'ਉਹ ਸਾਨੂੰ ਦਿੱਲੀ 'ਚ ਨਹੀਂ ਵੜ੍ਹਨ ਦਿੰਦੇ ਅਸੀਂ ਉਹਨਾਂ ਨੂੰ ਪੰਜਾਬ ਨਹੀਂ ਵੜ੍ਹਨ ਦੇਣਾ'- ਦੀਪ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸ਼ੰਭੂ ਬਾਰਡਰ 'ਤੇ ਪਹੁੰਚਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਲੈ ਕੇ ਪਹੁੰਚੀ ਖਾਲਸਾ ਏਡ

Deep Sidhu

ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਭ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੀ ਸ਼ੰਭੂ ਬਾਰਡਰ 'ਤੇ ਆਪਣੇ ਸਮਰਥਕਾਂ ਨਾਲ ਧਰਨਾ ਲਗਾਇਆ ਹੈ।

ਉਹਨਾਂ ਦੇ ਧਰਨੇ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਦੀਪ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਬਾਗੀ ਦੱਸ ਦੀ ਹੈ ਅਸੀਂ ਤਾਂ ਹਾਂ ਬਾਗੀ ਪਰ ਤੁਸੀਂ ਦਿੱਲੀ ਪਾਰਲੀਮੈਂਟ ਵਿਚ ਡਾਕੂ ਬੈਠੇ ਹੋ ਉੱਥੇ ਬੈਠੇ ਕਾਨੂੰਨ ਬਣਾ ਰਹੇ ਹੋ। ਸਿੱਧੂ ਨੇ ਕਿਹਾ ਕਿ ਹੁਣ ਸਮਾਂ ਉਹ ਆ ਗਿਆ ਹੈ ਕਿ ਸਾਨੂੰ ਆਪਣੇ ਅੰਦਰਲੇ ਮਨ ਨੂੰ ਜਗਾ ਕੇ ਆਪਣੀ ਅਵਾਜ਼ ਦਿੱਲੀ ਤੱਕ ਪਹੁੰਚਾਉਣੀ ਪਵੇਗੀ।

ਉਹਨਾਂ ਕਿਹਾਂ ਕਿ ਸਰਕਾਰ ਸਾਨੂੰ ਦਿੱਲੀ ਵਿਚ ਨਹੀਂ ਵੜ੍ਹਨ ਦੇ ਰਹੀ ਤੇ ਅਸੀਂ ਉਹਨਾਂ ਨੂੰ ਪੰਜਾਬ ਵਿਚ ਵੀ ਨਹੀਂ ਵੜ੍ਹਨ ਦੇਵਾਂਗੇ ਕਿਉਂਕਿ ਇਹ ਸਾਡੀ ਧਰਤੀ ਹੈ ਸਾਡਾ ਪੰਜਾਬ ਹੈ। ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਕਾਨੂੰਨ ਨੂੰ ਲੋਕ ਪੱਖੀ ਦੱਸ ਰਹੀ ਹੈ ਪਰ ਸਰਕਾਰ ਲੋਕਾਂ ਨੂੰ ਸੰਬੋਧਨ ਕਿਉਂ ਨਹੀਂ ਕਰ ਰਹੀ ਤੇ ਜੇ ਇਹ ਕਾਨੂੰਨ ਲੋਕ ਪੱਖੀ ਹੁੰਦਾ ਫਿਰ ਲੋਕਾਂ ਨੇ ਜਾਂ ਕਿਸਾਨਾਂ ਨੇ ਸੜਕਾਂ 'ਤੇ ਨਹੀਂ ਸੀ ਉਤਰਨਾ।  

ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਕਿਸਾਨਾਂ ਵੱਲੋਂ ਪੰਜਾਬ ਬੰਦ ਹੋਣ ਕਾਰਨ ਸੜਕਾਂ 'ਤੇ ਆਵਾਜਾਈ ਆਮ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਕਿਸਾਨਾਂ ਨੇ ਅੱਜ ਰੇਲਵੇ ਲਾਈਨਾਂ 'ਤੇ ਮੋਰਚਾ ਫਿਰ ਲਗਾ ਲਿਆ ਹੈ। ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਚੁੱਕੇ ਹਨ। ਇਸੇ ਦੌਰਾਨ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਵੀ ਸ਼ੰਭੂ ਬਾਰਡਰ 'ਤੇ ਪਹੁੰਚਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਲੈ ਕੇ ਪਹੁੰਚ ਗਈ ਹੈ।