਵਰਤੋਂ ਨਾਲ ਗੁੱਲੀ ਡੰਡਾ ਵਰਗੇ ਨਦੀਨ ਦੀ ਰੋਕਥਾਮ ਢੁੱਕਵੇਂ ਤਰੀਕੇ ਨਾਲ ਹੋ ਸਕਦੀ ਹੈ

P.A.U. Agreement made for the commercialization of Lucky Seed Drill

ਲੁਧਿਆਣਾ 24 ਸਤੰਬਰ - ਅੱਜ ਪੀ.ਏ.ਯੂ. ਨੇ ਲੁਧਿਆਣਾ ਸਥਿਤ ਕੰਪਨੀ ਜ਼ੈਨਟਰਮ, ਪਤਾ ਗਲੀ ਨੰ. 5, ਪ੍ਰੀਤ ਵਿਹਾਰ ਹੰਬੜਾ ਰੋਡ, ਪ੍ਰਤਾਪ ਸਿੰਘ ਵਾਲਾ, ਲੁਧਿਆਣਾ-141027 ਨਾਲ ਇੱਕ ਸਮਝੌਤਾ ਕੀਤਾ। ਇਹ ਸਮਝੌਤਾ ਲੱਕੀ ਸੀਡ ਡਰਿੱਲ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤਾ ਗਿਆ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਜ਼ੈਨਟਰਮ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਿਪਨ ਸ਼ਰਮਾ ਨੇ ਦੁਵੱਲੇ ਸਮਝੌਤੇ ਦੇ ਕਾਗਜ਼ਾਂ ਉਪਰ ਦਸਤਖਤ ਕੀਤੇ ।

ਇਸ ਸਮਝੌਤੇ ਮੁਤਾਬਿਕ ਪੀ.ਏ.ਯੂ. ਵੱਲੋਂ ਵਿਕਸਿਤ ਅਤੇ ਡਿਜ਼ਾਇਨ ਲੱਕੀ ਸੀਡ ਡਰਿੱਲ ਤਕਨਾਲੋਜੀ ਦੇ ਲੁਧਿਆਣਾ ਸਥਿਤ ਇਸ ਕੰਪਨੀ ਲੱਕੀ ਸੀਡ ਡਰਿੱਲ ਤਿਆਰ ਕਰਨ ਅਤੇ ਵੇਚਣ ਦੇ ਅਧਿਕਾਰ ਪ੍ਰਦਾਨ ਕੀਤੇ ਗਏ। ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਲੱਕੀ ਸੀਡ ਡਰਿੱਲ ਮਸ਼ੀਨ ਕਣਕ ਅਤੇ ਝੋਨੇ ਦੋਹਾਂ ਫ਼ਸਲਾਂ ਵਿੱਚ ਬਿਜਾਈ ਅਤੇ ਨਦੀਨਾਂ ਦੇ ਜੰਮਣ ਤੋਂ ਪਹਿਲਾਂ ਨਦੀਨਨਾਸ਼ਕ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਸੁਚੱਜੀ ਤਕਨੀਕ ਹੈ ।

ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਵਰਤੋਂ ਨਾਲ ਗੁੱਲੀ ਡੰਡਾ ਵਰਗੇ ਨਦੀਨ ਦੀ ਰੋਕਥਾਮ ਢੁੱਕਵੇਂ ਤਰੀਕੇ ਨਾਲ ਹੋ ਸਕਦੀ ਹੈ । ਫ਼ਸਲ ਵਿਗਿਆਨੀ ਸ੍ਰੀ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫ਼ਸਲ ਅਤੇ ਹੋਰ ਫ਼ਸਲਾਂ ਵਿੱਚ ਲੱਕੀ ਸੀਡ ਡਰਿੱਲ ਦੀ ਵਰਤੋਂ ਨਾਲ ਨਦੀਨ ਪ੍ਰਬੰਧਨ ਦਾ ਖਰਚਾ ਘਟਾਇਆ ਜਾ ਸਕਦਾ ਹੈ ।

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਮੌਜੂਦਾ ਫ਼ਸਲੀ ਸੀਜ਼ਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਕੀਤੀ । ਪੀ.ਏ.ਯੂ. ਦੇ ਐਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 55 ਤਕਨੀਕਾਂ ਦੇ ਵਪਾਰੀਕਰਨ ਲਈ 228 ਸਮਝੌਤੇ ਕੀਤੇ ਹਨ ।