ਦਿੱਲੀ ਘੇਰਨ ਤੁਰੇ ਕਿਸਾਨਾਂ ਨੂੰ ਦਹਿਸ਼ਤਗਰਦ ਆਖਣ ਵਾਲਿਆਂ ਨੂੰ ਨੌਜਵਾਨਾਂ ਨੇ ਪਾਈਆਂ ਲਾਹਨਤਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੋਦੀ ਦੀ ਧੌਣ 'ਤੇ ਗੋਡਾ ਰੱਖ ਕੇ ਖੇਤੀ ਕਾਨੂੰਨ ਰੱਦ ਕਰਵਾ ਕੇ ਫਿਰ ਪਿੰਡਾਂ ਨੂੰ ਵਾਪਸ ਜਾਵਾਂਗੇ

Farmer

ਨਵੀਂ ਦਿੱਲੀ-(ਚਰਨਜੀਤ ਸਿੰਘ ਸੁਰਖਾਬ): ਕਿਸਾਨਾਂ ਦਾ ਦਿੱਲੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਅੰਦੋਲਨ ਦੌਰਾਨ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨ ਪਿਆ, ਪੁਲਿਸ ਦੀ ਮਾਰ ਵੀ ਸਹੀ, ਪਾਣੀ ਦੀਆਂ ਬੁਛਾੜਾਂ ਵੀ ਸਹੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਸਾਹਮਣਾ ਕੀਤਾ ਪਰ ਕਿਸਾਨਾਂ ਦਾ ਹੌਸਲਾ ਬੁਲੰਦ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੀ ਦਿੱਲੀ ਧਰਨੇ ਵਿਚ ਖਾਣ-ਪੀਣ ਸਬੰਧੀ ਪੂਰੀ ਮਦਦ ਕੀਤੀ ਜਾਵੇਗੀ

ਪਰ ਉਹਨਾਂ ਲਈ ਅਜਿਹਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਬਲਕਿ ਉਹਨਾਂ ਨੂੰ ਪਾਣੀ ਵੀ ਮੁੱਲ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਕੇ ਆਏ ਹਨ ਕਿ ਜਦੋਂ ਤੱਕ ਬਿੱਲ ਰੱਦ ਨਹੀਂ ਹੁੰਦੇ ਉਹ ਦਿੱਲੀ ਤੋਂ ਵਾਪਸ ਨਹੀਂ ਜਾਣਗੇ। ਦੱਸ ਦਈਏ ਕਿ ਕਿਸਾਨ ਆਪਣੇ ਆਪ ਹੀ ਚੁੱਲ੍ਹੇ ਬਣਾ ਕੇ ਰੋਟੀਆਂ ਬਣਾ ਰਹੇ ਹਨ ਤੇ ਧਰਨਾ ਦੇ ਰਹੇ ਕਿਸਾਨਾਂ ਦਾ ਢਿੱਡ ਭਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਹਨ ਉਹਨਾਂ ਦੇ ਪੁੱਤ ਹਨ ਉਹ ਡਰ ਕੇ ਪਿੱਛੇ ਨਹੀਂ ਹਟਣਗੇ। ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਨੌਜਵਾਨਾਂ ਨੂੰ ਅਤਿਵਾਦੀ ਵੀ ਕਿਹਾ ਗਿਆ ਹੈ ਕਿ ਜੋ ਪੰਜਾਬ ਤੋਂ ਨੌਜਵਾਨ ਆ ਰਹੇ ਹਨ ਉਹ ਅਤਿਵਾਦੀ ਹਨ ਦਹਿਸ਼ਤਗਰਦ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਮੋਦੀ ਦੀ ਧੌਣ 'ਤੇ ਗੋਡਾ ਰੱਖ ਕੇ ਖੇਤੀ ਕਾਨੂੰਨ ਰੱਦ ਕਰਵਾ ਕੇ ਫਿਰ ਪਿੰਡਾਂ ਨੂੰ ਵਾਪਸ ਜਾਣਗੇ।

ਸਰਕਾਰ ਵੱਲੋਂ ਨੌਜਵਾਨਾਂ 'ਤੇ ਨਸ਼ੇ ਦੇ ਇਲਜ਼ਾਮ ਲਗਾਉਣ 'ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਦਿੱਲੀ ਅੰਦੋਲਨ ਵਿਚ ਜਿੰਨ੍ਹੇ ਵੀ ਨੌਜਵਾਨ ਸ਼ਾਮਲ ਹੋਏ ਹਨ ਉਹਨਾਂ ਵਿਚੋਂ ਇਕ ਵੀ ਨੌਜਵਾਨ ਚਿੱਟੇ ਦਾ ਆਦੀ ਨਹੀਂ ਹੈ ਇਹ ਸਿਰਫ਼ ਸਰਕਾਰ ਪੰਜਾਬ ਦੇ ਨੌਜਵਾਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।