20 ਜੂਨ ਤੋਂ ਝੋਨਾ ਲਾਉਣ ਦਾ ਫ਼ੁਰਮਾਨ ਕਰਜ਼ਈ ਕਿਸਾਨਾਂ 'ਤੇ ਪਿਆ ਭਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿੱਚ ਐਤਕੀਂ ਪਰਵਾਸੀ ਮਜ਼ਦੂਰਾਂ ਘਾਟ ਕਾਰਨ ਝੋਨੇ ਦੀ ਲਵਾਈ ਪੱਛੜ ਰਹੀ ਹੈ। ਮਜ਼ਦੂਰਾਂ ਤੋਂ ਸਮੇਂ ਸਿਰ ਪੁੱਜਣ ਦਾ ਵਾਅਦਾ ਲੈ ਕੇ ਐਡਵਾਂਸ.....

Farmer showing land prepared for paddy

ਸ਼ੁਤਰਾਣਾ : ਪੰਜਾਬ ਵਿੱਚ ਐਤਕੀਂ ਪਰਵਾਸੀ ਮਜ਼ਦੂਰਾਂ ਘਾਟ ਕਾਰਨ ਝੋਨੇ ਦੀ ਲਵਾਈ ਪੱਛੜ ਰਹੀ ਹੈ। ਮਜ਼ਦੂਰਾਂ ਤੋਂ ਸਮੇਂ ਸਿਰ ਪੁੱਜਣ ਦਾ ਵਾਅਦਾ ਲੈ ਕੇ ਐਡਵਾਂਸ ਪੈਸੇ ਭੇਜਣ ਵਾਲੇ ਕਿਸਾਨ ਠੱਗੇ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਬੁਹਤੇ ਮਜ਼ਦੂਰਾਂ ਨੇ ਕਿਸਾਨਾਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ। ਓਧਰ ਕਿਸਾਨਾਂ ਦੀ ਝੋਨੇ ਦੀ ਪਨੀਰੀ ਪੱਕਣ ਲੱਗੀ ਹੈ। ਪੰਜਾਬ ਵਿੱਚ ਲੇਬਰ ਸੰਕਟ ਏਨਾ ਡੂੰਘਾ ਹੋ ਗਿਆ ਹੈ ਕਿ ਰੇਲ ਜੰਕਸ਼ਨਾਂ 'ਤੇ ਪਰਵਾਸੀ ਮਜ਼ਦੂਰਾਂ ਦੀ ਦਿਹਾੜੀ ਦੀ ਬੋਲੀ ਲੱਗਦੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ 20 ਜੂਨ ਤੋਂ ਝੋਨਾ ਲਾਉਣ ਦਾ ਜਾਰੀ ਕੀਤਾ ਫਰਮਾਨ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲਦੇ ਕਿਸਾਨਾਂ ਉਤੇ ਹੁਣੇ ਤੋਂ ਭਾਰੀ ਪੈ ਰਿਹਾ ਹੈ ਜਦੋਂਕਿ ਝੋਨਾ ਪੱਕਣ ਉਪਰੰਤ ਝੋਨੇ ਵਿੱਚਲੀ ਜ਼ਿਆਦਾ ਨਮੀਂ ਹੋਣ ਕਰਨ ਕਿਸਾਨਾਂ ਦੀ ਲੁੱੱਟ ਹੋਣੀ ਯਕੀਨੀ ਹੈ। ਬਠਿੰਡਾ, ਮਲੋਟ, ਪਟਿਆਲਾ, ਲੁਧਿਆਣਾ, ਖੰਨਾ, ਜਾਖੜ ਅਤੇ ਅੰਬਾਲਾ ਦੇ ਰੇਲਵੇ ਸਟੇਸ਼ਨ 'ਤੇ ਰਾਤ ਨੂੰ ਕਿਸਾਨਾਂ ਦੀ ਭੀੜ ਨਜ਼ਰ ਆਉਂਦੀ ਹੈ। ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਫ਼ੈਸਲਾ ਹੁਣ ਕਿਸਾਨਾਂ ਦੇ ਹਾੜੇ ਕਢਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਪਿੰਡ ਖ਼ਾਲੀ ਹੋ ਗਏ ਹਨ ਅਤੇ ਖੇਤਾਂ ਵਿੱਚ ਰੌਣਕਾਂ ਲੱਗ ਗਈਆਂ ਹਨ।

ਬਿਹਾਰ ਤੇ ਉਤਰ ਪ੍ਰਦੇਸ਼ ਵਿੱਚੋਂ ਹਰ ਵਰ੍ਹੇ ਸੀਜ਼ਨ ਦੌਰਾਨ ਪਰਵਾਸੀ ਮਜ਼ਦੂਰ ਪੂਰੇ ਪੰਜਾਬ ਵਿੱਚ ਪੁੱਜਦੇ ਹਨ ਪਰ ਐਤਕੀਂ ਪੁੱਜਣ ਵਾਲੇ ਮਜ਼ਦੂਰ ਕਾਫੀ ਘੱਟ ਹਨ। 
ਮਾਲਵਾ ਖ਼ਿੱਤੇ 'ਚੋਂ ਸੈਂਕੜੇ ਕਿਸਾਨ ਅੰਬਾਲਾ ਅਤੇ ਜਾਖੜ ਦੇ ਰੇਲਵੇ ਸਟੇਸ਼ਨਾਂ 'ਤੇ ਵੀ ਰਾਤਾਂ ਕੱਟ ਰਹੇ ਹਨ। ਪਰ ਉਨ੍ਹਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ। ਪਿੰਡ ਉਗੋਕੇ ਦਾ ਕਿਸਾਨ ਅੰਬਾਲ ਦੇ ਰੇਲ ਜੰਕਸ਼ਨ ਉਤੇ ਮਜ਼ਦੂਰਾਂ ਦੀ ਉਡੀਕ ਕਰਦਾ ਦੋ ਤਿੰਨ ਦਿਨਾਂ ਮਗਰੋਂ ਖਾਲੀ ਹੱਥ ਮੁੜਿਆਂ ਹੈ।

ਪਿੰਡ ਸਿਉਨਾਂ ਕਾਠ ਦੇ ਕਿਸਾਨ ਸੁਰਜੀਤ ਸਿੰਘ ਮਾਹਲ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡਾਂ ਵਿਚਲੇ ਮਜ਼ਦੂਰ ਪੱਲਾ ਨਹੀਂ ਫੜਾ ਰਹੇ ਜਦੋਂ ਕਿ ਉਨ੍ਹਾਂ ਵੱਲੋਂ 12 ਏਕੜ ਜ਼ਮੀਨ ਝੋਨਾ ਲਾਉਣ ਲਈ ਤਿਆਰ ਕੀਤੀ ਹੋਈ ਹੈ। ਲੇਬਰ ਦੀ ਘਾਟ ਕਾਰਨ ਤਿਆਰ ਕੀਤੀਆਂ ਪੈਲੀਆਂ ਸੁਕ ਰਹੀਆਂ ਹਨ। ਪਿੰਡ ਸ਼ੁਟਰਾਣਾ ਦੇ ਕਿਸਾਨ ਜਸਵਿਂਦਰ ਸਿੰਘ ਨੇ ਦੱਸਿਆ ਹੈ ਕਿ ਦਸ ਹਜ਼ਾਰ ਰੁਪਏ ਐਡਵਾਂਸ ਉਨ੍ਹਾਂ ਦੇ ਖਾਤੇ ਵਿੱਚ ਪਾਕੇ ਬਿਹਾਰ ਤੋਂ ਲਿਆਂਦੇ ਮਜ਼ਦੂਰ ਉਨ੍ਹਾਂ ਉਤੇ ਹੁਕਮ ਚਲਾਉਂਦੇ ਹਨ। ਪਹਿਲਾਂ ਸਾਰੇ ਮਜ਼ਦੂਰਾਂ ਦੇ ਮੋਬਾਈਲ ਰੀਚਾਰਜ ਕਰਾਏ, ਫਿਰ ਸ਼ਾਮ ਨੂੰ ਸ਼ਰਾਬ ਤੇ ਮੀਟ ਆਦਿ ਦਾ ਪ੍ਰਬੰਧ ਕਰਕੇ ਦਿੱਤਾ।

ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰ 2500 ਤੋਂ 3000 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਲੈ ਰਹੇ ਹਨ। ਮਜ਼ਦੂਰਾ ਦੀ ਘਾਟ ਕਰਕੇ ਪ੍ਰਤੀ ਏਕੜ ਲਵਾਈ ਠੇਕਾ 4200 ਰੁਪਏ ਤੱਕ ਪੁੱਜਦਾ ਨਜ਼ਰ ਆ ਰਿਹਾ ਹੈ।