ਪੀ.ਏ.ਯੂ. ਨੇ ਸਬਜ਼ੀਆਂ ਦੀਆਂ ਕਿਸਮਾਂ ਦੇ ਵਪਾਰੀਕਰਨ ਲਈ ਕੀਤਾ ਇੱਕ ਹੋਰ ਸਮਝੌਤਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਸਮਝੌਤਾ ਡਾਕਟਰ ਸੀਡਜ਼ ਪ੍ਰਾਈਵੇਟ ਲਿਮਿਟਡ, 46 ਸੁੰਦਰ ਨਗਰ, ਲਾਲ ਬਾਗ (ਐਮ ਬੀ ਡੀ ਨਿਓਪੋਲਸ ਮਾਲ ਦੇ ਪਿੱਛੇ) ਫਿਰੋਜ਼ਪੁਰ ਰੋਡ ਲੁਧਿਆਣਾ ਨਾਲ ਸਿਰੇ ਚੜਿਆ

P.AU Has entered into another agreement for commercialization of vegetable varieties

ਲੁਧਿਆਣਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅੱਜ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਜਿਨ੍ਹਾਂ ਵਿੱਚ ਹਾਈਬ੍ਰਿਡ ਮਿਰਚਾਂ ਦੀ ਕਿਸਮ ਸੀ ਐਚ-27, ਹਾਈਬ੍ਰਿਡ ਕੱਦੂ ਦੀ ਕਿਸਮ ਪੀ ਪੀ ਐਚ-1 ਅਤੇ ਗਾਜਰ ਦੀ ਕਿਸਮ ਪੀ ਸੀ-161 ਦੇ ਵਪਾਰੀਕਰਨ ਲਈ ਇੱਕ ਸਹੀ ਉਪਰ ਦਸਤਖਤ ਕੀਤੇ । ਇਹ ਸਮਝੌਤਾ ਡਾਕਟਰ ਸੀਡਜ਼ ਪ੍ਰਾਈਵੇਟ ਲਿਮਿਟਡ, 46 ਸੁੰਦਰ ਨਗਰ, ਲਾਲ ਬਾਗ (ਐਮ ਬੀ ਡੀ ਨਿਓਪੋਲਸ ਮਾਲ ਦੇ ਪਿੱਛੇ) ਫਿਰੋਜ਼ਪੁਰ ਰੋਡ ਲੁਧਿਆਣਾ ਨਾਲ ਸਿਰੇ ਚੜਿਆ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਡਾਕਟਰ ਸੀਡਜ਼ ਦੇ ਖੋਜ ਅਤੇ ਉਤਪਾਦਨ ਕੁਆਰਡੀਨੇਟਰ ਸ੍ਰੀ ਅਰੁਨ ਕੁਮਾਰ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਡਾ. ਬੈਂਸ ਨੇ ਸੰਬੰਧਿਤ ਫਰਮ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਸਬਜ਼ੀਆਂ ਦੀਆਂ ਉਨਤ ਕਿਸਮਾਂ ਦੇ ਵਪਾਰੀਕਰਨ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ ।

ਪ੍ਰਸਿੱਧ ਸਬਜ਼ੀ ਵਿਗਿਆਨੀ ਅਤੇ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਕੱਦੂ ਦੀ ਹਾਈਬ੍ਰਿਡ ਕਿਸਮ ਪੀ ਪੀ ਐਚ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਤੁੜਾਈ ਪਨੀਰੀ ਲਾਉਣ ਤੋਂ 45 ਦਿਨਾਂ ਬਾਅਦ ਹੋ ਸਕਦੀ ਹੈ। ਇਸ ਕਿਸਮ ਦੇ ਪੌਦੇ ਝਾੜੀਨੁਮਾ ਅਤੇ ਫਲ ਛੋਟੇ ਅਕਾਰ ਦੇ, ਹਰੇ ਰੰਗ ਦੇ ਅਤੇ ਗਾਹਕਾਂ ਵੱਲੋਂ ਪਸੰਦ ਕੀਤੇ ਜਾਣ ਵਾਲੇ ਹੁੰਦੇ ਹਨ। ਗਾਜਰਾਂ ਦੀ ਕਿਸਮ ਪੀ ਸੀ-161 ਬਾਰੇ ਗੱਲ ਕਰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਕਿਸਮ 90 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

ਗੂੜ੍ਹੇ ਲਾਲ ਰੰਗ ਦੀਆਂ ਗਾਜਰਾਂ ਲੰਮੀਆਂ, ਮਿੱਠੀਆਂ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਰਸਦਾਰ ਹੁੰਦੀਆਂ ਹਨ। ਇਸਦਾ ਔਸਤ ਝਾੜ 640 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੁੰਦਾ ਹੈ। ਸਹਾਇਕ ਸਬਜ਼ੀ ਕਿਸਮ ਸੁਧਾਰਕ ਡਾ. ਸੇਲੇਸ਼ ਜਿੰਦਲ ਨੇ ਮਿਰਚਾਂ ਦੀ ਕਿਸਮ ਸੀ ਐਚ-27 ਬਾਰੇ ਗੱਲ ਕਰਦਿਆਂ ਕਿਹਾ ਕਿ ਵੱਧ ਝਾੜ ਵਾਲੀ ਇਹ ਕਿਸਮ ਪੱਤਾ ਮਰੋੜ ਵਿਸ਼ਾਣੂੰ ਅਤੇ ਫ਼ਲਾਂ ਦੇ ਗਾਲੇ ਅਤੇ ਜੜ੍ਹਾਂ ਦੀਆਂ ਗੰਢਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ । ਇਸਦੇ ਪੌਦੇ ਫੈਲਾਅਦਾਰ ਅਤੇ ਲੰਮੇ ਸਮੇਂ ਤੱਕ ਫ਼ਲ ਦੇਣ ਵਾਲੇ ਹੁੰਦੇ ਹਨ। ਫ਼ਲ ਫਿੱਕੇ ਹਰੇ ਰੰਗ ਦੇ, ਲੰਮੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ ।

ਮਿਰਚ ਪਾਊਡਰ ਅਤੇ ਪ੍ਰੋਸੈਸਿੰਗ ਲਈ ਇਹ ਕਿਸਮ ਬੇਹੱਦ ਢੁੱਕਵੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਕਿਸਮ ਨੂੰ ਉਤਰ-ਪੱਛਮ ਭਾਰਤ ਦੇ ਕਿਸਾਨਾਂ ਨੇ ਵੱਡੀ ਪੱਧਰ ਤੇ ਅਪਨਾਇਆ ਅਤੇ ਪ੍ਰਵਾਨ ਕੀਤਾ ਹੈ। ਤਕਨਾਲੋਜੀ ਵਪਾਰੀਕਰਨ ਸੈਲ ਦੇ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 55 ਤਕਨੀਕਾਂ ਦੇ ਵਪਾਰੀਕਰਨ ਲਈ 230 ਸਮਝੌਤੇ ਕੀਤੇ ਹਨ।