ਹਲਦੀ ਦੀ ਕਾਸ਼ਤ ਕਰ ਕੇ ਲੋਕਾਂ ਲਈ ਮਿਸਾਲ ਬਣੇ ਨੰਬਰਦਾਰ ਜਗਮੋਹਨ ਸਿੰਘ
ਮੋਗਾ ਦੇ ਫਤਿਹਗੜ੍ਹ ਪੰਜਤੂਰ ਨਾਲ ਸਬੰਧਿਤ ਹੈ ਕਿਸਾਨ
ਫ਼ਤਿਹਗੜ੍ਹ ਪੰਜਤੂਰ (ਕੁਲਦੀਪ ਗਰੋਵਰ) : ਪਿੰਡ ਦੇ ਪ੍ਰਗਤੀਸ਼ੀਲ ਕਿਸਾਨ ਅਤੇ ਨੰਬਰਦਾਰ ਜਗਮੋਹਨ ਸਿੰਘ ਪਿਛਲੇ 10 ਸਾਲਾਂ ਤੋਂ ਔਰਗੈਨਿਕ ਢੰਗ ਨਾਲ ਹਲਦੀ ਦੀ ਕਾਸ਼ਤ ਕਰਦੇ ਆ ਰਹੇ ਹਨ ਅਤੇ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਰਣਾ ਬਣੇ ਹੋਏ ਹਨ। ਜਦੋਂ ਜ਼ਿਆਦਾਤਰ ਕਿਸਾਨ ਰਵਾਇਤੀ ਫ਼ਸਲਾਂ ਵਲ ਰੁਝਾਨ ਰੱਖਦੇ ਹਨ, ਉਸ ਵੇਲੇ ਜਗਮੋਹਨ ਸਿੰਘ ਨੇ ਨਵੀਂ ਸੋਚ ਨਾਲ ਹਲਦੀ ਵਰਗੀ ਨਕਦੀ ਫ਼ਸਲ ਨੂੰ ਚੁਣਿਆ ਅਤੇ ਰਸਾਇਣਕ ਖਾਦਾਂ ਤੋਂ ਬਿਨਾਂ ਕੁਦਰਤੀ ਢੰਗ ਨਾਲ ਖੇਤੀ ਸ਼ੁਰੂ ਕੀਤੀ।
ਹਲਦੀ ਦੀਆਂ ਗੰਡੀਆਂ ਨੂੰ ਉਬਾਲਣ ਸਮੇਂ ਉਨ੍ਹਾਂ ਦਸਿਆ ਕਿ ਸ਼ੁਰੂਆਤੀ ਦੌਰ ਵਿਚ ਮੁਸ਼ਕਲਾਂ ਆਈਆਂ ਪਰ ਮਿਹਨਤ, ਸਹੀ ਜਾਣਕਾਰੀ ਅਤੇ ਕੁਦਰਤੀ ਖਾਦਾਂ ਦੀ ਵਰਤੋਂ ਨਾਲ ਉਨ੍ਹਾਂ ਨੇ ਵਧੀਆ ਪੈਦਾਵਾਰ ਹਾਸਲ ਕੀਤੀ। ਅੱਜ ਉਨ੍ਹਾਂ ਦੀ ਔਰਗੈਨਿਕ ਹਲਦੀ ਨੂੰ ਬਾਜ਼ਾਰ ਵਿਚ ਚੰਗੀ ਮੰਗ ਮਿਲ ਰਹੀ ਹੈ ਅਤੇ ਵਧੀਆ ਕੀਮਤ ਵੀ ਪ੍ਰਾਪਤ ਹੋ ਰਹੀ ਹੈ।
ਜਗਮੋਹਨ ਸਿੰਘ ਨੇ ਕਿਹਾ ਕਿ ਔਰਗੈਨਿਕ ਖੇਤੀ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ, ਸਗੋਂ ਸਿਹਤ ਲਈ ਵੀ ਲਾਭਕਾਰੀ ਉਤਪਾਦ ਤਿਆਰ ਹੁੰਦੇ ਹਨ। ਉਹ ਹੋਰ ਕਿਸਾਨਾਂ ਨੂੰ ਵੀ ਰਵਾਇਤੀ ਖੇਤੀ ਦੇ ਨਾਲ-ਨਾਲ ਨਕਦੀ ਅਤੇ ਔਰਗੈਨਿਕ ਫ਼ਸਲਾਂ ਵਲ ਧਿਆਨ ਦੇਣ ਦੀ ਅਪੀਲ ਕਰਦੇ ਹਨ ਅਤੇ ਸਰਕਾਰ ਤੋਂ ਵੀ ਮੰਗ ਕਰਦੇ ਹਨ ਕਿ ਅਜਿਹੀਆਂ ਫ਼ਸਲਾਂ ਦੇ ਨਿਰਧਾਰਤ ਰੇਟ ਤੈਅ ਕਰਨ ਦੇ ਨਾਲ ਨਾਲ ਮੰਡੀਕਰਨ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਜਾਵੇ।