ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਤਿੱਖਾ ਹੋ ਰਿਹਾ ਹੈ ਕਿਸਾਨ ਅੰਦੋਲਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੋਦੀ ਸਰਕਾਰ ਵਲੋਂ ਜਾਰੀ 3 ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਕਿਸਾਨਾਂ ਦਾ ਅੰਦੋਲਨ ਤਿੱਖਾ ਰੂਪ ਲੈਣ ਵੱਲ ਵਧ ਰਿਹਾ ਹੈ।

Farmers' agitation against agriculture ordinances is intensifying in Punjab

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ): ਮੋਦੀ ਸਰਕਾਰ ਵਲੋਂ ਜਾਰੀ 3 ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਕਿਸਾਨਾਂ ਦਾ ਅੰਦੋਲਨ ਤਿੱਖਾ ਰੂਪ ਲੈਣ ਵੱਲ ਵਧ ਰਿਹਾ ਹੈ। ਕਿਸਾਨ ਜਥੇਬੰਦੀਆਂ ਸੂਬਾ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਇੱਕਠ ਕਰਨ 'ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਧਰਨੇ, ਪ੍ਰਦਰਸ਼ਨ ਜਾਰੀ ਰੱਖ ਰਹੇ ਹਨ

ਭਾਵੇਂ ਕਿ ਪਿਛਲੇ ਦਿਨੀਂ ਕਿਸਾਨਾਂ ਵਲੋਂ ਪਿੰਡ ਬਾਦਲ ਵਿਖੇ ਘਿਰਾਉ ਦੇ ਪ੍ਰੋਗਰਾਮ ਵਿਚ ਲਾਠੀਚਾਰਜ ਬਾਅਦ ਕਿਸਾਨ ਆਗੂਆਂ 'ਤੇ ਪਰਚੇ ਵੀ ਦਰਜ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੇ ਲੱਖੋਵਾਲ ਵਲੋਂ ਪਿਛਲੇ ਦਿਨੀਂ ਕੀਤੇ ਟਰੈਕਟਰ ਮਾਰਚ ਤੋਂ ਬਾਅਦ ਹੁਣ 10 ਕਿਸਾਨ ਜਥੇਬੰਦੀਆਂ 27 ਜੁਲਾਈ ਨੂੰ ਪੰਜਾਬ ਦੇ ਸਾਰੇ ਪ੍ਰਮੁੱਖ ਅਕਾਲੀ-ਭਾਜਪਾ ਨੇਤਾਵਾਂ ਦੇ ਘਰਾਂ ਵਲ ਰੋਸ ਮਾਰਚ ਕਰਨਗੇ।

ਕਿਸਾਨ ਆਗੂਆਂ ਮੁਤਾਬਕ ਇਸ ਸਮੇਂ 10 ਹਜ਼ਾਰ ਤੋਂ ਵੱਧ ਟਰੈਕਟਰਾਂ ਸਮੇਤ ਕਿਸਾਨ ਮਾਰਚ ਕਰਨਗੇ। ਅਕਾਲੀ ਭਾਜਪਾ ਐਮ.ਪੀ. ਤੇ ਮੰਤਰੀਆਂ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਸਮੇਤ ਸੱਭ ਵੱਡੇ ਆਗੂਆਂ ਦੇ ਘਰਾਂ ਵਲ ਮਾਰਚ ਦੀ ਤਿਆਰੀ ਹੋ ਚੁਕੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤਾਂ ਇਸ ਦੀ ਤਿਆਰੀ ਲਈ ਲਗਾਤਾਰ ਇਕ ਹਫ਼ਤੇ ਤੋਂ ਪਿੰਡਾਂ ਵਿਚ ਤਿਆਰੀ ਤਹਿਤ ਮੋਦੀ ਸਰਕਾਰ ਦੇ ਪੁਤਲੇ ਫੂਕ ਰਹੀ ਹੈ।

700 ਤੋਂ ਵੱਧ ਪਿੰਡਾਂ ਵਿਚ ਮੁਹਿੰਮ ਚਲਾਈ ਗਈ ਹੈ। ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਪੰਜਾਬ ਦੇ ਆਗੂ ਦਰਸ਼ਨ ਪਾਲ ਦਾ ਕਹਿਣਾ ਹੈ ਕਿ ਇਹ ਅੰਦੋਲਨ ਹੁਣ ਆਰਡੀਨੈਂਸਾਂ ਦੀ ਵਾਪਸੀ ਤਕ ਰੁਕਣ ਵਾਲਾ ਨਹੀਂ ਅਤੇ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਮੋਦੀ ਸਰਕਾਰ ਵਿਰੁਧ ਵੱਡੀ ਲਹਿਰ ਖੜੀ ਕਰ ਦਿਤੀ ਜਾਵੇਗੀ।