ਪੀ.ਏ.ਯੂ. ਦੇ ਲਾਈਵ ਪ੍ਰੋਗਰਾਮ ਵਿੱਚ ਪੇਸ਼ ਹੋਏ ਖੇਤੀ ਕਾਰੋਬਾਰ ਸੰਬੰਧੀ ਨੁਕਤੇ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਲਾਈਵ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

PAU

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਬੁੱਧਵਾਰ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਨਾਲ ਵੱਡੀ ਪੱਧਰ ਤੇ ਕਿਸਾਨਾਂ ਦਾ ਜੁੜਨਾ ਇਸ ਪ੍ਰੋਗਰਾਮ ਦੇ ਮਹੱਤਵ ਦਾ ਸੂਚਕ ਹੈ । ਅੱਜ ਇਸ ਪ੍ਰੋਗਰਾਮ ਵਿੱਚ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਉਹਨਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਅਬੋਹਰ ਵਿਖੇ ਫੂਡ ਇੰਡਸਟਰੀ ਬਿਜ਼ਨਸ ਇੰਨਕੂਬੇਸ਼ਨ ਸੈਂਟਰ ਸਥਾਪਿਤ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ।

ਇਸ ਵਿੱਚ ਕਿਸਾਨਾਂ ਨੂੰ ਖੇਤੀ ਕਾਰੋਬਾਰ, ਖੇਤੀ ਪ੍ਰੋਸੈਸਿੰਗ ਅਤੇ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਦੀ ਸਿਖਲਾਈ ਦਿੱਤੀ ਜਾਵੇਗੀ। ਡਾ. ਸਚਦੇਵ ਨੇ ਦੱਸਿਆ ਕਿ ਮੰਡੀ ਵਿੱਚ ਪ੍ਰੋਸੈਸਿੰਗ ਰਾਹੀਂ ਤਿਆਰ ਹੋਏ ਉਤਪਾਦਾਂ ਦੀ ਚੰਗੀ ਮੰਗ ਹੈ ਅਤੇ ਕਿਸਾਨ 10-15 ਪ੍ਰਤੀਸ਼ਤ ਮੁਨਾਫ਼ਾ ਇਸ ਤਰ੍ਹਾਂ ਕਮਾ ਸਕਦੇ ਹਨ । ਬਹੁਤ ਸਾਰੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਨੌਜਵਾਨਾਂ ਨੇ ਪੀ.ਏ.ਯੂ. ਅਤੇ ਬਠਿੰਡਾ ਦੇ ਫੂਡ ਇੰਡਸਟਰੀ ਬਿਜ਼ਨਸ ਇੰਨਕੂਬੇਸ਼ਨ ਸੈਂਟਰ ਵਿੱਚ ਸਿਖਲਾਈ ਹਾਸਲ ਕੀਤੀ ਹੈ।

ਹੁਣ ਤੱਕ ਵਿਭਾਗ ਨੇ 38 ਤਕਨਾਲੋਜੀਆਂ ਵਪਾਰੀਕਰਨ ਲਈ ਸਾਹਮਣੇ ਲਿਆਂਦੀਆਂ ਹਨ ਜਿਨ੍ਹਾਂ ਵਿਚ ਗੰਨੇ ਦਾ ਬੋਤਲਬੰਦ ਰਸ, ਬਹੁ-ਅਨਾਜੀ ਆਟਾ, ਆਲੂ ਸਨੈਕਸ, ਫਰੋਜ਼ਨ ਪੀਜ਼, ਰੋਲ ਕੀਤੇ ਜਾਣ ਯੋਗ ਚਪਾਤੀ ਆਦਿ ਪ੍ਰਮੁੱਖ ਹਨ । ਇਸ ਤੋਂ ਇਲਾਵਾ ਵਿਭਾਗ ਨੇ ਪੰਜਾਬ ਐਗਰੋ, ਮਾਰਕਫੈਡ, ਸ਼ੂਗਰ ਫੈਡ ਆਦਿ ਨਾਲ ਗੰਨੇ ਦੇ ਰਸ, ਕਿੰਨੂ, ਅੰਬ ਅਤੇ ਅਮਰੂਦ ਦੇ ਮਿਸ਼ਰਣ ਦੀਆਂ ਤਕਨਾਲੋਜੀਆਂ ਸਾਹਮਣੇ ਲਿਆਂਦੀਆਂ ਹਨ।

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਲਾਈਵ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪਸਾਰ ਤਕਨੀਕਾਂ ਵਿੱਚ ਬਦਲਦੇ ਸਮੇਂ ਅਨੁਸਾਰ ਤਬਦੀਲੀ ਕੀਤੀ ਹੈ । ਕਿਸਾਨ ਮੇਲੇ, ਖੇਤ ਦਿਵਸ, ਵਰਕਸ਼ਾਪਾਂ, ਖੋਜ ਟ੍ਰਾਇਲ ਅਤੇ ਖੇਤ ਟ੍ਰਾਇਲ ਤੋਂ ਇਲਾਵਾ ਪ੍ਰਦਰਸ਼ਨ ਵਿਸ਼ੇਸ਼ ਸਿਖਲਾਈਆਂ, ਪ੍ਰਦਰਸ਼ਨੀਆਂ, ਤਕਨੀਕੀ ਅਗਵਾਈ ਅਤੇ ਖੇਤੀ ਸਾਹਿਤ ਦੀ ਵਿਕਰੀ ਆਨਲਾਈਨ ਸੰਭਵ ਹੋਈ ਹੈ । ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਲਈ ਕਿਸਾਨਾਂ ਨਾਲ ਲਗਾਤਾਰ ਜੁੜੇ ਹੋਏ ਹਨ।

ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਨੁਕਤੇ ਦੱਸੇ । ਉਹਨਾਂ ਨੇ ਵਿਸ਼ੇਸ਼ ਤੌਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਸੁਝਾਈਆਂ ਤਕਨੀਕਾਂ ਅਪਨਾਉਣ ਦੀ ਸਲਾਹ ਦਿੱਤੀ। ਅੱਜ ਕਰਵਾਏ ਗਏ ਲਾਈਵ ਪ੍ਰੋਗਰਾਮ ਦੀ ਸ਼ੁਰੂਆਤ ਨਵੰਬਰ ਮਹੀਨੇ ਦੇ ਖੇਤੀ ਰੁਝੇਵਿਆਂ ਬਾਰੇ ਜਾਣਕਾਰੀ ਨਾਲ ਹੋਈ । ਇਹ ਜਾਣਕਾਰੀ ਸ੍ਰੀ ਰਵਿੰਦਰ ਭਲੂਰੀਆ ਅਤੇ ਡਾ. ਪਰਮਜੀਤ ਕੌਰ ਨੇ ਸਾਂਝੀ ਕੀਤੀ ।