ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਜਾਨ ਦਿਤੀ
ਉਸ ਨੇ ਬੈਂਕਾਂ ਅਤੇ ਆੜ੍ਹਤੀ ਕੋਲੋਂ ਵੀ ਵਿਆਜ 'ਤੇ ਪੈਸੇ ਲਏ ਹੋਏ ਸਨ।
Farmer Suicides
ਗੁਰਦਾਸਪੁਰ/ ਗਾਹਲੜੀ : ਸਰਹੱਦੀ ਪਿੰਡ ਮੱਦੇਪੁਰ ਦੇ 45 ਸਾਲਾ ਕਰਜ਼ਾਈ ਕਿਸਾਨ ਜਸਵੰਤ ਸਿੰਘ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਕੇ ਜਾਨ ਦੇ ਦਿਤੀ। ਉਸ ਨੇ ਬੈਂਕਾਂ ਅਤੇ ਆੜ੍ਹਤੀ ਕੋਲੋਂ ਵੀ ਵਿਆਜ 'ਤੇ ਪੈਸੇ ਲਏ ਹੋਏ ਸਨ। ਜਸਵੰਤ ਸਿੰਘ ਦੇ ਬੇਟੇ ਹਰਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਕੁਲ 7 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦਾ ਮਾਨਸਿਕ ਬੋਝ ਨਹੀਂ ਝੱਲ ਸਕਿਆ। ਉਸ ਨੇ ਆੜ੍ਹਤੀ ਕੋਲੋਂ ਢਾਈ ਲੱਖ ਰੁਪਏ,
ਕੋਆਪ੍ਰੇਟਿਵ ਸੁਸਾਇਟੀ ਤੋਂ ਡੇਢ ਲੱਖ ਰੁਪਏ, ਸਟੇਟ ਬੈਕ ਆਫ਼ ਇੰਡੀਆ ਕੋਲੋਂ ਦੋ ਲੱਖ ਰੁਪਏ ਅਤੇ ਪੰਜਾਬ ਐਂਡ ਸਿੰਧ ਬੈਂਕ ਤੋਂ ਇਕ ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ। ਹਰਵਿੰਦਰ ਸਿੰਘ ਨੇ ਦਸਿਆ ਕਿ ਕਲ ਸ਼ਾਮ ਜਦ ਉਸ ਨੇ ਉਲਟੀਆਂ ਕਰਨ ਦੀ ਆਵਾਜ਼ ਸੁਣੀ ਤਾਂ ਉਹ ਪਿਤਾ ਦੇ ਕਮਰੇ ਵਿਚ ਗਿਆ। ਪਿਤਾ ਨੇ ਦਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ। ਤੁਰਤ ਉਨ੍ਹਾਂ ਨੂੰ ਗੁਰਦਾਸਪੁਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।