ਕਿਸਾਨਾਂ ਨੂੰ ਬੇਰੰਗ ਮੋੜਨ ਪਿੱਛੇ ਕੀ ਹੈ ਦਿੱਲੀ ਦਰਬਾਰ ਦੀ ਸੰਭਾਵਤ ਰਾਜਨੀਤੀ?

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

NDA ਗਠਜੋੜ ਵਿਚੋਂ ਬਾਹਰ ਆਉਣ ਤੋਂ ਬਾਅਦ ਬਾਦਲਾਂ ਕੋਲ ਵੀ ਅਪਣੇ ਸਿਆਸੀ ਵਿਰੋਧੀਆਂ ਵਾਂਗ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਬਚਿਆ।

Farmers

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਲਗਭਗ ਇਕ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇਦਿਆਂ ਦੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ 14 ਅਕਤੂਬਰ ਨੂੰ ਦਿੱਲੀ ਵਿਚ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ਨੇ ਇਨ੍ਹਾਂ ਬਿਲਾਂ ਵਿਰੁਧ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਤਾਂ ਨਿਰਾਸ਼ ਕੀਤਾ ਹੀ ਹੈ, ਇਨ੍ਹਾਂ ਬਿਲਾਂ ਆਸਰੇ ਪੰਜਾਬ ਅੰਦਰ ਸਿਆਸੀ ਉਭਾਰ ਭਾਲ ਰਹੀ ਭਾਜਪਾ ਦੀ ਪੰਜਾਬ ਇਕਾਈ ਨੂੰ ਵੀ ਅਪਣੀ  ਰਣਨੀਤੀ ਮੁੜ ਉਲੀਕਣ ਲਈ ਮਜਬੂਰ ਕਰ ਦਿਤਾ ਹੈ।

ਦਰਅਸਲ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਪੰਜਾਬ ਭਾਜਪਾ ਅਕਾਲੀ ਦਲ ਦੀ ਗਲਵਕੜੀ ਸਦਕਾ ਕਾਫ਼ੀ ਹੱਦ ਤਕ ਅਪਣੇ ਵੋਟ ਬੈਂਕ ਨੂੰ ਸੁਰੱਖਿਅਤ ਸਮਝਦੀ ਰਹੀ ਸੀ। ਇਸ ਲਈ ਖੇਤੀ ਬਿਲਾਂ ਕਾਰਨ ਉਪਜੇ ਹਾਲਾਤ ਦੇ ਚਲਦਿਆਂ, ਕੇਂਦਰ ਦੀ ਮੁਖ਼ਾਲਫ਼ਤ ਤੇ ਭਾਜਪਾ ਦੇ ਕੁੱਝ ਸੂਬਾਈ ਆਗੂਆਂ ਦੀ ਕਿਸਾਨਾਂ ਵਲੋਂ ਕੀਤੀ ਘੇਰਾਬੰਦੀ ਵੀ ਪੰਜਾਬ ਭਾਜਪਾ ਦੇ ਹੌਸਲੇ ਪਸਤ  ਨਹੀਂ ਕਰ ਸਕੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੀ ਅਖੌਤੀ ਕ੍ਰਿਸ਼ਮਈ ਸ਼ਖ਼ਸੀਅਤ ਆਸਰੇ ਦੇਰ ਸਵੇਰ ਕਿਸਾਨਾਂ ਦੀ ਕੁੜਿੱਕੀ ਵਿਚੋਂ ਬਾਹਰ ਨਿਕਲ ਜਾਣ ਲਈ ਆਸਵੰਦ ਸੀ।

ਦੂਜੇ ਪਾਸੇ ਅਪਣੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਦਿਲ ਚੀਰਵੀਆਂ ਘਟਨਾਵਾਂ ਅਕਾਲੀ ਦਲ ਦੇ ਗਲੇ ਦੀ ਹੱਡੀ ਬਣੀਆਂ ਹੋਣ ਕਾਰਨ ਅਪਣੇ ਵੋਟ ਬੈਂਕ ਨੂੰ ਸੰਭਾਲੀ ਰਖਣ ਲਈ ਲੋਚਦਾ ਅਕਾਲੀ ਦਲ ਵੀ ਭਾਜਪਾ ਨਾਲ ਅਪਣਾ ਸਾਥ ਬਰਕਰਾਰ ਰੱਖਣ ਦੇ ਰੌਂਅ ਵਿਚ ਸੀ।

ਪਰ  ਕਿਸਾਨਾਂ ਵਲੋਂ ਖੇਤੀ ਬਿਲਾਂ ਦੇ ਕੀਤੇ ਭਾਰੀ ਵਿਰੋਧ ਨੂੰ ਵੇਖਦਿਆਂ ਤੇ ਅਪਣੀ ਗੁਆਚੀ ਸਿਆਸੀ ਜ਼ਮੀਨ ਹਾਸਲ ਕਰਨ ਦੀ ਮਨਸ਼ਾ ਨਾਲ, ਅਕਾਲੀ ਦਲ ਨੇ ਪਹਿਲਾਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਵਿਚੋਂ ਅਸਤੀਫ਼ਾ ਦਿਵਾ ਕੇ ਬੁੱਤਾ ਸਾਰਨਾ ਚਾਹਿਆ ਪਰ ਬੀਬਾ ਹਰਸਿਮਰਤ ਦੇ ਅਸਤੀਫ਼ੇ ਦੇ ਬਾਵਜੂਦ ਅਪਣੀ ਗੱਲ ਬਣਦੀ ਨਾ  ਵੇਖ, ਅੱਕ ਚਬਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭਾਜਪਾ ਨਾਲ ਅਕਾਲੀ ਦਲ ਦੀ ਤਕਰੀਬਨ ਤਿੰਨ ਦਹਾਕੇ ਪੁਰਾਣੀ ਸਾਂਝ ਨੂੰ ਵਿਸਾਰਦਿਆਂ ਐਨ.ਡੀ.ਏ ਵਿਚੋਂ ਬਾਹਰ ਆਉਣ ਦਾ ਕੌੜਾ ਘੁੱਟ ਭਰਨਾ ਪਿਆ।

ਬਾਵਜੂਦ ਇਸ ਦੇ ਕਿ ਪਾਰਟੀ ਪ੍ਰਮੁੱਖ ਸ. ਪ੍ਰਕਾਸ਼ ਸਿੰਘ ਬਾਦਲ ਨੇ  ਇਸ ਮੌਕੇ ਚੁੱਪੀ ਧਾਰ ਕੇ ਅਤੇ ਅਪਣੇ ਪੁਰਾਣੇ ਭਾਈਵਾਲ  ਭਾਜਪਾ ਪ੍ਰਤੀ ਕੁਸੈਲੇ ਬੋਲ ਨਾ ਬੋਲ ਕੇ ਭਵਿੱਖ ਵਿਚ ਮੁੜ ਗਠਜੋੜ ਕਰ ਸਕਣ ਦਾ ਰਾਹ ਖੁੱਲ੍ਹਾ ਰਖਿਆ  ਹੋਇਆ ਹੈ। ਪਰ ਅਪਣੀ ਸਿਆਸੀ ਮਜਬੂਰੀ ਤੇ ਲੋਕ ਰੋਹ ਨੂੰ ਵੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲੋਂ ਪਤੀ-ਪਤਨੀ ਦਾ ਰਿਸ਼ਤਾ ਤੋੜ ਦਿਤਾ।

ਹਾਲਾਂਕਿ ਪੰਜਾਬ ਦੀ ਵਸੋਂ ਦਾ ਇਕ ਵੱਡਾ ਤਬਕਾ ਅਕਾਲੀ ਬਾਦਲ ਤੇ ਸੁਖਬੀਰ ਬਾਦਲ ਦੇ ਐਨ.ਡੀ.ਏ. ਵਿਚੋਂ ਬਾਹਰ ਆਉਣ ਦੇ ਇਸ ਕਦਮ ਨੂੰ ਸਿਆਸੀ ਸਟੰਟ ਤੇ ਮੌਕੇ ਦੀ ਸਿਆਸਤ ਗਰਦਾਨ ਰਿਹਾ ਹੈ। ਪਰ ਕਿਸਾਨੀ ਸੰਘਰਸ਼ ਦੇ ਚਲਦਿਆਂ ਅਪਣੇ ਵੋਟ ਬੈਂਕ ਨੂੰ ਹੱਥਾਂ ਵਿਚ ਰੱਖਣ ਲਈ ਸੁਖਬੀਰ ਬਾਦਲ ਕੋਲ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ। ਐਨ.ਡੀ.ਏ. ਗਠਜੋੜ ਵਿਚੋਂ ਬਾਹਰ ਆਉਣ ਤੋਂ ਬਾਅਦ ਸੁਖਬੀਰ ਬਾਦਲ ਕੋਲ ਵੀ ਅਪਣੇ ਸਿਆਸੀ ਵਿਰੋਧੀਆਂ ਕਾਂਗਰਸ ਤੇ ਆਪ ਵਾਂਗ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਬਚਿਆ।

