1263 ਕਿਸਾਨਾਂ ਨੂੰ 7 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫ਼ੀਕੇਟਾਂ ਦੀ ਵੰਡ
ਪੰਜਾਬ ਸਰਕਾਰ ਵਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮਾਫ਼ ਕਰਨ ਸਬੰਧੀ
ਸੰਗਰੂਰ, 28 ਮਈ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਪੰਜਾਬ ਸਰਕਾਰ ਵਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮਾਫ਼ ਕਰਨ ਸਬੰਧੀ ਆਰੰਭੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਘਾਬਦਾਂ ਵਿਖੇ ਆਯੋਜਤ ਕਿਸਾਨ ਕਰਜ਼ਾ ਮੁਕਤੀ ਸਮਾਰੋਹ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਸਿੰਗਲਾ ਨੇ ਸਬ-ਡਵੀਜ਼ਨ ਸੰਗਰੂਰ ਅਤੇ ਸਬ-ਡਵੀਜ਼ਨ ਭਵਾਨੀਗੜ੍ਹ ਨਾਲ ਸਬੰਧਤ 1263 ਕਿਸਾਨਾਂ ਨੂੰ ਰਾਜ ਸਰਕਾਰ ਦੀ ਤਰਫ਼ੋਂ 7.05 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫ਼ੀਕੇਟ ਪ੍ਰਦਾਨ ਕੀਤੇ।
ਇਸ ਮੌਕੇ ਕਿਸਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਹਰ ਇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਤਹਿਤ ਹੁਣ ਤਕ ਸੰਗਰੂਰ ਹਲਕੇ ਦੇ 7628 ਕਿਸਾਨਾਂ ਦਾ 35.03 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਚੁਕਾ ਹੈ। ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਿਰੋਲ ਮੈਰਿਟ ਦੇ ਆਧਾਰ 'ਤੇ ਲੋੜਵੰਦ ਯੋਗ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਨੂੰ ਤਵੱਜੋ ਦਿਤੀ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਅਪਣੇ ਕਾਰਜਕਾਲ ਦੇ 10 ਸਾਲਾਂ ਅੰਦਰ ਸੂਬੇ ਦੇ ਕਿਸਾਨਾਂ ਨਾਲ ਹਰ ਪੱਧਰ 'ਤੇ ਵਿਤਕਰਾ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਵਲੋਂ ਕਿਸਾਨਾਂ ਨੂੰ ਕਰਜ਼ਾ ਰਾਹਤ ਸਬੰਧੀ ਪ੍ਰਮਾਣ ਪੱਤਰਾਂ ਦੀ ਵੰਡ ਕੀਤੀ ਗਈ ਅਤੇ ਵਾਅਦਾ ਦੁਹਰਾਇਆ ਕਿ ਜਿਹੜੇ ਯੋਗ ਕਿਸਾਨ ਹਾਲੇ ਵੀ ਇਸ ਸਕੀਮ ਦਾ ਲਾਭ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਹੋਣ ਉਹ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਰਾਹੀਂ ਅਪਣਾ ਬਿਨੈ ਮੁੜ ਦੇ ਸਕਦੇ ਹਨ।
ਸਮਾਗਮ ਦੌਰਾਨ ਐਸ. ਡੀ. ਐਮ ਸੰਗਰੂਰ ਅਵਿਕੇਸ਼ ਗੁਪਤਾ, ਐਸ. ਡੀ. ਐਮ ਭਵਾਨੀਗੜ• ਅਮਰਿੰਦਰ ਸਿੰਘ ਟਿਵਾਣਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਜਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਹਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।