ਰਾਜਸਥਾਨ ਦੇ ਗੋਲੇਵਾਲਾ ਪਿੰਡ ਤਕ ਪੁੱਜਾ ਟਿੱਡੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਟਿੱਡੀ ਦਲ ਦੇ ਖ਼ਤਰੇ ਤੋਂ ਕਿਸਾਨ ਚਿੰਤਤ

File Photo

ਬਠਿੰਡਾ, 27 ਮਈ (ਸੁਖਜਿੰਦਰ ਮਾਨ) : ਕਰੀਬ ਪੰਜ ਮਹੀਨਿਆਂ ਤੋਂ ਬਾਅਦ ਬਠਿੰਡਾ ਪੱਟੀ 'ਚ ਮੁੜ ਟਿੱਡੀ ਦਲ ਦੇ ਸੰਭਾਵਤ ਹਮਲੇ ਨੇ ਕਿਸਾਨਾਂ ਨੂੰ ਚਿੰਤਤ ਕਰ ਦਿਤਾ ਹੈ। ਇਸ ਸਾਲ ਜਨਵਰੀ ਦੇ ਸ਼ੁਰੂ ਵਿਚ ਵੀ ਇਲਾਕੇ ਦੇ ਕੁੱਝ ਪਿੰਡਾਂ 'ਚ ਟਿੱਡੀ ਦਲ ਵੇਖਣ ਨੂੰ ਮਿਲਿਆ ਸੀ ਪ੍ਰੰਤੂ ਰਾਜਸਥਾਨ ਤੋਂ ਹੀ ਦੂਜੇ ਇਲਾਕੇ ਨੂੰ ਵਾਪਸੀ ਹੋਣ ਕਾਰਨ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਸੀ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੀਤੀ ਰਾਤ ਇਹ ਟਿੱਡੀ ਦਲ ਬਠਿੰਡਾ ਜ਼ਿਲ੍ਹੇ ਨਾਲ ਲਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਗੋਲੂਵਾਲਾ ਤਕ ਪੁੱਜ ਗਿਆ ਸੀ, ਜਿਹੜਾ ਕਿ ਬਠਿੰਡਾ ਤੋਂ ਥੋੜੀ ਦੂਰ ਹੀ ਹੈ।  ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਇਸ ਦੀ ਬਠਿੰਡਾ 'ਚ ਸੰਭਾਵਤ ਆਮਦ ਨੂੰ ਵੇਖਦਿਆਂ ਸਾਰਾ ਦਿਨ ਇਸ ਦੇ ਸੰਭਾਵਤ ਹਮਲੇ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾਂਦੀਆਂ ਰਹੀਆਂ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਪਾਸ 14 ਤੋਂ ਵੱਧ ਗੰਨ ਸਪਰੇਅ ਪੰਪ ਮੌਜੂਦ ਹਨ। ਇਸ ਤੋਂ ਇਲਾਵਾ ਫ਼ਾਇਰ ਬ੍ਰਿਗੇਡ ਦੀਆਂ 9 ਗੱਡੀਆਂ ਅਤੇ ਯੂ.ਪੀ.ਐਲ. ਕੰਪਨੀ ਦੇ ਪੰਪ ਵੀ ਮੌਜੂਦ ਹਨ।

ਉਨ੍ਹਾਂ ਦਸਿਆ ਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਅਪਣੇ ਟਰੈਕਟਰਾਂ ਰਾਹੀਂ ਚੱਲਣ ਵਾਲੇ ਸਪਰੇਅ ਪੰਪ ਤੇ ਮਜ਼ਦੂਰਾਂ ਨੂੰ ਤਿਆਰ ਰਖਣ ਲਈ ਅਪੀਲਾਂ ਕੀਤੀਆਂ ਗਈਆਂ ਹਨ। ਡਾ. ਸਿੱਧੂ ਨੇ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਦੀਆਂ ਫ਼ਸਲਾਂ ਬਚਾਉਣ ਦੀ ਰਣਨੀਤੀ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਇਸ ਨੂੰ ਦਿਨ ਸਮੇਂ ਖੇਤਾਂ ਵਿਚ ਬੈਠਣ ਨਹੀਂ ਦਿਤਾ ਜਾਵੇਗਾ, ਇਸ ਲਈ ਜਿਥੇ ਕਿਤੇ ਵੀ ਟਿੱਡੀ ਦਲ ਦਾ ਝੁੰਡ ਵਿਖਾਈ ਦਿੰਦਾ ਹੈ, ਕਿਸਾਨਾਂ ਨੂੰ ਖਾਲੀ ਪੀਪੇ ਖੜਕਾਉਣ ਜਾਂ ਪਟਾਕੇ ਪਾਉਣ ਲਈ ਕਿਹਾ ਗਿਆ ਹੈ। ਜਦਕਿ ਰਾਤ ਸਮੇਂ ਵੱਡੇ ਪੰਪਾਂ ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਇਨ੍ਹਾਂ ਉਪਰ ਸਪਰੇਅ ਦਾ ਛਿੜਕਾਅ ਕੀਤਾ ਜਾਵੇਗਾ। ਡਾ. ਸਿੱਧੂ ਮੁਤਾਬਕ ਲੋੜੀਦੀ ਸਪਰੇਹ ਮਾਰਕਫ਼ੈਡ ਤੇ ਹੋਰ ਅਦਾਰਿਆਂ ਵਲੋਂ ਮਿਲ ਚੁੱਕੀ ਹੈ।

ਇਥੇ ਦਸਣਾ ਬਣਦਾ ਹੈ ਕਿ ਟਿੱਡੀ ਦਲ ਦਾ ਇਕ ਕੀੜਾ ਅਪਣੇ ਭਾਰ ਦੇ ਬਰਾਬਰ ਇਕ ਦਿਨ ਵਿਚ ਹਰੀ ਫ਼ਸਲ ਖਾ ਜਾਂਦਾ ਹੈ। ਇਸ ਝੁੰਡ ਦੀ ਉਡਣ ਦੀ ਰਫ਼ਤਾਰ ਪ੍ਰਤੀ ਘੰਟਾ 16 ਤੋਂ 19 ਕਿਲੋਮੀਟਰ ਹੁੰਦੀ ਹੈ ਤੇ ਇਹ ਇਕ ਦਿਨ ਵਿਚ 130 ਕਿਲੋਮੀਟਰ ਤਕ ਸਫ਼ਰ ਤੈਅ ਕਰ ਸਕਦੇ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਸਾਲ 1971 'ਚ ਟਿੱਡੀ ਦਲ ਵਲੋਂ ਭਿਆਨਕ ਹਮਲਾ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਤਮ ਕਰ ਦਿਤਾ ਗਿਆ ਸੀ। ਉਂਝ ਪਿਛਲੇ ਕੁੱਝ ਸਾਲਾਂ ਤੋਂ ਪਾਕਿਸਤਾਨ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕਈ ਵਾਰ ਛੋਟੇ ਪੱਧਰ 'ਤੇ ਟਿੱਡੀ ਦਲ ਦਾ ਹਮਲਾ ਹੋ ਚੁੱਕਿਆ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ੍ਰੀ ਬਹਾਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਉਹ ਸੁਚੇਤ ਰਹਿਣ ਅਤੇ ਲਗਾਤਾਰ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਟਿੱਡੀ ਵਿਖਾਈ ਦੇਵੇ ਤਾਂ ਤੁਰਤ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ ਜਾਵੇ।