ਜੀਵਨ ਬਚਾਉਣ ਲਈ ਜੈਵਿਕ ਖਾਦਾਂ ਵਰਤਣਾ ਸਮੇਂ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿਵੇਂ ਜਿਵੇਂ ਇਨਸਾਨ ਨਵੀਆਂ ਖੋਜਾਂ ਅਤੇ ਨਵੀਆਂ ਪ੍ਰਾਪਤੀਆਂ ਵੱਲ ਵਧ ਰਿਹਾ ਹੈ ਓਵੇ ਹੀ ਕੁਦਰਤੀ ਪ੍ਰਣਾਲੀ ਨਾਲ ਛੇੜਛਾੜ ਅਤੇ ਕੁਦਰਤੀ ਸੋਮਿਆਂ....

Farmer Using Fertilizers

ਸੰਗਰੂਰ : ਜਿਵੇਂ ਜਿਵੇਂ ਇਨਸਾਨ ਨਵੀਆਂ ਖੋਜਾਂ ਅਤੇ ਨਵੀਆਂ ਪ੍ਰਾਪਤੀਆਂ ਵੱਲ ਵਧ ਰਿਹਾ ਹੈ ਓਵੇ ਹੀ ਕੁਦਰਤੀ ਪ੍ਰਣਾਲੀ ਨਾਲ ਛੇੜਛਾੜ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਇਨਸਾਨ ਨੂੰ ਨਵੀਆਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿੱਟੀ, ਪਾਣੀ ਅਤੇ ਹਵਾ ਦਾ ਇਨਸਾਨ ਦੀ ਹੋਂਦ ਵਿੱਚ ਅਹਿਮ ਰੋਲ ਹੈ ਤੇ ਇਹਨਾਂ ਤਿੰਨਾਂ ਤੋਂ ਬਗੈਰ ਮਨੁੱਖੀ ਜੀਵਨ ਸੰਭਵ ਨਹੀਂ, ਪਰ ਇਨਸਾਨ ਦੀਆਂ ਲਾਲਸਾਵਾਂ ਅਤੇ ਵੱਧ ਪੈਦਾਵਾਰ ਦੇ ਚੱਕਰ ਵਿੱਚ ਉਲਝ ਕੇ ਇਨਸਾਨ ਇਨ੍ਹਾਂ ਤਿੰਨਾਂ ਚੀਜਾਂ ਨੂੰ ਪਲੀਤ ਕਰ ਰਿਹਾ ਹੈ।

ਖੇਤੀ ਸੈਕਟਰ ਵਿੱਚ ਕੀਤੀ ਜਾਣ ਵਾਲੀ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਜਿੱਥੇ ਜਮੀਨ ਦੀ ਸ਼ੁੱਧਤਾ ਖਤਮ ਹੋ ਰਹੀ ਹੈ ਓਥੇ ਜਮੀਨਦੋਜ ਪਾਣੀ ਵਿੱਚ ਵੀ ਜਹਿਰੀਲੇ ਤੱਤਾਂ ਦੀ ਮਾਤਰਾ ਵੱਧ ਹੋ ਰਹੀ ਹੈ ਜਿਸ ਕਾਰਨ ਕੈਂਸਰ, ਕਾਲਾ ਪੀਲੀਆ, ਜਿਗਰ ਦੇ ਰੋਗਾਂ ਤੋਂ ਇਲਾਵਾ ਹੋਰ ਅਜਿਹੀਆਂ ਬਿਮਾਰੀਆਂ ਨੇ ਇਨਸਾਨੀ ਜੀਵਨ ਨੂੰ ਘੇਰ ਲਿਆ ਹੈ ਕਿ ਜਿਨ੍ਹਾਂ ਦਾ ਇਲਾਜ ਆਮ ਲੋਕਾਂ ਦੇ ਵਸੋਂ ਬਾਹਰ ਦੀ ਗੱਲ ਹੈ। ਆਏ ਦਿਨ ਵਧ ਰਹੇ ਬਿਮਾਰੀਆਂ ਦੇ ਪ੍ਰਕੋਪ ਨੂੰ ਵੇਖਦਿਆਂ ਅਤੇ ਵਾਤਾਵਰਣ ਦੇ ਵਧ ਰਹੇ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਅੱਜ ਜਰੂਰਤ ਹੈ

ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਕੇ ਜੈਵਿਕ ਖਾਦਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਜੈਵਿਕ ਜਾਂ ਕੁਦਰਤੀ ਖਾਦਾਂ, ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ਼ ਤਿਆਰ ਕੀਤੇ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਕਰਨ ਨੂੰ ਜੈਵਿਕ ਖੇਤੀ ਖੇਤੀ ਜਾਂ ਕੁਦਰਤੀ ਖੇਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ। 
ਜੈਵਿਕ ਜਾਂ ਕੁਦਰਤੀ ਖਾਦਾਂ ਦੀ ਗਿਣਤੀ ਵਿੱਚ ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਨੂੰ ਮੰਨਿਆ ਜਾਂਦਾ ਹੈ ਇਸ ਦੇ ਇਲਾਵਾ ਹਰੀ ਖਾਦ ਦੀ ਵਰਤੋਂ ਕਰਨ ਦੀ ਤਕਨੀਕ ਵੀ ਅਪਣਾਈ ਜਾਂਦੀ ਹੈ ਜਿਸ ਵਿੱਚ ਕਿਸੇ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਵਾਹ ਜਾਂ ਦੱਬ ਦੇਣ ਨਾਲ਼ ਤਿਆਰ ਹੁੰਦੀ ਹੈ

ਜਿਸ ਵਿੱਚ ਆਮ ਤੌਰ 'ਤੇ ਜੰਤਰ, ਗਵਾਰਾ, ਮੂੰਗੀ ਆਦਿ ਫਲੀਦਾਰ ਫ਼ਸਲਾਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ।  ਇਸ ਤਰ੍ਹਾਂ ਦੀ ਤਕਨੀਕ ਨਾਲ ਕੀਤੀ ਜਾਣ ਵਾਲੀ ਖੇਤੀ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਬਿਲਕੁੱਲ ਵੀ ਨਹੀਂ ਕੀਤੀ ਜਾਂਦੀ। ਇਸ ਦੇ ਤਹਿਤ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਉਹਨਾਂ ਦੇ ਖੇਤਾਂ ਨੂੰ ਜੈਵਿਕ ਖੇਤਾਂ ਵਜੋਂ ਰਜਿਸਟਰ ਵੀ ਕਰਦੀ ਹੈ। ਜੈਵਿਕ ਖੇਤੀ ਇੱਕ ਬਦਲਵੀਂ ਖੇਤੀ ਪ੍ਰਣਾਲੀ ਹੈ ਜੋ 20 ਵੀਂ ਸਦੀ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਬਦਲਣ ਵਾਲੇ ਖੇਤੀਬਾੜੀ ਅਮਲ ਦੇ ਪ੍ਰਤੀਕਰਮ ਵਜੋਂ ਪੈਦਾ ਹੋਈ ਸੀ। ਅੱਜ ਕਈ ਜੈਵਿਕ ਖੇਤੀਬਾੜੀ ਸੰਗਠਨਾਂ ਦੁਆਰਾ ਆਰਗੈਨਿਕ ਖੇਤੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।