ਖ਼ਤਮ ਹੋਈ ਕਿਸਾਨਾਂ ਦੀ ਸਿਰਦਰਦੀ, ਸੁਚੱਜੇ ਢੰਗ ਨਾਲ ਹੋਵੇਗਾ ਪਰਾਲੀ ਦਾ ਨਿਪਟਾਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਰਾਲੀ ਤੋਂ ਬਣੀ ਜੈਵਿਕ ਖਾਦ ਨਾਲ ਵਧੇਗੀ ਜ਼ਮੀਨ ਦੀ ਉਪਜਾਊ ਸ਼ਕਤੀ, ਪਰਾਲੀ ਦੇ ਨਿਪਟਾਰੇ ਦੌਰਾਨ ਨਿਕਲਣ ਵਾਲੀਆਂ ਗੈਸਾਂ ਦੀ ਮਦਦ ਨਾਲ ਬਣਾਈ ਜਾ ਰਹੀ ਹੈ ਬਿਜਲੀ

Punjab News

ਪੰਜਾਬ ਵਿਚ ਵਧੇਗਾ ਰੁਜ਼ਗਾਰ ਅਤੇ ਫ਼ਸਲਾਂ ਦਾ ਮਿਆਰ : ਇੰਜੀ. ਸੰਜੀਵ ਨਾਗਪਾਲ
ਫ਼ਾਜ਼ਿਲਕਾ  (ਕੋਮਲਜੀਤ ਕੌਰ, ਅਵਤਾਰ ਸਿੰਘ):
ਪਰਾਲੀ ਦਾ ਮੁੱਦਾ ਅੱਜਕਲ ਇਕ ਅਹਿਮ ਮੁੱਦਾ ਹੈ। ਪਰਾਲੀ ਨੂੰ ਸਾੜਨ ਕਾਰਨ ਪੈਦਾ ਹੋਣ ਵਾਲਾ ਧੂੰਆਂ ਵਾਤਾਵਰਣ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦਾ ਹੈ ਅਤੇ ਪਰਾਲੀ ਦਾ ਨਿਪਟਾਰਾ ਕਿਸਾਨਾਂ ਲਈ ਵੱਡੀ ਸਿਰਦਰਦੀ ਵੀ ਹੈ। ਇਸ ਸੱਭ ਵਿਚਕਾਰ ਕਿਸਾਨਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਭਾਰਤ ਅਤੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਸੰਪੂਰਨ ਅਗਰੀਵੈਂਚਰ ਤਹਿਤ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਨੂੰ ਸਿਰਫ਼ ਫ਼ਸਲ ਵੱਢਣ ਤਕ ਹੀ ਮੁਸ਼ਕਤ ਕਰਨੀ ਪਵੇਗੀ ਉਸ ਤੋਂ ਬਾਅਦ ਇਹ ਪਰਾਲੀ ਪਲਾਂਟ ਵਲੋਂ ਖ਼ਰੀਦੀ ਜਾਵੇਗੀ ਅਤੇ ਬਦਲੇ ਵਿਚ ਕਿਸਾਨਾਂ ਨੂੰ ਜੈਵਿਕ ਖਾਦ ਮੁਹਈਆ ਕਰਵਾਈ ਜਾਵੇਗੀ। ਇਸ ਖਾਦ ਦੀ ਵਰਤੋਂ ਕਰ ਕੇ ਕਿਸਾਨ ਜ਼ਹਿਰ ਮੁਕਤ ਫ਼ਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ।

ਆਖ਼ਰ ਇਹ ਪਲਾਂਟ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਕਿਸ ਤਰੀਕੇ ਨਾਲ ਕਿਸਾਨਾਂ ਲਈ ਮਦਦਗਾਰ ਹੋਵੇਗਾ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਇਸ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਇੰਜੀਨੀਅਰ ਸੰਜੀਵ ਨਾਗਪਾਲ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਪਲਾਂਟ ਦੀ ਰੋਜ਼ਾਨਾ 50 ਟਨ ਪਰਾਲੀ ਖਪਤ ਕਰਨ ਦੀ ਸਮਰੱਥਾ ਹੈ। ਸੰਜੀਵ ਨਾਗਪਾਲ ਨੇ ਦਸਿਆ ਕਿ ਉਨ੍ਹਾਂ ਨੇ ਇਹ ਪ੍ਰਾਜੈਕਟ 2015 ਵਿਚ ਸ਼ੁਰੂ ਕੀਤਾ ਸੀ। ਨਾਗਪਾਲ ਅਨੁਸਾਰ ਕਿਸੇ ਵੀ ਨਵੀਂ ਖੋਜ ਨੂੰ ਸਰਕਾਰੀ ਮਾਨਤਾ ਦੇਣ ਲਈ ਲੰਮੇ ਟ੍ਰਾਇਲ ਵਿਚੋਂ ਲੰਘਣਾ ਪੈਂਦਾ ਹੈ ਅਤੇ ਦੇਖਿਆ ਜਾਂਦਾ ਹੈ ਕਿ ਇਹ ਖੋਜ ਖੇਤੀ ਲਈ ਲਾਭਦਾਇਕ ਹੈ ਜਾਂ ਨੁਕਸਾਨਦਾਇਕ। ਸੱਭ ਤੋਂ ਪਹਿਲਾਂ ਯੂਨੀਵਰਸਿਟੀ ਵਲੋਂ ਚਾਰ ਸਾਲ ਤਕ ਇਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਦੇ ਲੰਮੇ ਸਮੇਂ ਦੌਰਾਨ ਹੋਣ ਵਾਲੇ ਪ੍ਰਭਾਵਾਂ ਦੀ ਪੜਤਾਲ ਕੀਤੀ ਜਾਂਦੀ ਹੈ। 

ਸਾਰੀਆਂ ਜਾਂਚਾਂ ਵਿਚ ਸਹੀ ਸਾਬਤ ਹੋਣ ਮਗਰੋਂ ਕਾਨੂੰਨੀ ਮਾਨਤਾ ਲਈ ਇਸ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਗਿਆ ਸੀ ਜਿਸ ਨੂੰ ਕਰੀਬ ਤਿੰਨ ਸਾਲ ਦਾ ਸਮਾਂ ਲੱਗਾ ਹੈ। ਜਾਣਕਾਰੀ ਅਨੁਸਾਰ ਕੇਂਦਰ ਵਲੋਂ ਇਸ ਪ੍ਰਾਜੈਕਟ ਨੂੰ ਮਾਨਤਾ ਮਿਲ ਚੁੱਕੀ ਹੈ ਅਤੇ ਦੇਸ਼ ਦੇ ਖੇਤੀਬਾੜੀ ਵਿਭਾਗਾਂ ਨੂੰ ਇਕ ਸਰਕੂਲਰ ਜਾਰੀ ਕਰ ਕੇ ਇਸ ਖਾਦ ਦੀ ਵਰਤੋਂ ਅਤੇ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਇੰਜੀਨੀਅਰ ਸੰਜੀਵ ਨਾਗਪਾਲ ਦਾ ਕਹਿਣਾ ਹੈ ਕਿ ਦਵਾਈਆਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰ ਕੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਪਰ ਦੇਸ਼ ਵਿਚ ਇਹ ਵਿਧੀ ਅਪਣਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਮੁੜ ਬਹਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਸਿਰਫ਼ ਪਰਾਲੀ ਦਾ ਹੀ ਪ੍ਰਬੰਧਨ ਨਹੀਂ ਸਗੋਂ ਗੋਹੇ ਅਤੇ ਹੋਰ ਰਹਿੰਦ-ਖੂਹੰਦ ਦਾ ਢੁਕਵਾਂ ਪ੍ਰਬੰਧ ਕਰ ਕੇ ਜੈਵਿਕ ਖਾਦ ਅਤੇ ਗੈਸਾਂ ਆਦਿ ਬਣਾਈਆਂ ਜਾ ਸਕਦੀਆਂ ਹਨ ਜਿਸ ਨਾਲ ਸਿਰਫ਼ ਕਿਸਾਨ ਹੀ ਨਹੀਂ ਸਗੋਂ ਹਰ ਕਿਸੇ ਨੂੰ ਇਸ ਦਾ ਲਾਭ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਸੋਨਾ ਗਾਇਬ ਹੋਣ ਦੀ ਖ਼ਬਰ ਵਿਚਕਾਰ ਨੇਪਾਲ ਦੇ ਪਸ਼ੂਪਤੀਨਾਥ ਮੰਦਰ ’ਚ ‘ਜਲਹਰੀ’ ਦਾ ਭਾਰ ਕੀਤਾ ਗਿਆ

ਨਾਗਪਾਲ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਤੋਂ ਸੀ.ਐਨ.ਜੀ. ਵੀ ਬਣਾਈ ਜਾਵੇਗੀ ਜਿਸ ਦੀ ਵਰਤੋਂ ਪਟਰੌਲ ਅਤੇ ਡੀਜ਼ਲ ਦੀ ਥਾਂ ਹੋਵੇਗੀ। ਜਿਵੇਂ-ਜਿਵੇਂ ਇਸ ਦਾ ਪ੍ਰਚਾਰ ਵਧੇਗਾ ਉਵੇਂ ਹੀ ਹੋਰ ਪ੍ਰਾਜੈਕਟ ਵੀ ਲਗਾਏ ਜਾਣਗੇ। ਪੰਜਾਬ ਵਿਚ ਇਸ ਵਕਤ ਪੰਜ ਹੋਰ ਪਲਾਂਟ ਲਗਾਏ ਜਾ ਰਹੇ ਹਨ ਅਤੇ 147 ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਅਜਿਹੇ ਪ੍ਰਾਜੈਕਟ ਲੱਗਣ ਨਾਲ ਜਿਥੇ ਸੂਬੇ ਵਿਚ ਰੁਜ਼ਗਾਰ ਵਧੇਗਾ ਉਥੇ ਹੀ ਫ਼ਸਲਾਂ ਦੇ ਮਿਆਰ ਵਿਚ ਵੀ ਵਾਧਾ ਹੋਵੇਗਾ।

ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪਰਾਲੀ ਦਾ ਨਿਪਟਾਰਾ?
ਖੇਤਾਂ ਵਿਚੋਂ ਲਿਆਂਦੀਆਂ ਗਈਆਂ ਪਰਾਲੀ ਦੀਆਂ ਭਰੀਆਂ ਮਸ਼ੀਨਾਂ ਰਾਹੀਂ ਪਹਿਲਾਂ ਬਾਰੀਕ ਕੀਤਾ ਜਾਂਦਾ ਹੈ ਅਤੇ ਫਿਰ ਅੱਗੇ ਪਾਣੀ ਨਾਲ ਮਿਲਾ ਕੇ ਡਾਈਜੈਸਟਰ ਵਿਚ ਕਰੀਬ 20 ਦਿਨ ਲਈ ਖ਼ਮੀਰ (ਫ਼ਰਮੈਂਟੇਸ਼ਨ) ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸੁੱਕੀ ਅਤੇ ਗਿੱਲੀ ਰਹਿੰਦ-ਖੂਹੰਦ ਨੂੰ ਅਲੱਗ ਕਰ ਲਿਆ ਜਾਂਦਾ ਹੈ ਅਤੇ ਕਰੀਬ 15 ਦਿਨ ਲਈ ਇਸ ਨੂੰ ਖੁਲ੍ਹੀ ਹਵਾ ਵਿਚ ਰਖਿਆ ਜਾਂਦਾ ਹੈ ਅਤੇ ਫਿਰ ਇਹ ਜੈਵਿਕ ਖਾਦ ਖੇਤਾਂ ਵਿਚ ਵਰਤੋਂ ਲਈ ਤਿਆਰ ਹੋ ਜਾਂਦੀ ਹੈ। ਇਸ ਮਿਸ਼ਰਣ ਵਿਚੋਂ ਨਿਕਲਣ ਵਾਲੀ ਗੈਸ ਨੂੰ ਇਕੱਠਾ ਕਰ ਕੇ ਬਿਜਲੀ ਬਣਾਉਣ ਲਈ ਵਰਤਿਆ ਜਾਂਦਾ ਹੈ।