ਪੇਂਡੂ ਕਿਰਤ ਦਾ ਸੰਦ - ਕੁਹਾੜੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੇਂਡੂ ਕਿਰਤ ਦੇ ਸੰਦ ਤੋਂ ਮੁਰਾਦ ਉਹ ਵਸਤਾਂ ਜਿਸ ਦੀ ਵਰਤੋਂ ਕਰਦੇ ਕਿਸਾਨ ਅਪਣੀ ਵਾਹੀ ਜੋਤੀ ਕਰਦੇ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਆਰੰਭ ਤੋਂ ਲੈ ਕੇ ਹੁਣ ਤਕ..

Representational image

 

ਪੇਂਡੂ ਕਿਰਤ ਦੇ ਸੰਦ ਤੋਂ ਮੁਰਾਦ ਉਹ ਵਸਤਾਂ ਜਿਸ ਦੀ ਵਰਤੋਂ ਕਰਦੇ ਕਿਸਾਨ ਅਪਣੀ ਵਾਹੀ ਜੋਤੀ ਕਰਦੇ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਆਰੰਭ ਤੋਂ ਲੈ ਕੇ ਹੁਣ ਤਕ ਹੁੰਦੀ ਆਈ ਹੈ ਜੋ ਮਸ਼ੀਨੀਕਰਨ ਦੀ ਭੇਟ ਚੜ੍ਹ ਗਈ ਹੈ। ਇਨ੍ਹਾਂ ਸੰਦਾਂ ਵਿਚ ਜੋ ਮੇਨ ਸੰਦ ਵਾਹੀ ਵਿਚ ਵਰਤੇ ਜਾਂਦੇ ਸੀ ਜਿਵੇਂ ਹੱਲ, ਰੱਸਾ, ਪੰਜਾਲੀ, ਤੰਗਲੀ, ਟੋਕਾ, ਰੰਬਾ, ਘੱਹੀ, ਛੱਜ, ਚਿਮਟਾ, ਚਕਲਾ, ਕਰਾਹਾਂ, ਗੁੜ ਵਾਲਾ ਵੇਲਣਾ, ਛਾਨਣਾ ਆਦਿ ਹਨ। ਮੈ ਇਥੇ ਗੱਲ ਕੁਹਾੜੀ ਦੀ ਕਰ ਰਿਹਾ ਹਾਂ। ਦਰੱਖ਼ਤਾਂ ਦੀਆਂ ਟਾਹਣੀਆਂ ਨੂੰ ਵੱਢਣ ਤੇ ਛਾਂਗਣ ਅਤੇ ਲੱਕੜੀਆਂ ਨੂੰ ਪਾੜਨ ਵਾਲੇ ਕਿਸਾਨ ਦੇ ਘਰੇਲੂ ਸੰਦ ਨੂੰ ਕੁਹਾੜੀ ਦਾ ਨਾਂ ਦਿਤਾ ਗਿਆ ਹੈ। ਇਸ ਦੀ ਵਰਤੋਂ ਆਮ ਤੌਰ ’ਤੇ ਕਿਸਾਨ ਤੇ ਲੱਕੜਹਾਰੇ ਦੁਆਰਾ ਕੀਤੀ ਜਾਂਦੀ ਹੈ ਜੋ ਜੰਗਲ ਦੇ ਵਿਚੋਂ ਲੱਕੜਾਂ ਬਾਲਣ ਵਾਸਤੇ ਕੱਟ ਕੇ ਲਿਆਉਂਦਾ ਸੀ ਤੇ ਅਪਣੇ ਬੱਚਿਆਂ ਦਾ ਗੁਜ਼ਾਰਾ ਕਰਦਾ ਸੀ। ਹੁਣ ਜਦੋਂ ਦੇ ਚੁੱਲ੍ਹੇ ਚੌਂਕੇ, ਦਾਣੇ ਭਨਾਉਣ ਵਾਲੀਆਂ ਭੱਠੀਆਂ ਅਲੋਪ ਹੋ ਗਈਆ ਹਨ।

ਬਾਲਣ ਕੱਟਣ ਵਾਲੇ ਲੱਕੜਹਾਰੇ ਵੀ ਖ਼ਤਮ ਹੋ ਗਏ ਹਨ। ਹੁਣ ਸਿਰਫ਼ ਕੁਲਚਿਆਂ ਦੀਆਂ ਦੁਕਾਨਾਂ, ਢਾਬਿਆਂ ਵਿਚ ਰੁੱਖਾਂ ਦੀ ਕਟਾਈ ਕਰ ਡੱਕੇ ਤੰਦੂਰਾਂ ਤੇ ਬਾਲਣ ਦੇ ਤੌਰ ਤੇ ਵਰਤੇ ਜਾਂਦੇ ਹਨ। ਕੁਹਾੜੀ ਤੋਂ ਵੱਡੇ ਅਕਾਰ ਦਾ ਕੁਹਾੜਾ ਹੁੰਦਾ ਹੈ ਜੋ ਕੁਹਾੜੀ ਤਂੋ ਜ਼ਿਆਦਾ ਭਾਰਾ ਹੁੰਦਾ ਹੈ। ਕੁਹਾੜੀ ਦੁਆਰਾ ਲੱਕੜਾਂ ਕੱਟ ਤਰਖ਼ਾਣ ਫ਼ਰਨੀਚਰ ਤਿਆਰ ਕਰਦਾ ਹੈ। ਕਈ ਲੋਕ ਅਜੇ ਵੀ ਕੁਹਾੜੀ ਨਾਲ ਲੱਕੜਾਂ ਕੱਟ ਚੁੱਲ੍ਹੇ ’ਚ ਅੱਗ ਬਾਲ ਖਾਣਾ ਤਿਆਰ ਕਰਦੇ ਹਨ। ਮੈਨੂੰ ਯਾਦ ਹੈ ਮੈਂ ਜਦੋਂ ਛੋਟਾ ਸੀ ਵਣ ਮਹਾਂਉਤਸਵ ਤੇ ਅਧਿਆਪਕਾਂ ਦੀਆਂ ਗੱਲਾ ਤੋਂ ਪ੍ਰਭਾਵਤ ਹੋ ਕੇ ਅਪਣੀ ਪੈਲੀ ਵਿਚ ਟਾਹਲੀ ਦਾ ਰੁੱਖ ਲਗਾਇਆ ਸੀ। ਜਦੋਂ ਅਸੀਂ ਵੱਡੇ ਹੋ ਗਏ ਟਾਹਲੀ ਦਾ ਰੁੱਖ ਵੀ ਵੱਡਾ ਹੋਇਆ। ਉਦੋਂ ਗੈਸ ਵਗ਼ੈਰਾ ਨਹੀਂ ਸੀ ਆਈ। ਸਾਡੀ ਮਾਤਾ ਚੁੱਲੇ੍ਹ ਵਿਚ ਅੱਗ ਬਾਲ ਰੋਟੀ ਬਣਾਉਂਦੀ ਸੀ। ਮੈਂ ਟਾਹਲੀ ਨੂੰ ਕੁਹਾੜੀ ਨਾਲ ਛਾਂਗ ਕੇ ਬਾਲਣ ਲਿਆਉਂਦਾ ਸੀ ਜੋ ਅਸੀਂ ਚੁੱਲ੍ਹੇ ਵਿਚ ਬਾਲਦੇ ਸੀ। ਸਾਡੀ ਨੌਜਵਾਨ ਪੀੜ੍ਹੀ ਅਪਣੇ ਪੁਰਖਿਆਂ ਦੀ ਮਿਹਨਤ ਤੋਂ ਅਨਜਾਣ ਹੈ। ਜਿਨ੍ਹਾਂ ਨੂੰ ਖੇਤੀ ਦੇ ਸੰਦਾਂ ਬਾਰੇ ਵੀ ਜਾਣਕਾਰੀ ਨਹੀਂ। 

ਸੰਦਾਂ ਬਾਰੇ ਤਾਂ ਜਾਣਕਾਰੀ ਕੀ ਹੋਣੀ ਹੈ ਪੰਜਾਬੀ ਦੇ ਠੇਠ ਲਫ਼ਜ਼ਾਂ ਦਾ ਵੀ ਪਤਾ ਨਹੀਂ। ਅਸੀਂ ਲੋਕ ਹੀ ਹਾਂ ਜਿਨ੍ਹਾਂ ਨੂੰ ਇਨ੍ਹਾਂ ਲਫ਼ਜ਼ਾਂ ਬਾਰੇ ਜਾਣਕਾਰੀ ਹੈ। ਲੋੜ ਹੈ ਇਸ ਨੂੰ ਸਾਂਭਣ ਦੀ, ਐਸਾ ਨਾਂ ਹੋਵੇ ਸਾਡੀ ਪੀੜ੍ਹੀ ਦੇ ਜਾਣ ਨਾਲ ਇਹ ਸੰਦਾਂ ਦੇ ਨਾਂ ’ਤੇ ਪੰਜਾਬੀ ਦੇ ਸ਼ਬਦ ਅਲੋਪ ਹੋ ਜਾਣ।