CM ਮਾਨ ਦੀ ਕੇਂਦਰ ਨੂੰ ਅਪੀਲ - 'ਸੁੰਗੜੇ ਹੋਏ ਦਾਣਿਆਂ ਲਈ ਨਿਰਧਾਰਿਤ ਨਿਯਮਾਂ 'ਚ ਦਿੱਤੀ ਜਾਵੇ ਢਿੱਲ'

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

'ਆਪ' ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ - CM  ਮਾਨ 

CM Bhagwant Mann appeals to center government

ਪਿਛਲੇ ਹਫ਼ਤੇ ਪੰਜਾਬ ਦੌਰੇ 'ਤੇ ਆਈ ਸੀ ਕੇਂਦਰ ਦੀ ਟੀਮ ਪਰ ਕੇਂਦਰ ਸਰਕਾਰ ਵਲੋਂ ਨਹੀਂ ਕੀਤਾ ਗਿਆ ਅਜੇ ਕੋਈ ਫ਼ੈਸਲਾ 
ਚੰਡੀਗੜ੍ਹ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ਨੂੰ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਣਕ ਦਾ ਪੰਜਾਬ 'ਚ ਰੇਟ ਘਟਾਏ ਬਿਨਾਂ ਕਣਕ ਦੀ ਖ਼ਰੀਦ 'ਚ ਸੁੰਗੜੇ ਹੋਏ ਦਾਣਿਆਂ ਲਈ ਨਿਰਧਾਰਿਤ ਨਿਯਮਾਂ 'ਚ ਢਿੱਲ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਆਮਦਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਦੱਸਣਯੋਗ ਹੈ ਕੇਂਦਰ ਵਲੋਂ 6 ਫ਼ੀਸਦੀ ਤੱਕ ਸੁੰਗੜਿਆ ਹੋਇਆ ਦਾਣਾ ਹੀ ਮਨਜ਼ੂਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਕਿਸਾਨ ਪਹਿਲਾਂ ਹੀ ਕਣਕ ਦੀ ਘੱਟ ਪੈਦਾਵਾਰ ਹੋਣ ਕਾਰਨ ਵੱਡੇ ਖੇਤੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ।

ਉਧਰ ਹੁਣ ਪੰਜਾਬ ਤੋਂ ਬਾਅਦ ਹਰਿਆਣਾ ਵਲੋਂ ਵੀ ਕੇਂਦਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵੀ ਕਣਕ ਦੀ ਖ਼ਰੀਦ ਵਿਚ ਰਾਹਤ ਦਿਤੀ ਜਾਵੇ। ਫਿਲਹਾਲ ਕੇਂਦਰ ਵਲੋਂ ਇਸ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਵਲੋਂ ਭੇਜੀਆਂ ਟੀਮਾਂ ਪਿਛਲੇ ਹਫ਼ਤੇ ਪੰਜਾਬ ਦੌਰੇ 'ਤੇ ਆਈਆਂ ਸਨ। ਦੱਸਣਯੋਗ ਹੈ ਕਿ ਗਰਮੀ ਜ਼ਿਆਦਾ ਪੈਣ ਕਾਰਨ 10 ਤੋਂ 23 ਫ਼ੀਸਦੀ ਤੱਕ ਕਣਕ ਦੇ ਦਾਣੇ ਸੁੰਗੜ ਗਏ ਹਨ।

ਭਾਰਤੀ ਖੁਰਾਕ ਨਿਗਮ ਨੇ ਮੰਡੀਆਂ ਵਿਚੋਂ ਫ਼ਸਲ ਦੀ ਸਿੱਧੀ ਡਲਿਵਰੀ ਬੰਦ ਕਰ ਦਿਤੀ ਹੈ। ਦੱਸ ਦੇਈਏ ਕਿ ਮੰਡੀਆਂ ਵਿਚ ਕਰੀਬ 40.54 ਲੱਖ ਮੀਟ੍ਰਿਕ ਟਨ ਕਣਕ ਖ਼ਰੀਦ ਦੀ ਉਡੀਕ ਵਿਚ ਹੈ। ਕੇਂਦਰ ਵਲੋਂ ਪੰਜਾਬ ਤੋਂ ਫਸਲਾਂ ਸਬੰਧੀ ਰਿਪੋਰਟ ਮੰਗੀ ਗਈ ਸੀ ਜਿਸ ਲਈ ਕੇਂਦਰ ਦੀਆਂ ਟੀਮਾਂ ਪੰਜਾਬ ਆਈਆਂ ਸਨ ਅਤੇ ਜਾਂਚ ਵੀ ਕੀਤੀ ਗਈ ਸੀ ਪਰ ਅਜੇ ਤੱਕ ਕੇਂਦਰ ਸਰਕਾਰ ਵਲੋਂ ਕੋਈ ਵੀ ਫ਼ੈਸਲਾ ਨਹੀਂ ਕੀਤਾ ਗਿਆ ਹੈ।