ਝੋਨੇ ਦੀ ਖ਼ਰੀਦ ਦਾ ਨਵਾਂ ਰੀਕਾਰਡ 203 ਲੱਖ ਟਨ
ਅਪ੍ਰੈਲ ਮਹੀਨੇ ਤੋਂ ਕਣਕ ਖ਼ਰੀਦ ਲਈ ਪ੍ਰਬੰਧ ਹੁਣ ਤੋਂ ਸ਼ੁਰੂ : ਅਨੰਦਿਤਾ ਮਿੱਤਰਾ
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁਧ ਪਿਛਲੇ 3 ਮਹੀਨੇ ਤੋਂ ਛੇੜੇ ਸੰਘਰਸ਼ ਤੇ ਅੰਦੋਲਨ ਦੇ ਚਲਦਿਆਂ ਐਤਕੀਂ ਪੰਜਾਬ ਦੀਆਂ 4000 ਤੋਂ ਵੱਧ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚੋਂ ਸਰਕਾਰੀ ਏਜੰਸੀਆਂ ਪਨਗਰੇਨ, ਮਾਰਕਫ਼ੈੱਡ, ਪਨਸਪ ਤੇ ਵੇਅਰ ਹਾਊਸਿੰਗ ਸਮੇਤ ਐਫ਼.ਸੀ.ਆਈ ਨੇ 202,38511 ਟਨ ਅਤੇ ਮਿੱਲ ਮਾਲਕਾਂ ਨੇ 94574 ਟਨ ਝੋਨਾ ਯਾਨੀ ਕੁਲ 203,33084 ਟਨ ਝੋਨਾ ਖ਼ਰੀਦ ਕੇ ਨਵਾਂ ਰੀਕਾਰਡ ਕਾਇਮ ਕੀਤਾ ਹੈ।
ਝੋਨਾ ਖ਼ਰੀਦ ਦਾ ਪਹਿਲਾ ਰੀਕਾਰਡ 2017-18 ਦੌਰਾਨ 178 ਲੱਖ ਟਨ ਦਾ ਸੀ ਜਿਸ ਨਾਲੋਂ ਐਤਕੀਂ 25 ਲੱਖ ਟਨ ਵੱਧ ਖ਼ਰੀਦ ਹੋਈ ਹੈ। ਅਨਾਜ ਸਪਲਾਈ ਮਹਿਕਮੇ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਸਿਆ ਕਿ ਅਜੇ ਵੀ ਰੋਜ਼ਾਨਾ 20,000 ਟਨ ਤੋਂ ਵੱਧ ਝੋਨਾ, ਰੋਜ਼ਾਨਾ ਵਿਕਣ ਵਾਸਤੇ 152 ਪੱਕੀਆਂ ਮੰਡੀਆਂ ਵਿਚ ਆ ਰਿਹਾ ਹੈ ਜਿਸ ਤੋਂ ਕੁਲ ਖ਼ਰੀਦ ਅਗਲੇ 5 ਦਿਨਾਂ ਵਿਚ 30 ਨਵੰਬਰ, ਆਖ਼ਰ ਤਕ 204 ਲੱਖ ਟਨ ਤੋਂ ਟੱਪ ਕੇ 205 ਲੱਖ ਟਨ ਦੇ ਨੇੜੇ ਪਹੁੰਚ ਜਾਵੇਗੀ।
ਅਨਾਜ ਸਪਲਾਈ ਡਾਇਰੈਕਟਰ ਨੇ ਦਸਿਆ ਕਿ ਕੁਲ ਕੈਸ਼ ਕ੍ਰੈਡਿਟ ਲਿਮਟ 44028 ਕਰੋੜ ਦੀ ਰਿਜ਼ਰਵ ਬੈਂਕ ਨੇ ਮੰਜ਼ੂਰੀ ਦਿਤੀ ਸੀ ਜਿਸ ਵਿਚੋਂ ਅੱਜ ਸ਼ਾਮ ਤਕ 38595 ਕਰੋੜ ਦੀ ਅਦਾਇਗੀ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੀਤੀ ਜਾ ਚੁੱਕੀ ਹੈ। ਅਨੰਦਿਤਾ ਮਿੱਤਰਾ ਨੇ ਦਸਿਆ ਕਿ ਸਰਕਾਰੀ ਖ਼ਰੀਦ ਵਿਚੋਂ ਸੱਭ ਤੋਂ ਵੱਧ 83.8 ਲੱਖ ਟਨ ਝੋਨਾ ਯਾਨੀ 41 ਫ਼ੀ ਸਦੀ ਪਨਗਰੇਨ ਨੇ, 51.87 ਲੱਖ ਟਨ ਮਾਰਕਫ਼ੈੱਡ ਨੇ 42.78 ਲੱਖ ਟਨ ਪਨਸਪ ਨੇ ਅਤੇ ਸੱਭ ਤੋਂ ਘੱਟ 10.5 ਫ਼ੀ ਸਦੀ ਯਾਨੀ 21.26 ਲੱਖ ਟਨ ਝੋਨਾ ਵੇਅਰਹਾਊੁਸਿੰਗ ਕਾਰਪੋਰੇਸ਼ਨ ਨੇ ਖ਼ਰੀਦਿਆ ਜਦੋਂ ਕਿ ਕੇਂਦਰੀ ਏਜੰਸੀ ਐਫ਼.ਸੀ.ਆਈ 2,678,591 ਟਨ ਝੋਨਾ ਖ਼ਰੀਦਿਆ ਜੋ ਸਿਰਫ਼ 1.3 ਫ਼ੀ ਸਦੀ ਹੈ। ਨਿਜੀ ਮਿਲ ਮਾਲਕਾਂ ਨੇ 94574 ਟਨ ਝੋਨੇ ਦੀ ਖ਼ਰੀਦ ਕੀਤੀ।
ਝੋਨੇ ਦੀ ਲਿਫ਼ਟਿੰਗ ਅਤੇ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਣ ਵਾਲੀ ਕਣਕ ਦੀ ਖ਼ਰੀਦ ਬਾਰੇ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਅਨੰਦਿਤਾ ਮਿੱਤਰਾ ਨੇ ਸਪਸ਼ਟ ਕਿਹਾ ਕਿ 4170 ਸ਼ੈਲਰ ਮਾਲਕਾਂ ਕੋਲ, 202 ਲੱਖ ਟਨ ਝੋਨਾ ਲਿਫ਼ਟ ਕਰ ਕੇ ਲਗਾ ਦਿਤਾ ਹੈ ਜਿਸ ਵਿਚੋਂ ਜੂਨ ਮਹੀਨੇ ਤਕ 135 ਲੱਖ ਟਨ ਚਾਵਲ ਕੱਢ ਕੇ ਕੇਂਦਰੀ ਭੰਡਾਰ ਵਿਚ ਪਹੁੰਚਾ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਟਰੈਕ ਖ਼ਾਲੀ ਕਰਨ ਉਪਰੰਤ 35 ਮਾਲ ਗੱਡੀਆਂ ਬੀਤੇ ਦਿਨ ਅਤੇ 50 ਮਾਲ ਗੱਡੀਆਂ ਅੱਜ ਦੂਜੇ ਰਾਜਾਂ ਨੂੰ ਅਨਾਜ ਭਰ ਕੇ ਭੇਜ ਦਿਤੀਆਂ ਹਨ ਤਾਕਿ ਆਉਣ ਵਾਲੇ ਚਾਵਲ ਭੰਡਾਰਣ ਅਤੇ ਕਣਕ ਵਾਸਤੇ ਥਾਂ ਬਣਾਈ ਜਾ ਸਕੇ।
ਅਪ੍ਰੈਲ ਮਹੀਨੇ ਤੋਂ ਖ਼ਰੀਦੀ ਜਾਣ ਵਾਲੀ ਕਣਕ ਵਾਸਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਡਾਇਰੈਕਟਰ ਫ਼ੂਡ ਸਪਲਾਈ ਨੇ ਦਸਿਆ ਕਿ ਕਲਕੱਤਾ ਦੀ ਕੰਪਨੀ ਨੂੰ 3,87,000 ਗੰਢਾਂ ਅਤੇ 57,000 ਗੰਢਾਂ ਕ੍ਰਮਵਾਰ 50-50 ਕਿਲੋ ਦੇ ਥੈਲੇ ਬੋਰੀਆਂ ਤੇ 30-30 ਕਿਲੋ ਦੇ ਛੋਟੇ ਥੈਲੇ ਸਪਲਾਈ ਕਰਨ ਦਾ ਟੈਂਡਰ ਪਾਸ ਕੀਤਾ ਹੈ। ਇਕ ਗੰਢ ਵਿਚ 500 ਥੈਲੇ ਹੁੰਦੇ ਹਨ।
ਮਿਲ ਮਾਲਕਾਂ ਵਿਰੁਧ ਦਰਜ ਕੀਤੇ ਮਾਮਲਿਆਂ ਬਾਰੇ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ 2 ਮਾਲਕਾਂ ਸਮੇਤ ਕੁਲ 6 ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਪਾਸ ਮਾਲ ਘੱਟ ਪਾਇਆ ਗਿਆ। ਫ਼ੂਡ ਸਪਲਾਈ ਡਾਇਰੈਕਟਰ ਨੇ ਦਸਿਆ ਕਿ ਪੰਜਾਬ ਦੇ ਕੁਲ 22 ਜ਼ਿਲ੍ਹਿਆਂ ਦੇ 174,87,344 ਕਿਸਾਨਾਂ ਨੇ ਇਸ ਵਾਰ ਝੋਨੇ ਦੀ ਖ਼ਰੀਦ, ਐਮ.ਐਸ.ਪੀ. ਰੇਟ ਪ੍ਰਤੀ ਕੁਇੰਟਲ 1888 ਰੁਪਏ ਦਾ ਲਾਭ ਲਿਆ ਹੈ।