ਲਿਹਾਜ਼ਾ ਛੋਟੇ ਬਾਦਲ ਸਾਹਬ ਨੇ ਉਹੀ ਕੀਤਾ ਜੋ ਇਸ ਵਕਤ ਸਿਆਸਤ ਨੂੰ ਦਰਕਾਰ ਸੀ ਪਰ ਅਕਾਲੀ ਦਲ ਲਈ ਪ੍ਰੇਸ਼ਾਨੀ ਵਾਲੀ ਗੱਲ ਇਹ ਰਹੀ ਕਿ ਖੇਤੀ ਬਿਲਾਂ ਵਿਰੁਧ ਭੁਗਤਣ ਤੇ ਅਪਣੀ ਪਾਰਟੀ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਇਤਬਾਰ ਨਹੀਂ ਕਰ ਪਾ ਰਹੇ ਤੇ ਆਪੋ ਅਪਣੇ ਧੜਿਆਂ ਵਿਚ ਵੰਡੇ ਕਿਸਾਨਾਂ ਨੇ ਅਪਣੇ ਪੱਧਰ ਤੇ ਹੀ ਖੇਤੀ ਬਿਲਾਂ ਵਿਰੋਧੀ ਸੰਘਰਸ਼ ਨੂੰ ਬਰਕਰਾਰ ਰਖਿਆ ਹੋਇਆ ਹੈ। ਕਿਸਾਨਾਂ ਨੇ ਇਕ ਗੱਲ ਸਾਫ਼ ਤੌਰ ਉਤੇ ਆਖੀ ਹੈ ਕਿ ਉਨ੍ਹਾਂ ਨੂੰ ਅੱਜ ਕਿਸੇ ਵੀ ਸਿਆਸੀ ਪਾਰਟੀ ਉਤੇ ਇਤਬਾਰ ਨਹੀਂ ਹੈ।

ਬੇਸ਼ਕ ਕਾਂਗਰਸ ਤੇ  ਆਪ ਪਾਰਟੀਆਂ ਨੇ ਵੀ ਅਪਣੇ ਕਾਰਕੁਨਾਂ ਰਾਹੀਂ ਪਿਛਲੇ ਦਰਵਾਜ਼ੇ ਰਾਹੀਂ ਇਸ ਸੰਘਰਸ਼ ਵਿਚ ਸ਼ਾਮਲ ਹੋ, ਅਪਣੀਆਂ ਪਾਰਟੀਆਂ ਨੂੰ ਅਕਾਲੀ ਦਲ ਬਾਦਲ ਵਾਂਗ  ਕਿਸਾਨ ਹਿਤੈਸ਼ ਹੋਣ ਦਾ ਭਰਮ ਦੇਣਾ ਚਾਹਿਆ ਪਰ ਅਸਲੀਅਤ ਇਹੀ ਰਹੀ ਕਿ ਪੰਜਾਬ ਦਾ ਵਰਤਮਾਨ ਕਿਸਾਨ ਸੰਘਰਸ਼ ਨਿਰੌਲ ਕਿਸਾਨੀ ਦੀ ਪ੍ਰਾਪਤੀ ਹੋ ਨਿਬੜਿਆ ਹੈ। ਇਸ ਸੰਘਰਸ਼ ਵਿਚ ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਹੋਰ ਵਰਗਾਂ ਜਿਵੇਂ ਆੜ੍ਹਤੀ, ਡਾਕਟਰ, ਲੇਖਕ, ਕਲਾਕਾਰ ਤੇ ਆਮ ਦੁਕਾਨਦਾਰ ਸ਼ਮੂਲੀਅਤ  ਕਰ ਰਹੇ ਹਨ।

ਹਾਲਾਂਕਿ ਵਰਤਮਾਨ ਦੌਰ ਦਾ ਕਿਸਾਨ ਸੰਘਰਸ਼ ਨਿਰੋਲ ਕਿਸਾਨਾਂ ਦੀ ਪ੍ਰਾਪਤੀ ਹੋ ਨਿਬੜਿਆ ਹੈ। ਪਰ ਦੂਜੇ ਪਾਸੇ ਸੱਚਾਈ ਇਹ ਵੀ ਹੈ ਕਿ ਇਹ ਕਿਸਾਨੀ ਸੰਘਰਸ਼ ਕਿਸੇ ਇਕ ਝੰਡੇ ਹੇਠ ਸਿਮਟਿਆ ਹੋਇਆ  ਨਾ ਹੋ ਕੇ ਵੱਖੋ-ਵੱਖ ਧੜਿਆਂ ਵਿਚ ਵੰਡਿਆ ਹੋਇਆ ਹੈ। ਉਨ੍ਹਾਂ ਧੜਿਆਂ ਵਿਚੋਂ ਵੀ ਬਹੁ ਗਿਣਤੀ ਧੜੇ ਖੇਤੀ ਕਾਨੂੰਨ ਵਾਪਸ ਹੋਣ ਤਕ ਸੰਘਰਸ਼ ਨੂੰ ਜਾਰੀ ਰੱਖਣ ਲਈ ਬਜ਼ਿੱਦ ਹਨ ਜਦਕਿ ਕੁੱਝ ਧੜੇ ਕਾਨੂੰਨਾਂ ਵਿਚ ਜ਼ਰੂਰੀ ਸੋਧ ਲਈ ਸਰਕਾਰ ਨਾਲ ਗੱਲਬਾਤ ਕਰਨ ਦੇ ਹੱਕ ਵਿਚ ਹਨ ਤੇ ਬਸ ਕਿਸਾਨਾਂ ਦੇ ਸਾਂਝੇ ਸੰਘਰਸ਼ ਦੀ ਇਸੇ ਧੜੇਬੰਦੀ ਦਾ ਫ਼ਾਇਦਾ ਕੇਂਦਰ ਚੁੱਕ ਰਿਹਾ ਹੈ। ਕਿਸੇ ਇਕ ਠੋਸ ਨੇਤਾ, ਕਿਸੇ ਇਕ ਝੰਡੇ ਦੀ ਗ਼ੈਰਹਾਜ਼ਰੀ ਨੂੰ ਸਮਝਦੇ ਹੋਏ ਕੇਂਦਰ ਵੀ ਇਸ ਸੰਘਰਸ਼ ਨੂੰ ਤਦ ਤਕ ਲਮਕਾਉਣ ਦੇ ਰੌਂਅ ਵਿਚ ਜਾਪਦਾ ਹੈ ਜਦ ਤਕ ਇਹ ਸੰਘਰਸ਼ ਕਿਸੇ ਇਕ ਝੰਡੇ ਦਾ ਝੰਡਾਬਰਦਾਰ ਨਹੀਂ ਬਣ ਜਾਂਦਾ।

ਕੇਂਦਰ ਦਾ ਭਗਵਾਂ ਬ੍ਰਿਗੇਡ ਜਾਣਦਾ ਸਮਝਦਾ ਹੈ  ਕਿ ਪੰਜਾਬ ਵਿਚ ਵਿਰੋਧੀ ਪਾਰਟੀ ਕਾਂਗਰਸ ਦੀ ਸਰਕਾਰ ਹੋਣ ਦੇ ਚਲਦਿਆਂ ਸੰਘਰਸ਼ ਵਿਰਾਮ ਦਾ ਸਿਹਰਾ ਕਾਂਗਰਸ ਸਿਰ ਬੰਨ੍ਹਣਾ ਸਿਆਸੀ ਤੌਰ ਉਤੇ  ਉਸ ਦੇ ਹੱਕ ਵਿਚ ਨਹੀਂ ਭੁਗਤਦਾ। ਉਹ ਇਹ ਵੀ ਜਾਣਦਾ ਹੈ ਕਿ ਆਪ ਨੂੰ ਸਿਹਰਾ ਬਣਵਾ ਕੇ  ਕੇਜਰੀਵਾਲ ਤੇ ਆਪ ਦੀ ਪੰਜਾਬ ਇਕਾਈ ਦਾ ਕੱਦ ਵੱਡਾ ਕਰਨਾ ਸਿਆਸੀ ਤੌਰ ਉਤੇ ਉਸ ਲਈ ਭਵਿੱਖ ਵਿਚ ਘਾਟੇ ਵਾਲਾ ਸੌਦਾ ਸਾਬਤ ਹੋਣਾ ਹੈ।

ਅਪਣੀਆਂ ਮਜਬੂਰੀਆਂ ਕਾਰਨ ਇਸ ਦੇ ਪੁਰਾÎਣੇ ਭਾਈਵਾਲ ਅਕਾਲੀ ਦਲ ਬਾਦਲ ਦਾ ਹੁਣ ਇਸ ਦੇ ਗਠਜੋੜ ਦਾ ਹਿੱਸਾ ਨਾ ਰਹਿਣਾ ਵੀ ਇਸ ਨੂੰ ਨਵੀਂ ਰਣਨੀਤੀ ਘੜਨ ਲਈ ਮਜਬੂਰ ਕਰ  ਰਿਹਾ ਹੈ। ਉਂਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਖੌਤੀ ਤਲਿਸਮ ਨਾਲ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਅਪਣੇ ਦਮ ਤੇ ਲੜਨਾ ਲੋਚਦੀ ਪੰਜਾਬ ਭਾਜਪਾ ਇਕਾਈ, ਅਕਾਲੀ ਦਲ ਬਾਦਲ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਸਿਹਰਾ ਦੇਣ ਦੇ ਹੱਕ ਵਿਚ ਨਹੀਂ  ਜਾਪਦੀ।

ਪਰ  ਕਿਸੇ ਕ੍ਰਿਸ਼ਮਈ ਲੀਡਰ ਦੀ ਘਾਟ ਤੇ  ਖੇਤੀ ਬਿੱਲਾਂ ਕਾਰਨ ਪੰਜਾਬ ਅੰਦਰ ਭਾਜਪਾ ਦੇ ਵਿਰੋਧ ਦੇ ਚਲਦਿਆਂ ਖ਼ੁਦ ਪੰਜਾਬ ਭਾਜਪਾ ਇਸ ਹਾਲਤ ਵਿਚ ਨਹੀਂ ਕਿ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਵਾ ਕੇ ਜਿੱਤ ਦਾ ਸਿਹਰਾ ਅਪਣੇ ਸਿਰ ਸਜਾ ਲਵੇ। ਅਕਾਲੀ ਦਲ ਤੋਂ ਵੱਖ ਹੋ ਕੇ ਅਪਣੀ ਰਾਜਨੀਤਕ ਜ਼ਮੀਨ ਤਲਾਸ਼ ਰਿਹਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਧੜਾ ਅਪਣੇ ਸੀਮਤ ਦਾਇਰੇ ਕਾਰਨ ਹਾਲੇ ਖ਼ੁਦ ਇਸ ਹਾਲਤ ਵਿਚ ਨਹੀਂ ਕਿ  ਕੇਂਦਰ ਨੂੰ ਕਿਸਾਨਾਂ ਦੇ ਹੱਕ ਵਿਚ ਭੁਗਤਾ ਸਕੇ। ਸੋ ਕੁੱਲ ਮਿਲਾ ਕੇ ਕਿਸਾਨੀ ਸੰਘਰਸ਼ ਦੀਆਂ ਇਨ੍ਹਾਂ ਅੰਦਰੂਨੀ ਪਰਤਾਂ ਕਾਰਨ, ਦਿੱਲੀ ਸ਼ਹਿ ਤੇ ਮਾਤ ਦੀ ਇਸ ਸ਼ਤਰੰਜ ਦੀ ਖੇਡ ਵਿਚ ਹਰ ਕਦਮ ਫੂਕ-ਫੂਕ ਕੇ ਰੱਖ ਰਿਹਾ ਹੈ।

ਹੁਣ ਜਦੋਂ ਕਿਸਾਨੀ ਮਸਲਾ ਪੂਰੀ ਤਰ੍ਹਾਂ ਭੱਖ ਚੁਕਿਆ ਹੈ  ਤਾਂ ਯਕੀਨਨ  ਕੇਂਦਰ ਦੀ ਹਕੂਮਤ ਇਸੇ ਕੋਸ਼ਿਸ਼ ਵਿਚ ਹੋਵੇਗੀ ਕਿ ਕੋਈ ਇਹੋ ਜਿਹਾ ਲੀਡਰ, ਕੋਈ ਇਹੋ ਜਿਹਾ ਲੋਕ ਨੁਮਾਇੰਦਾ ਅੱਗੇ ਲਿਆਂਦਾ ਜਾਵੇ ਜਿਹੜਾ ਪੰਜਾਬ ਦੀ ਕਿਸਾਨੀ ਦੇ ਹੱਕ ਵਿਚ ਭੁਗਤਾਉਣ ਜਾਂ ਕੇਂਦਰ ਤੇ ਕਿਸਾਨਾਂ ਵਿਚ ਆਪਸੀ ਤਾਲਮੇਲ ਬਿਠਾਉਣ ਦੇ ਨਾਲ-ਨਾਲ, ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਪਲੇਟਫ਼ਾਰਮ ਉੱਤੇ ਇਕਠਿਆਂ ਕਰੇ ਤੇ ਪੰਜਾਬ ਵਿਚ ਭਾਜਪਾ ਲਈ ਸਿਆਸੀ ਜ਼ਮੀਨ ਮੁਹਈਆ ਕਰਵਾ ਸਕੇ।

ਉਹ ਨੁਮਾਇੰਦਾ ਜਿਹੜਾ ਕਿਸਾਨੀ ਵਿਚ ਪੈਂਠ ਵੀ ਰਖਦਾ ਹੋਵੇ, ਖੇਤੀ ਬਿਲਾਂ ਨੂੰ ਲੈ ਕੇ ਕਿਸਾਨੀ ਖ਼ਦਸ਼ਿਆਂ ਨੂੰ ਦੂਰ ਕਰ ਸਕਣ ਦੇ ਸਮਰੱਥ ਵੀ ਹੋਵੇ ਤੇ ਦੇਰ ਸਵੇਰ ਭਾਜਪਾ ਦੇ ਏਜੰਡੇ ਨੂੰ ਵੀ ਅੱਗੇ ਤੋਰਨ ਦੇ ਕਾਬਲ ਹੋਵੇ। ਕੋਈ ਅਜਿਹਾ ਲੀਡਰ ਜਿਸ ਨੂੰ ਮੂਹਰੇ ਲਗਾ ਕੇ ਪੰਜਾਬ ਭਾਜਪਾ ਇਕੱਲਿਆਂ ਵਿਧਾਨ ਸਭਾ ਚੋਣ ਲੜਨ ਦੇ ਅਪਣੇ ਮਨਸੂਬੇ ਨੂੰ ਹਕੀਕਤ ਵਿਚ ਤਬਦੀਲ ਹੁੰਦਿਆਂ ਵੇਖ ਸਕੇ।

ਬਿਨਾਂ ਸ਼ੱਕ ਕਿਸਾਨੀ ਤੇ ਕਿਸਾਨਾਂ ਦੇ ਇਸ ਉਲਝੇ ਮਸਲੇ ਨੂੰ ਸੁਲਝਾਉਣ ਲਈ ਜਿਹੜਾ ਵੀ ਕੋਈ ਆਗੂ ਕੋਈ ਪਹਿਲ ਕਦਮੀ ਕਰਦਾ ਹੈ ਤਾਂ ਇਹ ਪੇਸ਼ਕਦਮੀ ਯਕੀਨਨ ਉਸ ਅਖੌਤੀ ਲੀਡਰ ਦੇ ਸਿਆਸੀ ਜੀਵਨ ਲਈ ਤਾਂ ਮੀਲ ਦਾ ਪੱਥਰ ਸਾਬਤ ਹੋਵੇਗੀ ਹੀ, ਪੰਜਾਬ ਤੇ ਪੰਜਾਬੀਅਤ ਲਈ ਵੀ ਸ਼ੁਭ ਸੰਕੇਤ ਬਣ ਕੇ ਬਹੁੜੇਗੀ। ਭਵਿੱਖ ਵਿਚ ਕਾਂਗਰਸ ਵਿਚ ਹੁੰਦਿਆਂ ਕਾਂਗਰਸ ਦੀ ਪੰਜਾਬ ਇਕਾਈ ਨਾਲ ਦੂਰੀ ਬਣਾਈ ਬੈਠੇ ਤੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕੁੱਝ ਦਿਨ ਪਹਿਲਾਂ ਹੋਈ ਟਰੈਕਟਰ ਰੈਲੀ ਵਿਚ ਅਪਣੇ ਬਾਗੀ ਤੇਵਰ ਵਿਖਾਉਣ ਵਾਲੇ ਸਾਬਕਾ ਭਾਜਪਾਈ ਆਗੂ ਨਵਜੋਤ ਸਿੰਘ ਸਿੱਧੂ ਤੋਂ ਪੰਜਾਬੀ ਜਨਮਾਨਸ ਦਾ ਇਕ ਧੜਾ ਕੁੱਝ ਇਸ ਤਰ੍ਹਾਂ ਦੀ ਹੀ ਤਵੱਕੋਂ ਕਰੀ ਬੈਠਾ ਹੈ।

ਸੰਪਰਕ : 94173-58393                                           
ਡਾ. ਸਤੀਸ਼ ਠੁਕਰਾਲ