ਕੇਂਦਰ ਸਰਕਾਰ ਨੇ ਵਧਾਈ DAP ਖਾਦ ਦੀ ਕੀਮਤ, ਪ੍ਰਤੀ ਗੱਟਾ ਦੇਣੇ ਪੈਣਗੇ 150 ਰੁਪਏ ਜ਼ਿਆਦਾ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਖਾਦ ਦੀ ਕੀਮਤ ਪ੍ਰਤੀ ਗੱਟਾ 1200 ਰੁਪਏ ਤੋਂ ਵਧਾ ਕੇ ਕੀਤੀ 1350 ਰੁਪਏ 

The central government has increased the price of DAP fertilizer by Rs 150 per bag

ਨਵੀਂ ਦਿੱਲੀ : ਪੰਜਾਬ ਵਿੱਚ ਕਿਸਾਨ ਮਹਿੰਗਾਈ ਦੀ ਮਾਰ ਹੇਠ ਹਨ। ਕੇਂਦਰ ਸਰਕਾਰ ਨੇ ਡੀਏਪੀ ਖਾਦ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤੋ ਹੈ। ਇਸ ਦੇ ਚਲਦੇ ਹੀ ਹੁਣ ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਮਹਿੰਗੀ ਮਿਲੇਗੀ। ਪੰਜਾਬ ਵਿੱਚ ਪਹਿਲਾਂ ਖਾਦ 1200 ਰੁਪਏ ਵਿੱਚ ਮਿਲਦੀ ਸੀ ਅਤੇ ਹੁਣ ਇਸ ਦੀ ਕੀਮਤ 1350 ਰੁਪਏ ਹੋ ਗਈ ਹੈ।

ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜਿੰਨੀ ਫਸਲ ਦੀ ਕੀਮਤ ਵਧਾਈ ਜਾਂਦੀ ਹੈ, ਉਸ ਤਹਿਤ ਹੀ ਖਾਦ ਦੀ ਕੀਮਤ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਦੱਸ ਦੇਈਏ ਕਿ ਪੰਜਾਬ ਵਿਚ ਸਾਲਾਨਾ ਆਧਾਰ 'ਤੇ ਲਗਭਗ 8.50 ਲੱਖ ਮੀਟਰਿਕ ਟਨ ਦੀ ਖ਼ਪਤ ਹੁੰਦੀ ਹੈ ਜਿਸ ਵਿਚੋਂ ਲਗਭਗ 6.00 ਲੱਖ ਮੀਟਰਿਕ ਟਨ ਡੀਏਪੀ ਦੀ ਖ਼ਪਤ ਹਾੜ੍ਹੀ ਦੀ ਫ਼ਸਲ ’ਤੇ ਅਤੇ 2.50 ਲੱਖ ਮੀਟਰਿਕ ਟਨ ਡੀਏਪੀ ਦੀ ਖ਼ਪਤ ਸਾਉਣੀ ਦੀ ਫਸਲ ’ਤੇ ਹੁੰਦੀ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ ਵਧਣ ਕਾਰਨ ਚੁੱਕਿਆ ਗਿਆ ਹੈ।

ਪਿਛਲੀ ਵਾਰ ਵੀ ਕੇਂਦਰ ਨੇ ਦਰਾਂ ਵਿੱਚ ਵਾਧਾ ਕੀਤਾ ਸੀ। ਜਿਸ ਤਹਿਤ ਪਿੱਛਲੇ ਸਾਲ ਪ੍ਰਤੀ ਬੋਰੀ ਦੀ ਕੀਮਤ ਵਧਾ ਕੇ 1200 ਰੁਪਏ ਤੋਂ 1900 ਰੁਪਏ ਕਰ ਦਿੱਤੀ ਸੀ। ਕਿਸਾਨਾਂ ਵਲੋਂ ਉਸ ਸਮੇਂ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਸਬਸਿਡੀ ਵਿਚ ਵਾਧਾ ਕਰ ਦਿੱਤਾ ਸੀ। ਇਸ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੂੰ ਖਾਦ ਮੁੜ ਪੁਰਾਣੇ ਭਾਅ ਮਿਲਣ ਲੱਗ ਗਈ ਸੀ।