ਬਿਜਲੀ ਸਪਲਾਈ ਘੱਟ ਮਿਲਣ ਕਾਰਨ ਝੋਨਾ ਲਾਉਣ ਦੀਆਂ ਪ੍ਰੇਸ਼ਾਨੀਆਂ ਤੋਂ ਕਿਸਾਨਾਂ ਨੂੰ ਮੀਂਹ ਨੇ ਦਿਤੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜ ਸਵੇਰ ਤੋਂ ਦੁਪਹਿਰ ਤਕ ਪਏ ਹਲਕੇ ਮੀਂਹ ਨੇ ਆਮ ਲੋਕਾਂ ਨੂੰ ਜਿਥੇ ਅਤਿ ਦੀ ਗਰਮੀ ਤੋਂ ਰਾਹਤ ਦਿਤੀ ਹੈ........

Paddy Planting In Field

ਕਾਹਨੂੰਵਾਨ : ਅੱਜ ