ਆਖ਼ਰ ਕਦੋਂ ਸ਼ੁਰੂ ਹੋਣਗੀਆਂ ਪੰਜਾਬ 'ਚ ਖੰਡ ਮਿੱਲਾਂ? 5 ਨਵੰਬਰ ਤੋਂ ਚਾਲੂ ਕਰਨ ਦਾ ਸੀ ਵਾਅਦਾ ਪਰ ਸਥਿਤੀ ਜਿਉਂ ਦੀ ਤਿਉਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਗੰਨੇ ਦੀ ਕਟਾਈ 'ਚ ਦੇਰੀ ਅਗਲੀਆਂ ਫਸਲਾਂ ਨੂੰ ਵੀ ਕਰੇਗੀ ਪ੍ਰਭਾਵਿਤ : ਕਿਸਾਨ

Sugar Mill

ਜਲੰਧਰ: ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਮਗਰੋਂ ਵੀ ਪੰਜਾਬ ਵਿਚ ਖੰਡ ਮਿੱਲਾਂ ਅਜੇ ਤੱਕ ਸ਼ੁਰੂ ਨਹੀਂ ਹੋਈਆਂ ਹਨ। ਜਦੋਂ ਕਿਸਾਨਾਂ ਨੇ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਜਲੰਧਰ ਵਿਚ ਹਾਈਵੇਅ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਤਾਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ 1 ਨਵੰਬਰ ਤੋਂ ਮਿੱਲਾਂ ਚਾਲੂ ਕਰ ਦਿੱਤੀਆਂ ਜਾਣਗੀਆਂ ਪਰ ਇਸ ਵਿਚਕਾਰ ਤਰੀਕ 4 ਤੋਂ 5 ਨਵੰਬਰ ਹੋ ਗਈ। ਹੁਣ ਸਥਿਤੀ ਇਹ ਹੈ ਕਿ 20 ਦਿਨ ਹੋਰ ਬੀਤ ਜਾਣ ਤੋਂ ਬਾਅਦ ਵੀ ਮਿੱਲਾਂ ਚਾਲੂ ਨਹੀਂ ਹੋਈਆਂ ਹਨ। ਖੰਡ ਮਿੱਲਾਂ ਨੂੰ ਲੈ ਕੇ ਹੁਣ ਕਿਸਾਨਾਂ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ ਹੈ।


ਪੰਜਾਬ ਵਿੱਚ ਇੱਕ-ਦੁੱਕਾ ਖੰਡ ਮਿੱਲਾਂ ਨੂੰ ਛੱਡ ਕੇ ਸਾਰੇ ਸੂਬੇ ਦੀਆਂ ਖੰਡ ਮਿੱਲਾਂ ਦੇ ਨਾ ਚੱਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਗੰਨੇ ਦੀ ਵਾਢੀ ਨਹੀਂ ਕਰਦੇ, ਉਦੋਂ ਤੱਕ ਉਹ ਖੇਤਾਂ ਵਿਚ ਕਣਕ ਦੀ ਬਿਜਾਈ ਨਹੀਂ ਕਰ ਸਕਣਗੇ। ਗੰਨੇ ਦੀ ਫ਼ਸਲ ਵੱਢਣ ਤੋਂ ਬਾਅਦ ਵੀ ਉਹਨਾਂ ਨੂੰ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨੇ ਪੈਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਗੰਨੇ ਦੀ ਕਟਾਈ ਵਿਚ ਦੇਰੀ ਹੋਣ ਕਾਰਨ ਉਨ੍ਹਾਂ ਦੀਆਂ ਅਗਲੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਣਗੀਆਂ।


ਬੇਸ਼ੱਕ ਗੰਨਾ ਮਿੱਲਾਂ ਅਜੇ ਚਾਲੂ ਨਹੀਂ ਹੋਈਆਂ ਪਰ ਕੁਝ ਕਿਸਾਨਾਂ ਨੇ ਮਿੱਲਾਂ ਚਾਲੂ ਹੋਣ ਦੀ ਆਸ ’ਤੇ ਕਣਕ ਦੀ ਬਿਜਾਈ ਕਰਨ ਲਈ ਗੰਨੇ ਦੀ ਫ਼ਸਲ ਕੱਟ ਦਿੱਤੀ। ਪਰ ਹੁਣ ਤੱਕ ਮਿੱਲਾਂ ਨਾ ਚੱਲਣ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਗੰਨੇ ਨੂੰ ਕੱਟਣ ਤੋਂ ਬਾਅਦ ਇਸ ਤਰ੍ਹਾਂ ਪਿਆ ਛੱਡ ਦਿੱਤਾ ਜਾਵੇਗਾ ਤਾਂ ਉਸ ਦਾ ਭਾਰ ਵੀ ਘੱਟ ਜਾਵੇਗਾ ਅਤੇ ਗੁਣਵੱਤਾ ਵੀ ਡਿੱਗ ਜਾਵੇਗੀ। ਇੱਕ ਤਾਂ ਫਸਲ ਦਾ ਵਜ਼ਨ ਘੱਟ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋਵੇਗਾ ਅਤੇ ਦੂਜਾ ਜੇਕਰ ਗੁਣਵੱਤਾ ਵਿਚ ਗਿਰਾਵਟ ਆਵੇਗੀ ਤਾਂ ਕੀਮਤ ਵੀ ਘੱਟ ਮਿਲੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ।


ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਖੰਡ ਮਿੱਲਾਂ ਨੂੰ ਵਾਅਦੇ ਮੁਤਾਬਕ ਨਾ ਚਲਾਉਣ ਪਿੱਛੇ ਸਰਕਾਰ ਦੀ ਚਾਲ ਹੈ। ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਖੰਡ ਮਿੱਲਾਂ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਮਿੱਲਾਂ ਦੇ ਦੇਰੀ ਨਾਲ ਚੱਲਣ ਕਾਰਨ ਗੰਨੇ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ ਅਤੇ ਇਸ ਦਾ ਰੇਟ ਵੀ ਘਟੇਗਾ। ਮਿੱਲਾਂ ਸਸਤੇ ਰੇਟ 'ਤੇ ਗੰਨੇ ਦੀ ਲਿਫਟਿੰਗ ਕਰਨਗੀਆਂ। ਸਰਕਾਰ ਇਹ ਸਭ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਰ ਰਹੀ ਹੈ।


ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਅਜੇ ਵੀ ਖੇਤਾਂ ਵਿੱਚ ਖੜ੍ਹੀ ਹੈ। ਠੰਡ ਦਿਨੋ ਦਿਨ ਵਧਦੀ ਜਾ ਰਹੀ ਹੈ। ਕਿਸਾਨ ਦਸੰਬਰ ਦੇ ਠੰਢੇ ਮੌਸਮ ਵਿਚ ਵੀ ਬੀਜੇ ਤਾਂ ਵੀ ਕਣਕ ਦਾ ਝਾੜ ਨਹੀਂ ਨਿਕਲੇਗਾ। ਖੇਤਾਂ ਵਿੱਚੋਂ ਗੰਨੇ ਦੀ ਕਟਾਈ ਨਾ ਹੋਣ ਕਾਰਨ ਦੁੱਗਣਾ ਨਹੀਂ ਸਗੋਂ ਚੌਗੁਣਾ ਨੁਕਸਾਨ ਹੋਇਆ ਹੈ।