ਖੇਤੀਬਾੜੀ ਤੋਂ ਵੱਡਾ ਦੁਨੀਆਂ 'ਚ ਕੋਈ ਉਦਯੋਗ ਨਹੀਂ : ਬਦਨੌਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਕੋਠੀਆਂ ਤੇ ਕਾਰਾਂ ਦੀ ਬਜਾਏ ਬੱਚਿਆਂ ਦੀ ਸਿਖਿਆ ਨੂੰ ਤਰਜੀਹ ਦੇਣ

V.P Badnaur

ਖੇਤੀਬਾੜੀ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਉਦਯੋਗ ਕਰਾਰ ਦਿੰਦਿਆਂ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਕਿਸਾਨਾਂ ਨੂੰ ਫਾਲਤੂ ਖ਼ਰਚਿਆਂ ਨੂੰ ਘਟਾ ਕੇ ਅਪਣੇ ਬੱਚਿਆਂ ਦੀ ਸਿਖਿਆ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਸਥਾਨਕ ਕ੍ਰਿਸੀ ਵਿਗਿਆਨ ਕੇਂਦਰ ਵਲੋਂ ਲਗਾਏ ਕਿਸਾਨ ਮੇਲੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਪੀ.ਏ.ਯੂ. ਦੇ ਚਾਂਸਲਰ ਬਦਨੌਰ ਨੇ ਕਿਹਾ ਕਿ ਖ਼ੁਦ ਨੂੰ ਪੰਜਾਬੀਆਂ ਨਾਲ ਭਾਵਨਮਤਕ ਤੌਰ 'ਤੇ ਜੋੜਦਿਆਂ ਅਪਣੇ ਸਿਆਸੀ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਸੂਰਤਗੜ੍ਹ ਜ਼ਿਲਿਆਂ ਨੂੰ ਛੋਟਾ ਪੰਜਾਬ ਕਰਾਰ ਦਿਤਾ। ਉਨ੍ਹਾਂ ਅਪਣੇ ਸੇਖਾਵਤ ਸਰਕਾਰ ਦੌਰਾਨ ਸਿੰਚਾਈ ਮੰਤਰੀ ਹੁੰਦਿਆਂ ਰਾਜਸਥਾਨ ਦੇ ਪੰਜਾਬੀ ਇਲਾਕਿਆਂ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਬਠਿੰਡਾ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਦੀ ਸ਼ਲਾਘਾ ਕਰਦਿਆਂ ਇਸ ਦਾ ਸਿਹਰਾਂ ਇਥੋਂ ਦੇ ਵਸਨੀਕਾਂ ਅਤੇ ਕਿਸਾਨਾਂ ਦੇ ਸਿਰ ਬੰਨਦਿਆਂ ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿਚ ਜੋ ਭੂਮਿਕਾ ਨਿਭਾਈ ਹੈ ਉਸ ਲਈ ਸਮੁੱਚਾ ਦੇਸ਼ ਹੀ ਇਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਯੂਨੀਵਰਸਟੀ ਮਾਹਰਾਂ ਦੀ ਵੀ ਤਾਰੀਫ਼ ਕੀਤੀ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਕਿਹਾ।

ਇਸ ਮੌਕੇ ਵਾਈਸ ਚਾਂਸਲਰ ਪੀ.ਏ.ਯੂ. ਡਾ. ਬਲਦੇਵ ਸਿੰਘ ਢਿਲੋਂ  ਨੇ ਕਿਸਾਨ ਮੇਲੇ ਦੇ ਉਦੇਸ਼ 'ਤੇ ਚਾਨਣ ਪਾਉਂਦਿਆਂ ਖੇਤੀ ਸਾਧਨਾਂ ਦਾ ਹਿਸਾਬ ਕਿਤਾਬ ਰੱਖਣ, ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ, ਲੋੜ ਅਨੁਸਾਰ ਕੀਟ ਨਾਸ਼ਕ ਰਸਾਇਣਾਂ ਦੀ ਵਰਤੋਂ ਕਰਨ ਲਈ ਕਿਹਾ। ਯੂਨੀਵਰਸਟੀ ਮਾਹਰਾਂ ਨਾਲ ਈ-ਮੇਲ,  ਵੱਟਸਅੱਪ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਵੱਧ ਤੋਂ ਵੱਧ ਜੁੜਨ ਦੀ ਅਪੀਲ ਕਰਦਿਆਂ ਉਨ੍ਹਾਂ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਦੇ ਨਾਹਰੇ 'ਤੇ ਚਲਦਿਆਂ ਸਾਦਗੀ ਵਾਲਾ ਜੀਵਨ ਜਿਉਣ ਅਤੇ ਸਮਾਜਕ ਸਮਾਗਮਾਂ ਮੌਕੇ ਚਾਦਰ ਵੇਖ ਕੇ ਪੈਰ ਪਸਾਰਨ ਦੀ ਤਾਕੀਦ ਕੀਤੀ। ਪਿਛਲੇ ਸਾਲ ਬਾਸਮਤੀ ਦੇ ਆਏ ਚੰਗੇ ਰੇਟਾਂ ਦੇ ਚਲਦਿਆਂ ਇਸ ਵਾਰ ਫਿਰ ਕਿਸਾਨਾਂ ਦਾ ਰੁਝਾਨ ਬਾਸਮਤੀ 1121 ਵਲ ਦੇਖਣ ਨੂੰ ਮਿਲਿਆ। ਬਠਿੰਡਾ ਮੇਲੇ 'ਚ ਯੂਨੀਵਰਸਟੀ ਦੇ ਸਟਾਲਾਂ 'ਤੇ ਵਿਕੇ ਕੁਲ 20 ਲੱਖ ਦੇ ਬੀਜਾਂ ਵਿਚੋਂ ਇਕੱਲਾ 1121 ਬੀਜ ਹੀ ਸਾਢੇ ਚਾਰ ਲੱਖ ਦਾ ਵਿਕ ਗਿਆ। ਹਾਲੇ ਹੋਰ ਵੀ ਕਿਸਾਨ ਬੀਜ ਖ਼ਤਮ ਹੋਣ ਕਾਰਨ ਖ਼ਾਲੀ ਹੱਥ ਮੁੜ ਗਏ।ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਐਮ.ਪੀ. ਸਿੰਘ ਈਸ਼ਰ ਨੇ ਵੀ ਸੰਬੋਧਨ ਕੀਤਾ। ਸਟੇਜ਼ ਦੀ ਜਿੰਮੇਵਾਰੀ ਯੂਨੀਵਰਸਟੀ ਦੇ ਮਾਹਰ ਅਤੇ ਪ੍ਰਸਿੱਧ ਹਾਸਰਾਸ ਕਲਾਕਾਰ ਜਸਵਿੰਦਰ ਸਿੰਘ ਭੱਲਾ ਨੇ ਬਾਖੂਬੀ ਨਿਭਾਈ ਤੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਡਾ ਪਰਮਜੀਤ ਸਿੰਘ ਨੇ ਸਾਰਿਆਂ ਦਾ ਧਨਵਾਦ ਕੀਤਾ।