ਨੂਹ ਯਾਤਰਾ ਵਿਵਾਦ 'ਤੇ ਬੋਲੇ ਰਾਕੇਸ਼ ਟਿਕੈਤ, ਜੇਕਰ ਗਲਤ ਮਕਸਦ ਨਾਲ ਧਾਰਮਿਕ ਯਾਤਰਾ ਕੱਢੀ ਗਈ ਤਾਂ ਟਰੈਕਟਰ ਯਾਤਰਾ ਵੀ ਨਿਕਲੇਗੀ
ਰਾਕੇਸ਼ ਟਿਕੈਤ ਐਤਵਾਰ ਨੂੰ ਪੰਜਾਬ ਜਾਂਦੇ ਹੋਏ ਕਿਸਾਨਾਂ ਦੇ ਮੋਰਚੇ 'ਤੇ ਫਤਿਹਾਬਾਦ ਦੇ ਟੋਹਾਣਾ 'ਚ ਕੁਝ ਸਮਾਂ ਰੁਕੇ
ਹਰਿਆਣਾ - ਹਰਿਆਣਾ ਦੇ ਫਤਿਹਾਬਾਦ ਪੁੱਜੇ ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਜਿੱਥੇ ਵੀ ਸੱਤਾ ਵਿਚ ਨਹੀਂ ਹੈ, ਉਹ ਰਾਜਪਾਲਾਂ ਰਾਹੀਂ ਮੌਜੂਦਾ ਸਰਕਾਰਾਂ ’ਤੇ ਦਬਾਅ ਬਣਾਉਣ ਦਾ ਕੰਮ ਕਰ ਰਹੀ ਹੈ। ਉਹ ਧਰਮ ਅਤੇ ਜਾਤ ਦੇ ਨਾਂ 'ਤੇ ਇਕ ਦੂਜੇ ਨੂੰ ਲੜਾਉਣ ਦਾ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਵਿਰੋਧੀ ਧਿਰ ਨੂੰ ਇਸ ਪ੍ਰਤੀ ਇੱਕਜੁੱਟ ਹੋਣ ਦੀ ਲੋੜ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਧਾਰਮਿਕ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ ਤਾਂ ਟਰੈਕਟਰ ਯਾਤਰਾਵਾਂ ਵੀ ਕੱਢੀਆਂ ਜਾ ਸਕਦੀਆਂ ਹਨ।
ਰਾਕੇਸ਼ ਟਿਕੈਤ ਐਤਵਾਰ ਨੂੰ ਪੰਜਾਬ ਜਾਂਦੇ ਹੋਏ ਕਿਸਾਨਾਂ ਦੇ ਮੋਰਚੇ 'ਤੇ ਫਤਿਹਾਬਾਦ ਦੇ ਟੋਹਾਣਾ 'ਚ ਕੁਝ ਸਮਾਂ ਰੁਕੇ। ਇੱਥੇ ਪੁੱਜਣ ’ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਟਿਕੈਤ ਨੇ ਇੱਥੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਗੱਲ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਧਾਰਮਿਕ ਯਾਤਰਾ ਰਵਾਇਤੀ ਤਰੀਕੇ ਨਾਲ ਹੁੰਦੀ ਹੈ ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਰ ਜਦੋਂ ਇਹ ਯਾਤਰਾਵਾਂ ਕਿਸੇ ਮਕਸਦ ਲਈ ਕੱਢੀਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਕੁਝ ਹਿੰਦੂ ਸੰਗਠਨਾਂ ਵੱਲੋਂ 28 ਅਗਸਤ ਨੂੰ ਮੁੜ ਤੋਂ ਨੂਹ 'ਚ ਬ੍ਰਜਮੰਡਲ ਯਾਤਰਾ ਕੱਢਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਤੁਰੰਤ ਪ੍ਰਸ਼ਾਸਨਿਕ ਤੰਤਰ ਨੂੰ ਸਰਗਰਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਪਾਰਟੀਆਂ ਦਾ ਉਦੇਸ਼ ਝਗੜੇ ਪੈਦਾ ਕਰਨਾ ਹੈ ਤਾਂ ਜੋ ਵੋਟ ਬੈਂਕ ਵਧੇ।
ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਹਰ ਕਿਸੇ ਨੂੰ ਕਿਤੇ ਵੀ ਪੂਜਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਜਦੋਂ ਕਿ ਬਹੁਤ ਸਾਰੇ ਲੋਕ ਧਰਮ ਅਤੇ ਜਾਤ ਦੇ ਨਾਂ 'ਤੇ ਗਲਤ ਤਰੀਕੇ ਨਾਲ ਝਗੜੇ ਆਦਿ ਪੈਦਾ ਕਰਕੇ ਆਪਸ ਵਿਚ ਲੜਾਉਣ ਦਾ ਕੰਮ ਕਰਦੇ ਹਨ, ਸਾਨੂੰ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਮੇਵਾਤ ਵਿੱਚ ਇੱਕ ਵੱਡੀ ਪੰਚਾਇਤ ਹੋਈ ਸੀ, ਜਿਸ ਦਾ ਵਿਸ਼ਾ ਸੀ ਕਿ ਨੂਹ ਵਿਚ ਗਲਤ ਤਰੀਕੇ ਨਾਲ ਯਾਤਰਾ ਕੱਢੀ ਜਾਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿਚ ਗਲਤ ਮਕਸਦ ਨਾਲ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਵੱਲੋਂ ਟਰੈਕਟਰ ਯਾਤਰਾਵਾਂ ਵੀ ਕੱਢੀਆਂ ਜਾਣਗੀਆਂ।