ਕਿਸਾਨਾਂ ਨੂੰ ਫ਼ਸਲਾਂ, ਸਬਜ਼ੀਆਂ, ਦਾਲਾਂ, ਹਰੇ ਚਾਰੇ ਆਦਿ ਦੇ ਬੀਜ ਤਿਆਰ ਕਰਨ ਵੱਲ ਆਉਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਬੀਜ ਉਤਪਾਦਨ ਵਿਚ ਪੰਜਾਬ ਇਕ ਪਛੜਿਆ ਰਾਜ ਬਣ ਕੇ ਬੀਜ ਖਪਤਕਾਰ ਸੂਬਾ ਬਣ ਗਿਆ ਹੈ।

Farmers

 

ਪੰਜਾਬ ਦੇ ਕਿਸਾਨ ਵਲੋਂ ਖੇਤਾਂ ਵਿਚ ਬੀਜਾਂ ਦੀ ਪੈਦਾਵਾਰ ਕਰਨੀ ਛੱਡੇ ਜਾਣ ਪਿੱਛੋਂ ਬਹੁਤ ਗਿਣਤੀ ਕਿਸਾਨ ਫ਼ਸਲਾਂ, ਫੁੱਲ, ਫਲ, ਸਬਜ਼ੀਆਂ ਤਕ ਦੇ ਬੀਜਾਂ ਦੀ ਖ਼ਰੀਦ ਕਰਨ ਲਈ ਪ੍ਰਾਈਵੇਟ ਕੰਪਨੀਆਂ ’ਤੇ ਨਿਰਭਰ ਹੋ ਚੁੱਕਿਆ ਹੈ। ਜਦੋਂ ਕਿ ਕਦੇ ਸਮਾਂ ਸੀ ਜਦੋਂ ਕਿਸਾਨ ਰਵਾਇਤੀ ਫ਼ਸਲਾਂ ਕਣਕ, ਝੋਨਾ, ਕਪਾਹ, ਛੋਲੇ, ਮੱਕੀ ਆਦਿ ਸਮੇਤ ਕਈ ਫ਼ਸਲਾਂ ਦੇ ਬੀਜ ਅਪਣੇ ਖੇਤਾਂ ਵਿਚੋਂ ਹੀ ਰੱਖ ਕੇ ਬੀਜ ਲੈਦਾ ਸੀ। ਇਨ੍ਹਾਂ ਫ਼ਸਲਾਂ ਦੇ ਬੀਜਾਂ ਨੂੰ ਸੰਭਾਲ ਕੇ ਰੱਖਣ ਦੇ ਆਧੁਨਿਕ ਢੰਗ ਨਾ ਹੋਣ ਕਰ ਕੇ ਕਣਕ ਦਾ ਬੀਜ ਪੰਜ ਛੇ ਮਹੀਨੇ ਤੂੜੀ ਵਾਲੇ ਕੋਠੇ ਵਿਚ ਰਖਿਆ ਜਾਂਦਾ ਸੀ ਤਾਕਿ ਕੀੜੇ/ਮਕੌੜਿਆਂ ਤੋਂ ਬਚਾਅ ਹੋ ਸਕੇ।

ਖੇਤਾਂ ਵਿਚ ਖੜੀ ਭਰਵੀਂ ਫ਼ਸਲ ਵੇਖ ਕੇ ਬੀਜ ਰੱਖ ਲਿਆ ਜਾਂਦਾ ਸੀ ਪਰ ਹੁਣ ਬੀਜ ਉਤਪਾਦਨ ਵਿਚ ਪੰਜਾਬ ਇਕ ਪਛੜਿਆ ਰਾਜ ਬਣ ਕੇ ਬੀਜ ਖਪਤਕਾਰ ਸੂਬਾ ਬਣ ਗਿਆ ਹੈ। ਸੂਚਨਾ ਅਧਿਕਾਰ ਐਕਟ 2005 ਤਹਿਤ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਚੰਡੀਗੜ੍ਹ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਵਿਚ ਵੱਖ-ਵੱਖ ਫ਼ਸਲਾਂ ਦੀ ਬੀਜ ਤਿਆਰ ਕਰਨ ਵਾਲੀਆਂ 168 ਪ੍ਰਾਈਵੇਟ ਫ਼ਰਮਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਹਰ ਸਾਲ ਵਧਦੀ ਹੀ ਜਾ ਰਹੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ, ਪੰਜਾਬ ਰਾਜ ਬੀਜ ਨਿਗਮ ਅਤੇ ਰਾਸ਼ਟਰੀ ਬੀਜ ਨਿਗਮ ਅੱਜ ਨਿਜੀ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਬੀਜ ਕੰਪਨੀਆਂ ਸਾਹਮਣੇ ਬੌਣੇ ਨਜ਼ਰ ਆਉਣ ਲੱਗ ਪਏ ਹਨ। ਹਾਲਾਂ ਕਿ ਪੰਜਾਬ ਵਿਚ ਬੀਜਾਂ ਦਾ ਕਾਰੋਬਾਰ ਕਈ ਹਜ਼ਾਰ ਕਰੋੜ ਰੁਪਏ ਸਾਲਾਨਾ ਹੈ। ਖੇਤੀ ਮਾਹਰਾਂ ਮੁਤਾਬਕ ਕਣਕ ਤੇ ਝੋਨੇ ਦੇ ਬੀਜਾਂ ਨੂੰ ਛੱਡ ਕੇ 95 ਫ਼ੀ ਸਦੀ ਬੀਜ ਬਾਹਰਲੇ ਰਾਜਾਂ ਤੋਂ ਆ ਰਹੇ ਹਨ ਅਤੇ ਪੰਜਾਬ ਵਿਚ ਧੜਾ-ਧੜ ਬੀਜ ਉਤਪਾਦਨ ਕਰਨ ਵਾਲੀਆਂ ਫ਼ਰਮਾਂ ਪੈਦਾ ਹੋ ਰਹੀਆਂ ਹਨ। ਸਬਜ਼ੀਆਂ ਅਤੇ ਹੋਰ ਦੂਸਰੀਆਂ ਕਿਸਮਾਂ ਦੇ ਬੀਜ ਬਾਹਰਲੇ ਸੂਬਿਆਂ ਵਿਚੋਂ ਆ ਰਹੇ ਹਨ। ਚਾਰੇ ਵਾਲੀ ਮੱਕੀ ਦੇ ਬੀਜਾਂ ਦੀ ਲਾਗਤ 2200 ਟਨ ਤੋਂ ਜ਼ਿਆਦਾ ਹੈ। ਮਤਲਬ ਕਿ ਬਾਈ ਹਜ਼ਾਰ ਕੁਇੰਟਲ ਅਤੇ ਇਸ ਦੀ ਔਸਤਨ ਕੀਮਤ ਸੱਤ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸੀ। ਇਹ ਸਾਰਾ ਬੀਜ ਗੁਆਢੀ ਰਾਜਾਂ ਵਿਚੋਂ ਆਉਦਾ ਹੈ। ਪੰਜਾਬ ਵਿਚ ਚਾਰੇ ਵਾਲੀ ਮੱਕੀ ਦੇ ਬੀਜ ਦੀ ਪੈਦਾਵਾਰ ਹੀ ਨਹੀਂ, ਜੇਕਰ ਕਿਤੇ ਥੋੜ੍ਹੀ ਬਹੁਤ ਪੈਦਾਵਾਰ ਹੁੰਦੀ ਹੈ ਤਾਂ ਉਹ ਕਿਸੇ ਗਿਣਤੀ ’ਚ ਨਹੀਂ ਆਉਂਦੀ।

ਮੱਕੀ ਦਾ ਬੀਜ ਖ਼ਰੀਦਣ ’ਤੇ ਹੀ ਕਿਸਾਨ ਹਰ ਸਾਲ 15 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕਰ ਰਹੇ ਹਨ। ਮੁੰਗੀ, ਛੋਲੇ ਅਤੇ ਜੌਂ ਵੀ ਦੂਸਰੇ ਰਾਜਾਂ ਵਿਚੋਂ ਹੀ ਆ ਰਹੇ ਹਨ। ਜੇਕਰ ਸਬਜ਼ੀਆਂ ਦੇ ਬੀਜਾਂ ਵਲ ਵੇਖਿਆ ਜਾਵੇ ਤਾਂ ਮਿਰਚਾਂ ਨੂੰ ਛੱਡ ਕੇ ਬਾਕੀ ਬੀਜਾਂ ਦੀ ਪੈਦਾਵਾਰ ਹੀ ਨਹੀਂ ਟਮਾਟਰ ਦੇ ਬੀਜਾਂ ਦੀ ਪੈਦਾਵਾਰ 600 ਕਿਲੋ ਤੋਂ ਜ਼ਿਆਦਾ ਹੈ। ਵਧੀਆ ਕਿਸਮ ਦਾ ਬੀਜ 25 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਕਿਲੋ ਤਕ ਹੈ। ਪੰਜਾਬ ਵਿਚ ਕਿਸਾਨਾਂ ਦਾ ਰੁਝਾਨ ਮਿਰਚ ਅਤੇ ਟਮਾਟਰ ਦਾ ਬੀਜ ਪੈਦਾਵਾਰ ਕਰਨ ਵਲ ਵਧ ਰਿਹਾ ਹੈ। ਦੇਸ਼ ਵਿਚ 80 ਫ਼ੀ ਸਦੀ ਰਕਬਾ ਕਪਾਹ ਅਤੇ ਨਰਮੇ ਹੇਠ ਆਉਂਦਾ ਹੈ। ਏ. ਬੀ. ਐਲ. ਈ. ਨੂੰ ਲਗਦਾ ਹੈ ਕਿ ਭਾਰਤ ਹੁਣ ਇਸ ਪੈਦਾਵਾਰ ਨੂੰ ਬਣਾ ਕੇ ਨਹੀ ਰੱਖ ਸਕਦਾ ਕਿੳਂੁਕਿ ਬੀ. ਟੀ. ਬੀਜ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਐਸੋਸੀਏਸ਼ਨ ਦੇ ਡਾਇਰੈਕਟਰ ਐਸ. ਸਾਂਤਾ ਰਾਮ ਦਾ ਕਹਿਣਾ ਹੈ ਕਿ ਬੀ. ਟੀ. ਬੀਜਾਂ ਦੀ ਸਪਲਾਈ ਕਿਸਾਨਾਂ ਦੀ ਮੰਗ ਪੂਰੀ ਨਹੀਂ ਕਰ ਰਹੀ। ਉਨ੍ਹਾਂ ਦਸਿਆ ਕਿ ਅਪ੍ਰੈਲ ਮਹੀਨੇ ਤੋਂ ਬਿਜਾਈ ਸ਼ੁਰੂ ਹੁੰਦੀ ਹੈ ।

ਉਤਰ ਪ੍ਰਦੇਸ਼ ਸਥਿਤ ਹਾਪੁੜ ਦੇ 67 ਸਾਲਾ ਕਿਸਾਨ ਮਲੂਕ ਸਿੰਘ ਨੇ ਖੇਤੀ ਦੇ ਧੰਦੇ ਨੂੰ ਵਪਾਰਕ ਤੌਰ ’ਤੇ ਚਲਾਉਣ ਲਈ ਕਾਫ਼ੀ ਸਮਾਂ ਪਹਿਲਾਂ ਸਮਝ ਲਿਆ ਸੀ ਜਿਸ ਕਰ ਕੇ ਅੱਜ ਦੇਸ਼ ਦੇ ਕਈ ਰਾਜਾਂ ਵਿਚ ਕਿਸਾਨ ਅਤੇ ਖੇਤੀ ਮਾਹਰ ਮਲੂਕ ਸਿੰਘ ਨੂੰ ਸਫ਼ਲ ਬੀਜ ਉਤਪਾਦਕ ਦੇ ਤੌਰ ’ਤੇ ਜਾਣਦੇ ਹਨ। ਇਸ ਕਿਸਾਨ ਕੋਲ 60 ਏਕੜ ਜ਼ਮੀਨ ਹੋਣ ਦੇ ਬਾਵਜੂਦ ਵੀ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਕੋਈ ਬਹੁਤੀ ਆਮਦਨ ਨਹੀਂ ਹੋ ਰਹੀ ਸੀ ਪਰ ਹੁਣ 20 ਏਕੜ ਵਿਚ ਸਿਰਫ਼ ਬੀਜ ਉਤਪਾਦਨ ਹੀ ਕੀਤਾ ਜਾ ਰਿਹਾ ਹੈ। ਬਾਕੀ ਦੀ ਜ਼ਮੀਨ ’ਤੇ ਕਣਕ, ਕਮਾਦ, ਸਬਜ਼ੀਆਂ, ਮੱਕੀ, ਦਾਲਾਂ ਆਦਿ ਬੀਜੀਆਂ ਜਾਦੀਆਂ ਹਨ। ਇਹ ਕਿਸਾਨ ਬੀਜ ਉਤਪਾਦਨ ਨਾਲ ਹੀ ਸਾਲਾਨਾ 30 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ।

ਮਲੂਕ ਬੀਜ ਫ਼ਾਰਮ ਨਾਲ ਇਲਾਕੇ ਦੇ ਤਕਰੀਬਨ 200 ਕਿਸਾਨ ਜੁੜੇ ਹੋਏ ਹਨ। ਜਿਨ੍ਹਾਂ ਨੂੰ ਵਧੀਆ ਰੁਜ਼ਗਾਰ ਮਿਲਿਆ ਹੋਇਆ ਹੈ। ਫ਼ਾਰਮ ’ਤੇ 50 ਦੇ ਕਰੀਬ ਔਰਤਾਂ ਸਮੇਤ 150 ਮਜ਼ਦੂਰ ਕੰਮ ਕਰਦੇ ਹਨ। ਮਲੂਕ ਦੀ ਸਫ਼ਲਤਾ ਨੂੰ ਵੇਖ ਕੇ ਦਰਜਨ ਭਰ ਹੋਰ ਕਿਸਾਨਾਂ ਨੇ ਵੀ ਬੀਜ ਪੈਦਾਵਾਰ ਦਾ ਕੰਮ ਸ਼ੁਰੂ ਕੀਤਾ ਹੈ। ਵਧਦੀ ਅਬਾਦੀ ਅਤੇ ਘਟਦੀ ਜੋਤ, ਬੇਰੁਜ਼ਗਾਰੀ, ਘੱਟ ਰਹੇ ਮੁਨਾਫ਼ੇ ਅਤੇ ਪੇਂਡੂ ਇਲਾਕਿਆਂ ’ਚੋਂ ਲੋਕਾਂ ਦਾ ਸ਼ਹਿਰਾਂ ਵਲ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ।  ਮਲੂਕ ਸਿੰਘ ਦਸਦਾ ਹੈ ਕਿ ਮਟਰ ਦੀ ਖੇਤੀ ਬਹੁਤ ਸਸਤੀ ਹੈ ਜਿਹੜੀ 65 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਪਹਾੜੀ ਇਲਾਕੇ ਦੇ ਕਿਸਾਨਾਂ ਨੂੰ ਵੀ ਇਸ ਖੇਤੀ ਨਾਲ ਬਹੁਤ ਲਾਭ ਹੁੰਦਾ ਹੈ। ਇਸ ਫ਼ਾਰਮ ’ਤੇ ਪਿਛਲੇ ਪੰਜ ਸਾਲਾਂ ’ਤੋਂ ਆਲੂ ਦੀ ਕੁਫਰੀ ਬਹਾਰ, ਕੁਫਰੀ ਸਦਾਬਹਾਰ ਅਤੇ ਹੋਰ ਵੀ ਕਈ ਕਿਸਮ ਦੇ ਆਲੂਆਂ ਦੀਆਂ ਕਿਸਮਾਂ ਦੇ ਬੀਜ ਤਿਆਰ ਕੀਤੇ ਜਾ ਰਹੇ ਹਨ।  

ਭਾਰਤ ਵਿਚ ਚੌਲਾਂ ਦੀ ਮੰਗ 2025 ਤੱਕ 14 ਕਰੋੜ ਟਨ ਹੋ ਜਾਵੇਗੀ। ਮੰਗ ਨੂੰ ਵੇਖਦੇ ਹੋਏ ਚੌਲਾਂ ਦੇ ਉਤਪਾਦਨ ਵਿਚ ਵਾਧਾ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਵੀ ਘੱਟ ਕਰਨਾ ਜ਼ਰੂਰੀ ਹੈ। ਵਿਸ਼ਵ ਭਰ ਵਿਚ ਝੋਨੇ ਦੀ ਪੈਦਾਵਾਰ ਪ੍ਰਤੀ ਹੈਕਟੇਅਰ 40 ਕੁਇੰਟਲ ਹੈ। ਭਾਰਤ ਵਿਚ ਪ੍ਰਤੀ ਹੈਕਟੇਅਰ ਝਾੜ ਇਸ ਤੋਂ ਵੀ ਘੱਟ ਹੈ। ਇਸ ਫ਼ਸਲ ਦੀ ਪੈਦਾਵਾਰ ਨੂੰ ਵਧਾਉਣ ਵਿਚ ਚੀਨ, ਆਸਟਰੇਲੀਆ,ਜਪਾਾਨ, ਮਿਸਰ ਵਰਗੇ ਦੇਸ਼ਾਂ ਨੇ ਬਹੁਤ ਕਾਮਯਾਬੀ ਹਾਸਲ ਕੀਤੀ ਹੈ। ਇਹ ਸਫਲਤਾ ਸੁਪਰ ਹਾਈਬਰੀਡ ਝੋਨੇ ਕਾਰਨ ਮਿਲੀ ਹੈ। ਪੰਜਾਬ ਦਾ ਹੀ ਨਹੀ ਸਗੋਂ ਸਮੁੱਚੇ ਦੇਸ਼ ਦਾ ਕਿਸਾਨ ਅਪਣੇ ਖੇਤ ਵਿਚ ਬੀਜਣ ਜੋਗਾ ਬੀਜ ਤਿਆਰ ਕਰਨ ਦੀ ਬਜਾਏ ਪੂਰੀ ਤਰ੍ਹਾਂ ਹੀ ਪ੍ਰਾਈਵੇਟ ਕੰਪਨੀਆਂ ’ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਕਿਸਾਨ ਦੀ ਇਸ ਸੋਚ ਦਾ ਲਾਭ ਲੈ ਕੇ ਹਰ ਸਾਲ ਅਰਬਾਂ ਰੁਪਏ ਦੇ ਬੀਜ ਕੰਪਨੀਆਂ ਵਲੋਂ ਵੇਚੇ ਜਾ ਰਹੇ ਹਨ। ਇਸ ਕਾਰੋਬਾਰ ਵਿਚ ਪਿਛਲੇ ਇਕ ਦਹਾਕੇ ਦੌਰਾਨ ਹੀ ਕਈ ਗੁਣਾਂ ਵਾਧਾ ਹੋਇਆ ਹੈ।

-ਬ੍ਰਿਸ਼ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
98761-01698