SKM ਨੇ ਫਿਰ ਵਿੱਢਿਆ ਪੰਜਾਬ ਸਰਕਾਰ ਖਿਲਾਫ਼ ਸੰਘਰਸ਼, ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਦੱਸੀ ਵਜ੍ਹਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ 8 ਦੇ ਕਰੀਬ ਸੈਲਰਾਂ ਨੂੰ ਕਰਨ ਜਾ ਰਹੀ ਹੈ ਮੰਡੀਆਂ ਘੋਸ਼ਿਤ

Jagjit Singh Dallewal

 ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਬਣੇ ਨਿੱਜੀ ਸੈਲਰਾਂ ਨੂੰ ਮੰਡੀਆਂ ਐਲਾਨਿਆ ਗਿਆ ਹੈ ਜਿਸ ਨੂੰ ਲੈ ਕੇ SKM (ਗੈਰ-ਰਾਜਨੀਤਿਕ) ਵਲੋਂ ਸੰਘਰਸ ਦਾ ਬਿਗਲ ਵਜਾ ਦਿੱਤਾ ਗਿਆ ਹੈ। SKM ਗੈਰ ਰਾਜਨੀਤਿਕ ਵਲੋਂ 28 ਅਪ੍ਰੈਲ ਨੂੰ ਜ਼ਿਲ੍ਹਾ ਮੰਡੀ ਅਫ਼ਸਰਾਂ ਦੇ ਘਿਰਾਉ ਦਾ ਐਲਾਨ ਕੀਤਾ ਗਿਆ ਹੈ।

ਇਸੇ ਨੂੰ ਲੈ ਕੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਫਰੀਦਕੋਟ ਵਿਖੇ ਮਜ਼ਦੂਰ ਯੂਨੀਅਨਾਂ ਅਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਮਿਲ ਕੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਅਤੇ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਇਹ ਕਥਿਤ ਲੋਕ ਮਾਰੂ ਫ਼ੈਸਲਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਰੀਬ ਡੇਢ ਸਾਲ ਤੱਕ ਜਿਸ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਵਿਖੇ ਲਗਾਤਾਰ ਧਰਨਾ ਦਿੱਤਾ, ਉਸ ਨੂੰ ਪੰਜਾਬ ਸਰਕਾਰ ਹੁਣ ਮਿੱਟੀ ਵਿਚ ਮਿਲਾ ਰਹੀ ਹੈ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨਾਂ ਖਿਲਾਫ਼ ਅਸੀਂ ਸੰਘਰਸ਼ ਕੀਤਾ ਉਹ ਪੰਜਾਬ ਦੀਆਂ ਮੰਡੀਆਂ ਖ਼ਤਮ ਕਰਨ ਵਾਲੇ ਸਨ ਅਤੇ ਹੁਣ ਪੰਜਾਬ ਸਰਕਾਰ ਸੂਬੇ ਦੇ 8 ਸੈਲਰਾਂ ਨੂੰ ਮੰਡੀਆਂ ਐਲਾਨ ਚੁੱਕੀ ਹੈ ਜਿਸ ਨਾਲ ਪੰਜਾਬ ਦੀਆਂ ਮੰਡੀਆਂ ਤੇ ਬੁਰਾ ਅਸਰ ਪਵੇਗਾ ਅਤੇ ਇਕ ਦਿਨ ਮੰਡੀ ਸਿਸਟਮ ਖ਼ਤਮ ਹੋ ਜਾਵੇਗਾ। ਜਿਸ ਨਾਲ ਪੰਜਾਬ ਦੇ ਇਕੱਲੇ ਕਿਸਾਨ ਹੀ ਨਹੀਂ, ਟਰੱਕ ਆਪਰੇਟਰ, ਮਜ਼ਦੂਰ, ਆੜਤੀਏ ਸਭ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ SKM ਗੈਰ ਰਾਜਨੀਤਿਕ ਸਰਕਾਰ ਦੇ ਇਸ ਕਥਿਤ ਲੋਕ ਮਾਰੂ ਫ਼ੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

ਉਹਨਾਂ ਕਿਹਾ ਕਿ ਇਸੇ ਲਈ SKM ਗੈਰ ਰਾਜਨੀਤਿਕ ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਵੱਡਾ ਸੰਘਰਸ ਵਿੱਢਣ ਜਾ ਰਿਹਾ ਹੈ ਜਿਸ ਦਾ ਆਗਾਜ਼ ਪਹਿਲਾਂ ਖੇਤੀਬਾੜੀ ਮੰਤਰੀ ਦੇ ਘਰ ਦਾ ਘਿਰਾਓ ਕਰ ਕੇ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਹੁਣ ਸੰਘਰਸ ਨੂੰ ਤੇਜ਼ ਕਰਦੇ ਹੋਏ SKM ਗੈਰ ਰਾਜਨੀਤਿਕ ਵਲੋਂ ਮਜ਼ਦੂਰ ਅਤੇ ਟਰੱਕ ਯੂਨੀਅਨਾਂ ਨਾਲ ਮਿਲ ਕੇ 28 ਫਰਵਰੀ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੰਡੀ ਅਫ਼ਸਰਾਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਦ ਤੱਕ ਸਰਕਾਰ ਆਪਣਾ ਇਹ ਕਥਿਤ ਮੰਡੀ ਵਿਰੋਧੀ ਫ਼ੈਸਲਾ ਵਾਪਸ ਨਹੀਂ ਲੈਂਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ।