ਰਸਾਇਣਿਕ ਖੇਤੀ ਦੇ ਨੁਕਸਾਨ ਕਾਰਨ ਕਿਸਾਨ ਆਪਣੀ ਫ਼ਸਲ ਵੇਚਦੇ ਹਨ ਪਰ ਖ਼ੁਦ ਨਹੀਂ ਖਾਂਦੇ - ਤੋਮਰ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਹਾ, ਮੌਜੂਦਾ ਸਮੇਂ ’ਚ ਕਰੀਬ 38 ਲੱਖ ਹੈਕਟੇਅਰ ਰਕਬਾ ਆਰਗੈਨਿਕ ਖੇਤੀ ਹੇਠ ਲਿਆਂਦਾ ਜਾ ਚੁੱਕਿਆ ਹੈ 

narendra singh tomar

'ਨੀਤੀ ਆਯੋਗ ਕੁਦਰਤੀ ਖੇਤੀ ਬਾਰੇ ਖਾਕਾ ਤਿਆਰ ਕਰੇਗਾ'
ਨਵੀਂ ਦਿੱਲੀ :
 ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਸੈਕਟਰ ਵਿਚ ਸੁਧਾਰ ਲਿਆਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਨੁਕਸਾਨਦਾਇਕ ਹੈ ਜਿਸ ਕਾਰਨ ਪੰਜਾਬ ਦਾ ਕਿਸਾਨ ਆਪਣੀ ਬੀਜੀ ਫ਼ਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਖ਼ੁਦ ਇਸ ਦੀ ਵਰਤੋਂ ਨਹੀਂ ਕਰਦਾ ਹੈ। ਤੋਮਰ ਨੇ ਕਿਹਾ ਕਿ ਕੁਦਰਤੀ ਤਰੀਕੇ ਅਪਣਾ ਕੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ। 

ਦੱਸ ਦੇਈਏ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਿਵੇਕਲੀ ਖੇਤੀ ਬਾਰੇ ਕੌਮੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਵਿਚ ਆ ਰਹੀਆਂ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਢੰਗ-ਤਰੀਕਿਆਂ ਖਾਸ ਕਰਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਬਾਦੀ ਦਾ ਵੱਡਾ ਫ਼ੀਸਦੀ ਹਿੱਸਾ ਆਪਣੀ ਰੋਜ਼ੀ ਰੋਟੀ ਲਈ ਅੱਜ ਵੀ ਖੇਤੀ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਸ ਕਾਰਨ ਕਰ ਕੇ ਹੀ ਦੇਸ਼ ’ਚ ਖੇਤੀ ਨੂੰ ਬਚਾਉਣ ਦੀ ਲੋੜ ਹੈ।

ਅੱਗੇ ਬੋਲਦਿਆਂ ਮੰਤਰੀ ਤੋਮਰ ਨੇ ਕੁਦਰਤੀ ਖੇਤੀ ਅਪਣਾਉਣ ਦੇ ਕਾਰਨਾਂ ਦਾ ਹਵਾਲਾ ਦਿਤਾ ਅਤੇ ਉਨ੍ਹਾਂ ਕਿਹਾ ਕਿ ਰਸਾਇਣਾਂ ਨਾਲ ਖੇਤੀ 1950 ਦੇ ਦਹਾਕੇ ’ਚ ਹਰੇ ਇਨਕਲਾਬ ਦੌਰਾਨ ਸ਼ੁਰੂ ਕੀਤੀ ਗਈ ਸੀ। ਰਸਾਇਣਕ ਖੇਤੀ ਨਾਲ ਦੇਸ਼ ’ਚ ਵਾਧੂ ਅਨਾਜ ਤਾਂ ਪੈਦਾ ਹੋ ਗਿਆ ਸੀ ਪਰ ਖੇਤੀ ਦੇ ਇਸ ਤਰੀਕੇ ਦਾ ਮਾੜਾ ਅਸਰ ਮਿੱਟੀ, ਪਾਣੀ ਅਤੇ ਆਲਮੀ ਤਪਸ਼ ’ਤੇ ਪਿਆ। 

ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀਬਾੜੀ ਦੇ ਇਸ ਢੰਗ ਯਾਨੀ ਰਸਾਇਣਕ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ’ਚ ਸਹਾਇਤਾ ਕੀਤੀ ਪਰ ਇਸ ਦੀ ਹੱਦ ਹੁੰਦੀ ਹੈ। ਦੇਸ਼ ਦਾ ਕਿਸਾਨ ਆਮਦਨ ਕਮਾ ਸਕਦਾ ਹੈ ਪਰ ਉਹ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਹੁਣ ਭਾਰੀ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਅਜਿਹੇ ਇਲਾਕਿਆਂ ’ਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਥੇ ਫ਼ਸਲਾਂ ਉਗਾਉਣ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੋਈ ਜਾਂ ਬਹੁਤ ਘੱਟ ਵਰਤੋਂ ਹੁੰਦੀ ਹੈ। 

ਮੰਤਰੀ ਮੁਤਾਬਕ ਮੌਜੂਦਾ ਸਮੇਂ ’ਚ ਕਰੀਬ 38 ਲੱਖ ਹੈਕਟੇਅਰ ਰਕਬਾ ਆਰਗੈਨਿਕ ਖੇਤੀ ਹੇਠ ਲਿਆਂਦਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਦੀ ਉਪ ਯੋਜਨਾ ਤਹਿਤ ਕਰੀਬ 4 ਲੱਖ ਹੈਕਟੇਅਰ ਰਕਬਾ ਕੁਦਰਤੀ ਖੇਤੀ ਹੇਠ ਹੈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੇ ਗੁਜਰਾਤ ਦੇ ਕੁਝ ਹਿੱਸੇ ’ਚ ਕੁਦਰਤੀ ਖੇਤੀ ਹੋ ਰਹੀ ਹੈ। ਤੋਮਰ ਨੇ ਕਿਹਾ ਕਿ ਨੀਤੀ ਆਯੋਗ ਕੁਦਰਤੀ ਖੇਤੀ ਬਾਰੇ ਖਾਕਾ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਖ਼ਦਸ਼ਾ ਹੈ ਕਿ ਕੁਦਰਤੀ ਖੇਤੀ ਕਰਨ ਨਾਲ ਫ਼ਸਲ ਦਾ ਝਾੜ ਘਟੇਗਾ ਪਰ ਅਜਿਹੇ ਲੋਕਾਂ ਨੂੰ ਕੁਦਰਤੀ ਖੇਤੀ ਦੀਆਂ ਸਫ਼ਲ ਕਹਾਣੀਆਂ ਵੱਲ ਗ਼ੌਰ ਕਰਨਾ ਚਾਹੀਦਾ ਹੈ।