ਰਾਸ਼ਣ-ਪਾਣੀ ਲੈ ਕੇ ਬਾਡਰ 'ਤੇ ਡਟੇ ਪੰਜਾਬ ਦੇ ਕਿਸਾਨ, ਦਿੱਲੀ 'ਚ ਕੀਤਾ ਜਾਵੇਗਾ ਪ੍ਰਦਰਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਕੇਰਲ ਦੇ ਕਿਸਾਨ ਵੀ ਹੋਣਗੇ ਸ਼ਾਮਲ

Punjab farmer at border

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਪੰਜਾਬ ਦੇ ਹਜ਼ਾਰਾਂ ਕਿਸਾਨ ਹਰਿਆਣਾ ਬਾਡਰ 'ਤੇ ਡਟੇ ਹੋਏ ਹਨ। ਅੱਜ ਕਿਸਾਨਾਂ ਦੇ ਕਾਫ਼ਲੇ ਦਿੱਲੀ ਮਾਰਚ ਕਰਨ ਦੀ ਤਿਆਰੀ ਵਿਚ ਹਨ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਦਿੱਲੀ ਵਿਚ ਅੱਜ ਤੇ ਕੱਲ੍ਹ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਕੇਰਲ ਦੇ ਕਿਸਾਨ ਵੀ ਪ੍ਰਦਰਸ਼ਨ ਕਰਨ ਵਾਲੇ ਹਨ। ਕਿਸਾਨੀ ਸੰਘਰਸ਼ ਦੇ ਚਲਦਿਆਂ ਸਰਹੱਦਾਂ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਆਦੇਸ਼ ਤੋਂ ਬਾਅਦ ਹਰਿਆਣਾ ਨੇ ਅੱਜ ਤੇ ਕੱਲ੍ਹ ਲਈ ਪੰਜਾਬ ਬਾਡਰ ਨੂੰ ਸੀਲ ਕਰ ਦਿੱਤਾ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡ, ਵਾਟਰ ਕੈਨਨ ਆਦਿ ਦੀ ਤੈਨਾਤੀ ਕੀਤੀ ਗਈ ਹੈ। ਮਾਰਚ ਵਿਚ ਸ਼ਾਮਲ ਹੋਣ ਲਈ ਆਏ ਕਿਸਾਨ ਅਪਣੇ ਨਾਲ ਰਾਸ਼ਣ, ਸਬਜ਼ੀ ਤੇ ਹੋਰ ਜ਼ਰੂਰਤ ਦਾ ਸਮਾਨ ਲੈ ਕੇ ਆਏ ਹਨ।

ਕਿਸਾਨਾਂ ਨੇ ਅਪਣੀਆਂ ਟਰਾਲੀਆਂ ਨੂੰ ਤਰਪਾਲ ਨਾਲ ਢੱਕਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ। ਹਰਿਆਣਾ ਤੋਂ ਇਲਾਵਾ ਦਿੱਲੀ ਪੁਲਿਸ ਵੱਲੋਂ ਵੀ ਲਗਾਤਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਵੱਲੋਂ ਡਰੋਨਾਂ ਰਾਹੀ ਬਾਡਰ 'ਤੇ ਨਜ਼ਰ ਰੱਖੀ ਜਾ ਰਹੀ ਹੈ। 

ਦਿੱਲੀ ਪੁਲਿਸ ਦੀਆਂ ਕਰੀਬ 8 ਕੰਪਨੀਆਂ ਦੀ ਫੋਰਸ ਸਿੰਧੂ ਬਾਡਰ 'ਤੇ ਲਗਾਈ ਗਈ ਹੈ। ਬੈਰੀਕੇਡ ਲਗਾ ਕੇ ਸੜਕ ਦੇ ਅੱਧੇ ਹਿੱਸੇ ਨੂੰ ਬੰਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਫਿਲਹਾਲ ਕਰਨਾਲ ਵਿਚ ਰੁਕੇ ਹੋਏ ਹਨ ਤੇ ਜੇਕਰ ਉਹ ਅੱਗੇ ਵਧੇ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ। ਦਿੱਲੀ ਪੁਲਿਸ ਮੁਤਾਬਕ ਡੀਡੀਐਮਏ ਦੀਆਂ ਗਾਈਡਲਾਈਨਜ਼ ਅਨੁਸਾਰ ਰਾਜਧਾਨੀ ਵਿਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ।