Farmer News: ਹਾੜੀ ਦੇ ਸੀਜ਼ਨ ’ਚ ਖਾਦਾਂ ਉਤੇ ਮਿਲੇਗੀ 22,303 ਕਰੋੜ ਰੁਪਏ ਦੀ ਸਬਸਿਡੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮਈ ’ਚ ਕੇਂਦਰੀ ਮੰਤਰੀ ਮੰਡਲ ਨੇ 2023-24 ਦੇ ਸਾਉਣੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 38,000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿਤੀ ਸੀ।

File Photo

Farmer News:  ਸਰਕਾਰ ਨੇ ਬੁਧਵਾਰ ਨੂੰ ਮੌਜੂਦਾ ਹਾੜੀ ਸੀਜ਼ਨ ਲਈ ਫਾਸਫੋਰਿਕ ਅਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ਲਈ 22,303 ਕਰੋੜ ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮਿੱਟੀ ਪੋਸ਼ਕ ਤੱਤ-ਡੀ.ਏ.ਪੀ. 1,350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਮਿਲਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹਾੜੀ ਸੈਸ਼ਨ 2023-24 (1 ਅਕਤੂਬਰ 2023 ਤੋਂ 31 ਮਾਰਚ 2024) ’ਚ ਪੀ ਐਂਡ ਕੇ ਖਾਦਾਂ ਲਈ ਪੌਸ਼ਟਿਕ ਤੱਤ ਆਧਾਰਤ ਸਬਸਿਡੀ (ਐਨ.ਬੀ.ਐਸ.) ਦਰਾਂ ਤੈਅ ਕਰਨ ਲਈ ਖਾਦ ਵਿਭਾਗ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿਤੀ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਸਸਤੀਆਂ ਦਰਾਂ ’ਤੇ ਖਾਦਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਸਾਡਾ ਅੰਦਾਜ਼ਾ ਹੈ ਕਿ 2023-24 ਦੇ ਹਾੜੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ ਸਬਸਿਡੀ ਵਜੋਂ 22,303 ਕਰੋੜ ਰੁਪਏ ਖਰਚ ਕੀਤੇ ਜਾਣਗੇ।’’

ਮਈ ’ਚ ਕੇਂਦਰੀ ਮੰਤਰੀ ਮੰਡਲ ਨੇ 2023-24 ਦੇ ਸਾਉਣੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 38,000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿਤੀ ਸੀ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਡੀ.ਏ.ਪੀ. (ਡਾਈ-ਅਮੋਨੀਅਮ ਫ਼ਾਸਫ਼ੇਟ) 1,350 ਰੁਪਏ ਪ੍ਰਤੀ ਬੈਗ (50 ਕਿਲੋਗ੍ਰਾਮ) ਦੀ ਪੁਰਾਣੀ ਦਰ ਨਾਲ ਮਿਲਦੀ ਰਹੇਗੀ।

ਠਾਕੁਰ ਨੇ ਕਿਹਾ ਕਿ ਇਸੇ ਤਰ੍ਹਾਂ, ਐਨ.ਪੀ.ਕੇ. ਇਸ ਦੀ ਪੁਰਾਣੀ ਕੀਮਤ 1,470 ਰੁਪਏ ਪ੍ਰਤੀ ਬੈਗ ਅਤੇ ਐਸ.ਐਸ.ਪੀ. (ਸਿੰਗਲ ਸੁਪਰ ਫ਼ਾਸਫ਼ੇਟ) ਲਗਭਗ 500 ਰੁਪਏ ਪ੍ਰਤੀ ਬੈਗ ਦੀ ਦਰ ਨਾਲ ਉਪਲਬਧ ਹੋਵੇਗਾ। ਠਾਕੁਰ ਨੇ ਕਿਹਾ, ਐਮ.ਓ.ਪੀ. (ਮਿਊਰੇਟ ਆਫ਼ ਪੋਟਾਸ਼) ਦੀਆਂ ਦਰਾਂ 1,700 ਰੁਪਏ ਪ੍ਰਤੀ ਬੈਗ ਤੋਂ ਘਟਾ ਕੇ 1,655 ਰੁਪਏ ਪ੍ਰਤੀ ਬੈਗ ਕਰ ਦਿਤੀਆਂ ਜਾਣਗੀਆਂ।

ਮੰਤਰੀ ਮੰਡਲ ਨੇ ਹਾੜ੍ਹੀ ਸੀਜ਼ਨ ਲਈ ਨਾਈਟਰੋਜਨ (ਐਨ) ਦੀ ਐਨ.ਬੀ.ਐਸ. ਦਰ 47.02 ਰੁਪਏ ਪ੍ਰਤੀ ਕਿਲੋਗ੍ਰਾਮ, ਫ਼ਾਸਫ਼ੋਰਸ (ਪੀ) ਦੀ 20.82 ਰੁਪਏ ਪ੍ਰਤੀ ਕਿਲੋਗ੍ਰਾਮ, ਪੋਟਾਸ਼ (ਕੇ) ਦੀ 2.38 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸਲਫ਼ਰ (ਐਸ) ਦੀ 1.89 ਰੁਪਏ ਪ੍ਰਤੀ ਕਿਲੋਗ੍ਰਾਮ ਦਰ ਤੈਅ ਕੀਤੀ ਹੈ। 2023-24 ਦੇ ਸਾਉਣੀ ਸੀਜ਼ਨ ਲਈ, ਸਰਕਾਰ ਨੇ ਨਾਈਟਰੋਜਨ (ਐਨ) 76 ਰੁਪਏ ਪ੍ਰਤੀ ਕਿਲੋਗ੍ਰਾਮ, ਫ਼ਾਸਫ਼ੋਰਸ (ਪੀ) 41 ਰੁਪਏ ਪ੍ਰਤੀ ਕਿਲੋ, ਪੋਟਾਸ਼ (ਕੇ) 15 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸਲਫ਼ਰ (ਐਸ) ’ਤੇ 2.8 ਰੁਪਏ ਪ੍ਰਤੀ ਕਿਲੋ ਤੈਅ ਕੀਤਾ ਗਿਆ ਸੀ।

ਐਨ, ਪੀ, ਕੇ ਅਤੇ ਐਸ ਦੀ ਪ੍ਰਤੀ ਕਿਲੋਗ੍ਰਾਮ ਸਬਸਿਡੀ ਦਰ ’ਚ ਕਟੌਤੀ ਬਾਰੇ ਪੁੱਛੇ ਜਾਣ ’ਤੇ ਠਾਕੁਰ ਨੇ ਕਿਹਾ ਕਿ ਤਿਆਰ ਉਤਪਾਦਾਂ ਅਤੇ ਕੱਚੇ ਮਾਲ ਦੀਆਂ ਅੰਤਰਰਾਸ਼ਟਰੀ ਕੀਮਤਾਂ ’ਚ ਥੋੜ੍ਹੀ ਕਮੀ ਆਈ ਹੈ, ਪਰ ਇਹ ਅਜੇ ਵੀ ਉੱਚੀ ਹੈ, ਅਤੇ ਇਹੀ ਕਾਰਨ ਹੈ ਕਿ ਸਰਕਾਰ ਪੁਰਾਣੀ ਦਰ ਨੂੰ ਬਰਕਰਾਰ ਰੱਖਣ ਲਈ ਸਬਸਿਡੀ ਦੇ ਰਹੀ ਹੈ। (ਏਜੰਸੀ)

ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ’ਚ ਖਾਦ ਸਬਸਿਡੀ ਲਗਭਗ 2.55 ਲੱਖ ਕਰੋੜ ਰੁਪਏ ਸੀ, ਜੋ ਵਿੱਤੀ ਸਾਲ 2014-15 ’ਚ ਲਗਭਗ 73,000 ਕਰੋੜ ਰੁਪਏ ਸੀ। ਲਾਭਾਂ ਬਾਰੇ, ਸਰਕਾਰ ਨੇ ਇਕ ਬਿਆਨ ’ਚ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ, ਕਿਫਾਇਤੀ ਅਤੇ ਵਾਜਬ ਕੀਮਤਾਂ ’ਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ’ਚ ਕਿਹਾ ਗਿਆ ਹੈ, ‘‘ਖਾਦਾਂ ਅਤੇ ਇਨਪੁਟਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ ਪੀ ਐਂਡ ਕੇ ਖਾਦਾਂ ’ਤੇ ਸਬਸਿਡੀ ਨੂੰ ਤਰਕਸੰਗਤ ਬਣਾਇਆ ਗਿਆ ਹੈ।’’ ਸਰਕਾਰ ਖਾਦ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਵਲੋਂ ਕਿਸਾਨਾਂ ਨੂੰ ਰਿਆਇਤੀ ਕੀਮਤਾਂ ’ਤੇ ਪੀ ਐਂਡ ਕੇ ਖਾਦਾਂ ਦੇ 25 ਗ੍ਰੇਡ ਪ੍ਰਦਾਨ ਕਰ ਰਹੀ ਹੈ। ਪੀ ਐਂਡ ਕੇ ਖਾਦਾਂ ’ਤੇ ਸਬਸਿਡੀ 1 ਅਪ੍ਰੈਲ, 2010 ਤੋਂ ਐਨ.ਬੀ.ਐਸ. ਸਕੀਮ ਰਾਹੀਂ ਕੰਟਰੋਲ ਨਿਯੰਤਰਤ ਕੀਤੀ ਜਾਂਦੀ ਹੈ।  

ਕਿਸਾਨਾਂ ਨੂੰ ਰਾਹਤ: ਹਾੜ੍ਹੀ ਸੀਜ਼ਨ ਲਈ ਖਾਦਾਂ ’ਤੇ ਮਿਲਣ ਵਾਲੀ ਸਬਸਿਡੀ
ਨਾਈਟਰੋਜਨ (ਐਨ)   -  47.02 ਰੁਪਏ ਪ੍ਰਤੀ ਕਿਲੋਗ੍ਰਾਮ
ਫ਼ਾਸਫ਼ੋਰਸ (ਪੀ)    - 20.82 ਰੁਪਏ ਪ੍ਰਤੀ ਕਿਲੋਗ੍ਰਾਮ
ਪੋਟਾਸ਼ (ਕੇ)    - 2.38 ਰੁਪਏ ਪ੍ਰਤੀ ਕਿਲੋਗ੍ਰਾਮ
ਸਲਫ਼ਰ (ਐਸ)   -  1.89 ਰੁਪਏ ਪ੍ਰਤੀ ਕਿਲੋਗ੍ਰਾਮ

ਖਾਦ ਦਾ ਬੈਗ    ਕੀਮਤ
ਡੀ.ਏ.ਪੀ.    -  1,350 ਰੁਪਏ ਪ੍ਰਤੀ ਬੈਗ (50 ਕਿਲੋਗ੍ਰਾਮ)
ਐਨ.ਪੀ.ਕੇ.    -  1,470 ਰੁਪਏ ਪ੍ਰਤੀ ਬੈਗ 
ਐਸ.ਐਸ.ਪੀ.   -   ਲਗਭਗ 500 ਰੁਪਏ ਪ੍ਰਤੀ ਬੈਗ
ਐਮ.ਓ.ਪੀ.   -  1,655 ਰੁਪਏ ਪ੍ਰਤੀ ਬੈਗ