ਨਰਮੇ ਦੀ ਸੁੱਕ ਰਹੀ ਫ਼ਸਲ ਨੇ ਵਧਾਈ ਕਿਸਾਨਾਂ ਦੀ ਚਿੰਤਾ
ਖੇਤੀਬਾੜੀ ਮਹਿਕਮੇ ਦੀਆਂ ਪਾਣੀ ਬੱਚਤ ਸਬੰਧੀ ਹਦਾਇਤਾਂ ਅਧੀਨ ਨਰਮੇ ਦਾ ਰਕਬਾ ਵਧਾਉਣ ਵਾਲੇ ਕਿਸਾਨ ਖੁਦ ਡੂੰਘੀ ਚਿੰਤਾ ਵਿੱਚ ਘਿਰ ਗਏ ਹਨ। ਪਿੰਡ ਕੋਟਗੁਰੂ...
ਸੰਗਤ ਮੰਡੀ : ਖੇਤੀਬਾੜੀ ਮਹਿਕਮੇ ਦੀਆਂ ਪਾਣੀ ਬੱਚਤ ਸਬੰਧੀ ਹਦਾਇਤਾਂ ਅਧੀਨ ਨਰਮੇ ਦਾ ਰਕਬਾ ਵਧਾਉਣ ਵਾਲੇ ਕਿਸਾਨ ਖੁਦ ਡੂੰਘੀ ਚਿੰਤਾ ਵਿੱਚ ਘਿਰ ਗਏ ਹਨ। ਪਿੰਡ ਕੋਟਗੁਰੂ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਹਜੂਰ ਸਿੰਘ ਨੇ ਦੱਸਿਆ ਕਿ ਉਸ ਨੇ ਖੇਤੀਬਾੜੀ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਵੱਟਾਂ ਬਣਾ ਕੇ 6.5 ਏਕੜ ਨਰਮਾ ਲਾਇਆ ਸੀ। ਜਦੋਂ ਨਰਮੇ ਨੂੰ ਪਾਣੀ ਲਾਇਆ ਤਾਂ ਨਰਮੇ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ।
ਉਸ ਨੇ ਸੰਗਤ ਮੰਡੀ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਪ੍ਰੰਤੂ ਮਹਿਕਮੇ ਵਾਲਿਆਂ ਨੇ ਖੇਤ ਜਾ ਕੇ ਨਰਮਾ ਦੇਖਣ ਦੀ ਥਾਂ ਸਿਰਫ ਦਵਾਈ ਦੀ ਸਿਫਾਰਿਸ਼ ਕਰਕੇ ਸਾਰ ਦਿੱਤਾ। ਦਵਾਈ ਦੀ ਸਪਰੇ ਕਰਨ ਉਪਰੰਤ ਵੀ ਨਰਮਾ ਠੀਕ ਨਹੀਂ ਹੋਇਆ। ਪੀੜਤ ਕਿਸਾਨ ਨੇ ਦੱਸਿਆ ਕਿ ਹੁਣ ਤੱਕ ਉਸਦਾ 8000 ਰੁਪਏ ਪ੍ਰਤੀ ਏਕੜ ਖਰਚ ਹੋ ਚੁੱਕਾ ਹੈ।
ਇਸ ਤਰਾਂ ਕੋਟਗੁਰੂ ਦੇ ਹੀ ਸ਼ਿਵਰਾਜ ਸਿੰਘ ਦਾ 8 ਕਨਾਲ, ਸੇਵਕ ਸਿੰਘ ਦਾ 10 ਕਨਾਲ ਅਤੇ ਮਹਿੰਦਰ ਸਿੰਘ ਦਾ 8 ਕਨਾਲ ਨਰਮਾ ਖਰਾਬ ਹੋ ਚੁੱਕਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂਆਂ ਕੁਲਵੰਤ ਰਾਇਕੇ ਕਲਾਂ, ਅਮਰੀਕ ਸਿੰਘ ਘੁੱਦਾ ਅਤੇ ਪਿੰਡ ਇਕਾਈ ਦੇ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੁਆਰਾ ਵਰਤੀ ਲਾਪਰਵਾਹੀ ਤੇ ਚਿੰਤਾ ਜਾਹਿਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ।