ਪੀ ਏ ਯੂ ਵਿਚ ਆਂਗਨਵਾੜੀ ਵਰਕਰਾਂ ਦੀ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ
ਵਰਕਸ਼ਾਪ ਦਾ ਦੂਜਾ ਦਿਨ ਅਨੀਮੀਆ ਅਤੇ ਕੁਪੋਸ਼ਣ ਦੀ ਰੋਕਥਾਮ ਲਈ ਮੁਢਲੇ ਪੋਸ਼ਕ ਤੱਤਾਂ ਉੱਪਰ ਕੇਂਦਰਿਤ ਸੀ।
ਲੁਧਿਆਣਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਇਜ਼ਰਾਂ ਲਈ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਕੁੱਲ ਮਿਲਾ ਕੇ 182 ਆਂਗਨਵਾੜੀ ਵਰਕਰਾਂ ਨੇ ਇਸ ਸਿਖਲਾਈ ਵਿਚ ਹਿੱਸਾ ਲਿਆ। ਵਰਕਸ਼ਾਪ ਦਾ ਦੂਜਾ ਦਿਨ ਅਨੀਮੀਆ ਅਤੇ ਕੁਪੋਸ਼ਣ ਦੀ ਰੋਕਥਾਮ ਲਈ ਮੁਢਲੇ ਪੋਸ਼ਕ ਤੱਤਾਂ ਉੱਪਰ ਕੇਂਦਰਿਤ ਸੀ।
ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਸਿਖਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਨੂੰ ਢੁਕਵੀਆਂ ਪੋਸ਼ਣ ਤਕਨੀਕਾਂ ਦੀ ਵਰਤੋਂ ਲਈ ਮਾਹਿਰਾਂ ਦੇ ਸੰਪਰਕ ਵਿਚ ਰਹਿਣ ਦੀ ਅਪੀਲ ਕੀਤੀ। ਭਾਰਤੀ ਡਾਇਟੈਟਿਕ ਐਸੋਸੀਏਸ਼ਨ ਦੇ ਲੁਧਿਆਣਾ ਭਾਗ ਦੇ ਕਨਵੀਨਰ ਡਾ ਜਸਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਹਾਸਿਲ ਕੀਤੀ ਜਾਣਕਾਰੀ ਦੀ ਸਹੀ ਵਰਤੋਂ ਕਰਨ ਤੇ ਜਾਣਕਾਰੀ ਆਪਣੇ ਖੇਤਰ ਵਿਚ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ।
ਸੀਨੀਅਰ ਪਸਾਰ ਮਾਹਿਰ ਅਤੇ ਵਰਕਸ਼ਾਪ ਦੇ ਕਨਵੀਨਰ ਡਾ ਕਿਰਨ ਗਰੋਵਰ ਨੇ ਕੁਪੋਸ਼ਣ ਅਤੇ ਅਨੀਮੀਆ ਦੀ ਰੋਕਥਾਮ ਦੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਨੇ ਰੋਜ਼ਾਨਾ ਖੁਰਾਕ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਭੋਜਨ ਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ ਸੋਨਿਕਾ ਸ਼ਰਮਾ ਨੇ ਗਰਭਵਤੀ ਅਤੇ ਜੱਚਾ ਔਰਤਾਂ ਵਿਚ ਪੋਸ਼ਕਤਾ ਦੇ ਵਾਧੇ ਬਾਰੇ ਆਪਣਾ ਭਾਸ਼ਣ ਦਿੱਤਾ।
ਉਨ੍ਹਾਂ ਨੇ ਔਰਤਾਂ ਦੀ ਖੁਰਾਕ ਵਿਚ ਪੋਸ਼ਕ ਤੱਤਾਂ ਦੇ ਵਾਧੇ ਲਈ ਘੱਟ ਕੀਮਤ ਦੇ ਪੋਸ਼ਕ ਤੱਤਾਂ ਬਾਰੇ ਜਾਗਰੂਕ ਕੀਤਾ। ਸਹਾਇਕ ਪ੍ਰੋਫੈਸਰ ਡਾ ਨਵਜੋਤ ਕੌਰ ਨੇ ਪੁੰਗਰੇ ਅਨਾਜ, ਸਬਜ਼ੀਆਂ, dwelt ਅਤੇ ਤੇਲਬੀਜਾਂ ਦੀ ਵਰਤੋਂ ਨਾਲ ਨਵਜੰਮੇ ਅਤੇ ਛੋਟੇ ਬੱਚਿਆਂ ਵਿਚ ਪੋਸ਼ਣ ਦੀਆਂ ਲੋੜਾਂ ਦੀ ਪੂਰਤੀ ਬਾਰੇ ਚਾਨਣਾ ਪਾਇਆ। ਅੰਤ ਵਿਚ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਸ਼੍ਰੀਮਤੀ ਰਵਿੰਦਰਪਾਲ ਕੌਰ ਨੇ ਮਾਹਿਰਾਂ ਦਾ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਇਸ ਵਰਕਸ਼ਾਪ ਨੂੰ ਲਾਭਕਾਰੀ ਕਿਹਾ ਤੇ ਲਗਾਤਾਰ ਐਸੀਆਂ ਵਰਕਸ਼ਾਪਾਂ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ।