ਵੱਖ-ਵੱਖ ਥਾਈਂ ਅੱਗ ਲੱਗਣ ਨਾਲ ਕਈ ਏਕੜ ਫ਼ਸਲ ਸੜੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤ ਵਿਚ ਚਾਹ ਬਣਾਉਣ ਸਮੇਂ ਚੁੱਲੇ ਵਿਚੋਂ ਨਿਕਲੇ ਅੱਗ ਦੇ ਪਤੰਗਿਆਂ ਨਾਲ ਲੱਗੀ ਅੱਗ

Crops Burn into ashes

ਅੰਤਰਰਾਸ਼ਟਰੀ ਅਟਾਰੀ ਲਾਹੌਰ-ਹਾਈਵੇ ਰੋਡ 'ਤੇ ਸਥਿੱਤ ਪਿੰਡ ਰਣੀਕੇ ਮੋੜ ਨਜ਼ਦੀਕ ਕਣਕ ਦੇ ਖੇਤਾਂ 'ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੇਖਦੇ-ਦੇਖਦੇ ਹੀ 4 ਕਿੱਲੇ ਕਣਕ ਅਤੇ 7 ਕਿੱਲੇ ਤੂੜੀ ਬਨਾਉਂਣ ਵਾਲਾ ਨਾੜ ਸੜ ਕੇ ਰਾਖ ਹੋ ਗਿਆ। ਕਣਕ ਦੇ ਖੇਤਾਂ 'ਚ ਅੱਗ ਲੱਗੀ ਦੇਖ ਕੇ ਪਿੰਡ ਰਣੀਕੇ, ਰਣਗੜ੍ਹ, ਢੋਡੀਵਿੰਡ ਅਤੇ ਭੰਡਿਆਰ ਆਦਿ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਂਣ ਵਿੱਚ ਅਹਿਮ ਭੂਮਿਕਾ ਨਿਭਾਈ। ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਭਿਆਨਕ ਅੱਗ ਸੜਕ ਪਾਰ ਕਰਕੇ ਉਕਤ ਪਿੰਡਾਂ ਦੇ ਕਿਸਾਨਾਂ ਦੀ ਕਣਕ ਨੂੰ ਵੀ ਨੁਕਸਾਨ ਪਹੁੰਚਾਅ ਸਕਦੀ ਸੀ। ਇਕੱਠੀ ਹੋਈ ਜਨਤਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸਮੇਂ ਸਿਰ ਫੋਨ ਕਰ ਦਿੱਤਾ ਗਿਆ ਪਰ ਅੰਤਰਰਾਸ਼ਟਰੀ ਹਾਈਵੇ ਰੋਡ ਹੋਣ ਕਾਰਨ ਵੀ ਗੱਡੀਆਂ ਅੱਗ ਬੁਝਾਉਂਣ ਤੋਂ ਬਾਅਦ ਪਹੁੰਚੀਆਂ। ਇੱਕ ਕਿਸਾਨ ਨੇ ਦੱਸਿਆ ਕਿ ਪਰਵਾਸੀ ਭਾਰਤੀ ਸ਼ੋਚਾਲੇ ਜਾਂਦੇ ਸਮੇਂ ਸਿਗਰੇਟ ਪੀ ਰਿਹਾ ਸੀ। ਉਹ ਉਸ ਸਥਾਨ 'ਤੇ ਭਖਦਾ ਹੋਇਆ ਛੋਟਾ ਟੁਕੜਾ ਸੁੱਟ ਗਿਆ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਗੁਰਇਕਬਾਲ ਸਿੰਘ ਰੂਪਾ ਹੁਸ਼ਿਆਰਨਗਰ, ਚਰਨਜੀਤ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਦਲੀਪ ਸਿੰਘ ਅਤੇ ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਦੇਵੇ ਤਾਂ ਜੋ ਗਰੀਬ ਕਿਸਾਨ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ। ਰੂਪਾ ਨੇ ਕਿਹਾ ਕਿ ਉਕਤ ਕਿਸਾਨਾਂ ਨੇ ਜਮੀਨ ਠੇਕੇ ਉੱਪਰ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਰਾਮਾਂ ਮੰਡੀ, 24 ਅਪਰੈਲ-(ਪੱਤਰ ਪ੍ਰੇਰਕ) : ਨੇੜਲੇ ਪਿੰਡ ਫੁੱਲੋਖਾਰੀ ਵਿਖੇ ਖੇਤ ਵਿੱਚ ਖੜੀ ਨਾੜ ਨੂੰ ਅੱਗ ਲੱਗਣ ਨਾਲ ਕਰੀਬ 25 ਏਕੜ ਨਾੜ ਸਮੇਤ ਦੋ ਏਕੜ ਕਣਕ ਮੱਚ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਫੁੱਲੋਖਾਰੀ ਦਾ ਸੀਰੀ ਖੇਤ ਵਿੱਚ ਚੁੱਲੇ ਵਿੱਚ ਅੱਗ ਬਾਲਕੇ  ਚਾਹ ਬਣਾ ਰਿਹਾ ਸੀ ਕਿ ਹਵਾ ਕਾਰਨ ਚੁੱਲੇ ਵਿੱਚੋਂ ਨਿਕਲੇ ਅੱਗ ਦੇ ਪਤੰਗਿਆਂ ਨਾਲ ਖੇਤ ਵਿੱਚ ਪਈ ਨਾੜ ਨੂੰ ਅੱਗ ਲੱਗ ਗਈ ਕਿਸਾਨ ਵੱਲੋਂ ਤੁਰੰਤ ਰੌਲਾ ਪਾਉਣ ਤੇ ਆਸੇ ਪਾਸੇ ਦੇ ਪਿੰਡਾਂ ਵਿੱਚੋਂ ਕਿਸਾਨ ਟਰੈਕਟਰ ਲੈ ਕੇ ਪਹੁੰਚ ਵੀ ਗਏ ਸਨ ਪਰ ਅੱਗ ਤੇਜੀ ਨਾਲ ਅੱਗੇ ਫੈਲਦੀ ਹੋਈ ਨਾਲ ਲੱਗਦੇ ਕਿਸਾਨਾਂ ਗੁਰਤੇਜ ਸਿੰਘ ਪੁੱਤਰ ਸੁਖਦੇਵ ਸਿੰਘ, ਹਰਚਰਨ ਸਿੰਘ ਪੁੱਤਰ ਮੱਲ ਸਿੰਘ, ਬਲਤੇਜ ਸਿੰਘ ਪੁੱਤਰ ਚੰਦ ਸਿੰਘ ਦੇ ਖੇਤਾਂ ਵਿੱਚ ਪਈ ਨਾੜ ਨੂੰ ਅਤੇ ਦਰਸ਼ਨ ਸਿੰਘ ਪੁੱਤਰ ਕਰਮ ਸਿੰਘ ਦੇ ਦੋ ਏਕੜ ਖੇਤ ਵਿੱਚ ਖੜੀ ਕਣਕ ਨੂੰ ਵੀ ਲੱਗ ਗਈ। ਲਗਾਤਾਰ ਕਿਸਾਨਾਂ ਨੇ ਹਿੰਮਤ ਕਰਕੇ ਭਾਵੇਂ ਅੱਗ ਤੇ ਕਾਬੂ ਪਾ ਲਿਆ ਪਰ 25 ਏਕੜ ਨਾੜ ਅਤੇ ਦੋ ਏਕੜ ਕਣਕ ਮੱਚ ਕੇ ਸੁਆਹ ਹੋ ਗਈ ਹੋਰ  ਖੇਤਾਂ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ।

ਅੱਗ ਬੁਝਾਉਣ ਤੋਂ ਬਾਅਦ ਰਿਫਾਇਨਰੀ ਵੱਲੋਂ ਭੇਜੀ ਗਈ ਅੰਬੂਲੈਂਸ ਵੀ ਪਹੁੰਚ ਗਈ ਸੀ। ਪਿੰਡ ਦੇ ਸਰਪੰਚ ਮੱਖਨ ਸਿੰਘ ਨੇ ਅੱਗ ਨਾਲ ਲਗਾਤਾਰ ਹੋ ਰਹੇ ਨਾੜ ਅਤੇ ਕਣਕ ਦੀ ਫਸਲ ਦੇ ਨੁਕਸਾਨ ਨੂੰ ਵੇਖਦਿਆਂ ਮਾਰਕੀਟ ਕਮੇਟੀ ਦਫਤਰ ਵਿਖੇ ਫਾਇਰ ਬ੍ਰਿਗੇਡ ਦਾ ਪੱਕੇ ਤੌਰ ਤੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।ਖੰਨਾ, 24 ਅਪ੍ਰੈਲ (ਸੋਨੀ ਗਿੱਲ) : ਅੱਜ ਪਾਵਰਕਾਮ ਮਹਿਮਨੇ ਅੰਦਰ ਭੱਜਦੌੜ ਮੱਚ ਗਈ ਜਦੋਂ ਮਿਲਟਰੀ ਗਰਾਊਡ ਵਿੱਚ ਲੱਗੇ ਹਾਈ ਵੋਲਟੇਜ ਦੇ ਖੰਭੇ ਦੀਆਂ ਕੇਬਲਾਂ ਨੂੰ ਅੱਗ ਲੱਗ ਗਈ, ਜਾਣਕਾਰੀ ਦਿੰਦਿਆਂ ਮਹਿਕਮੇ ਦੇ ਜੇਈ ਗੁਰਮੇਲ ਸਿੰਘ ਨੇ ਦੱਸਿਆ ਕਿ ਦੁਪਿਹਰ ਸਮੇਂ ਮਿਲਟਰੀ ਗਰਾਊਡ ਵਿੱਚ ਪਏ ਕੂੜੇ ਕਰਕਟ ਦੇ ਢੇਰ ਨੂੰ ਅਚਾਨਕ ਲੱਗੀ ਅੱਗ ਕਾਰਨ ਹਾਈ ਵੋਲਟੇਜ ਦੀਆਂ ਤਾਰਾਂ ਅੱਗ ਦੀ ਲਪੇਟ ਵਿੱਚ ਆ ਗਈਆਂ, ਤੁਰੰਤ ਫਾਇਰ ਬ੍ਰਿਗੇਡ ਨੂੰ ਸੱਦਿਆਂ ਗਿਆ, ਜਿਨ੍ਹਾਂ ਭਾਰੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਫਾਇਰ ਅਫਸਰ ਜਸਪਾਲ ਰਾਏ ਗੋਮੀ ਨੇ ਦੱਸਿਆ ਕਿ ਅੱਗ ਕਾਫੀ ਦੂਰ ਤੱਕ ਫੈਲ ਗਈ ਸੀ, ਕਿਉਕਿ ਇਸ ਜਗ੍ਹਾਂ ਤੇ ਨੇੜਲੇ ਹਸਪਤਾਲਾ ਵਾਲੇ ਕੂੜਾਂ ਸੁਟ ਜਾਂਦੇ ਹਨ। ਜਿਨ੍ਹਾਂ ਦਾ ਦਿਨ ਦੇ ਤਾਪਮਾਨ ਦੇ ਵਧਣ ਨਾਲ ਅੱਗ ਲੱਗ ਜਾਂਦੀ ਹੈ, ਜੇਕਰ ਸਮਾਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਦਾਂ ਤਾਂ ਅੱਜ ਪੂਰੇ ਸ਼ਹਿਰ ਦੀ ਬੱਤੀ ਗੁਲ ਹੋ ਜਾਣੀ ਸੀ।ਇਸੇ ਤਰਾਂ ਦੀ ਇਕ ਹੋਰ ਘਟਨਾ ਵਿੱਚ ਨੇੜਲੇ ਪਿੰਡ ਰਸੂਲੜਾਂ ਅਤੇ ਬਾਹੋਮਾਜਰਾ ਦੇ ਕਿਸਾਨਾ ਦੇ ਖੇਤਾਂ ਵਿੱਚ 13 ਏਕੜ ਕਣਕ ਦਾ ਨਾੜ ਸੜ੍ਹ ਕੇ ਸੁਆਹ ਹੋ ਗਿਆ। ਫਾਇਰ ਅਫਸਰ ਗੋਮੀ ਨੇ ਦੱਸਿਆਂ ਕਿ ਕਿਸਾਨ ਪਿਆਰਾ ਸਿੰਘ ਪੁੱਤਰ ਮਲਕੀਤ ਸਿੰਘ, ਜਗਜੀਤ ਸਿੰਘ ਪੁੱਤਰ ਗੁਰਦੇਵ ਸਿਘ, ਮਹਾਂ ਸਿੰਘ ਪੁੱਤਰ ਹਰਦੇਵ ਸਿੰਘ ਰਸੂਲੜਾ ਦੇ ਅਚਾਨਕ ਕਣਕ ਦਾ ਨਾੜ ਅੱਗ ਦੀ ਭੈਂਟ ਚੜ੍ਹ ਗਿਆ। ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਨੇੜਲੇ ਭਾਰਤ ਗੈਸ ਏਜੰਸੀ ਦੇ ਗੋਦਾਮ ਨੂੰ ਅੱਗ ਲੱਗਜ਼ ਤੋਂ ਬਚਾ ਲਿਆਂ, ਜਿਸ ਕਰਕੇ ਵੱਡਾ ਹਾਦਸਾ ਹੋਣੋ ਬਚਾ ਲਿਆ ਗਿਆ। ਇਸ ਮੌਕੇ ਜੇਈ ਗੁਰਮੇਲ ਸਿੰਘ, ਸੱਤ ਪ੍ਰਕਾਸ਼, ਮੱਖਣ ਸਿੰਘ ਆਦਿ ਹਾਜ਼ਰ ਸਨ।