ਘਟੀਆ ਕਣਕ ਦੀ ਖ਼ਰੀਦ ਅਤੇ ਸਟੋਰ ਕਰਨ ਦੇ ਦੋਸ਼ 'ਚ ਦੋ ਫ਼ਰਮਾਂ ਵਿਰੁਧ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਵਿਧਾਇਕ ਦਰਸ਼ਨ ਬਰਾੜ ਨੇ ਲਿਆ ਸਖ਼ਤ ਐਕਸ਼ਨ

Notice against two firms

ਬਾਘਾ ਪੁਰਾਣਾ, ਸਥਾਨਕ ਸ਼ਹਿਰ ਦੀਆਂ ਕੁੱਝ ਵੱਡੀਆਂ ਫਰਮਾਂ ਵਲੋਂ ਕਰੋੜਾਂ ਦੀ ਅਤੀ ਘਟੀਆ ਕਣਕ ਖਰੀਦ ਕੇ ਸਟੋਰ ਵਿਚ ਜਮਾ ਕਰਕੇ ਰੱਖਣ ਸਬੰਧੀ ਚੱਲ ਰਹੀਆਂ ਚਰਚਾਵਾਂ ਦਾ ਸਖਤ ਨੋਟਿਸ ਲੈਂਦਿਆਂ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਖਤ ਲਹਿਜੇ ਕਿ ਕਿਹਾ ਕਿ ਸਾਡੇ ਨੋਟਿਸ ਵਿਚ ਇਹ ਗੱਲ ਆਈ ਹੈ ਕਿ ਬਾਘਾ ਪੁਰਾਣਾ ਦੇ ਕੁੱਝ ਧਨਾਢ ਲੋਕਾਂ ਵਲੋਂ ਅਤਿ ਘਟੀਆ ਦਰਜੇ ਦੀ ਕਣਕ ਜੋ ਕਿ ਖ਼ਰਾਬ ਹੋ ਜਾਣ ਕਰ ਕੇ ਪਸ਼ੂਆਂ ਦੇ ਖਾਣ ਦੇ ਯੋਗ ਨਹੀਂ ਰਹੀ ਉਸ ਦੀ ਖਰੀਦ ਕਰਕੇ ਸਟੋਰ ਕੀਤੀ ਗਈ ਹੈ ਅਤੇ ਜਿਸ ਤੋਂ ਆਟਾ ਤਿਆਰ ਕਰ ਕੇ ਲੋਕਾਂ ਵਿਚ ਵੇਚਣ ਦੀਆਂ ਤਿਆਰੀਆਂ ਹਨ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਭਾਰੀ ਖਿਲਵਾੜ ਹੋ ਸਕਦਾ ਹੈ ਅਤੇ ਆਮ ਜਨਤਾ ਖਤਰਨਾਕ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀ ਹੈ, ਪਰ ਕਾਂਗਰਸ ਸਰਕਾਰ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਜਲਦੀ ਹੀ ਸਿਹਤ ਵਿਭਾਗ ਅਤੇ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਅਜਿਹੇ ਮਿਲਾਵਟ ਖੋਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਜਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। 

ਉਨ੍ਹਾਂ ਹੋਰ ਕਿਹਾ ਕਿ ਬਾਘਾ ਪੁਰਾਣਾ ਏਰੀਏ ਇਕ ਸੀਮਿੰਟ ਫੈਕਟਰੀ ਵਲੋਂ ਹਲਕੇ ਦਰਜੇ ਦਾ ਸੀਮਿੰਟ ਤਿਆਰ ਕਰ ਕੇ ਉਸ ਨੂੰ ਉਚ ਕੁਆਲਟੀ ਦੇ ਮਾਰਕੇ ਵਿਚ ਧੜ੍ਹਾਧੜ੍ਹ ਵੇਚਿਆ ਜਾ ਰਿਹਾ ਹੈ ਅਤੇ ਭੋਲੇ ਭਾਲੇ ਲੋਕਾਂ ਦੇ ਮਕਾਨਾਂ ਵਿਚ ਇਸ ਸੀਮਿੰਟ ਨੂੰ ਵਧੀਆ ਕੁਆਲਿਟੀ ਦਾ ਅਖ ਕੇ ਲਵਾਇਆ ਜਾ ਰਿਹਾ ਹੈ ਅਤੇ ਇਸ ਘਟੀਆ ਮਾਲ ਨਾਲ ਤਿਆਰ ਕੀਤੀ ਇਮਾਰਤ ਕਦੇ ਵੀ ਡਿੱਗ ਸਕਦੀ ਹੈ ਜਿਸ ਨਾਲ ਕਦੇ ਵੀ ਹਾਦਸਾ ਵਾਪਰਕੇ ਭਾਰੀ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੁਨਾਫ਼ੇ ਖੋਰ ਪੈਸਾ ਇਕੱਠਾ ਕਰਨ ਦੇ ਚੱਕਰ ਵਿਚ ਆਮ ਲੋਕਾਂ ਦੀ ਸਿਹਤ ਨਾਲ ਅਤੇ ਜਾਨ ਮਾਲ ਨਾਲ ਭਾਰੀ ਖਿਲਵਾੜ ਕਰ ਰਹੇ ਹਨ, ਜਿਨ੍ਹਾਂ ਨੂੰ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਜਲਦੀ ਹੀ ਨੱਥ ਪਾ ਕੇ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਦਿੱਤੇ ਗਏ ਵਚਨ ਪੂਰਾ ਕਰਕੇ ਆਮ ਜਨਤਾ ਨਾਲ ਕੀਤੇ ਵਾਅਦੇ 'ਤੇ ਖਰਾ ਉਤਰੇਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਰਾਮ ਸਿੰਘ ਲੋਧੀ, ਸੀਨੀ: ਜਗਸੀਰ ਸਿੰਘ ਗਿੱਲ ਕਾਲੇਕੇ, ਸੋਨੀ ਘੋਲੀਆ, ਸਾਬਕਾ ਸਰਪੰਚ ਨੈਬ ਸਿੰਘ ਥਰਾਜ, ਰੂਪ ਸਿੰਘ ਫੂਲੇਵਾਲਾ, ਸਾਬਕਾ ਸਰਪੰਚ ਰਣਜੀਤ ਸਿੰਘ ਢਿੱਲਵਾ ਵਾਲਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸੀ।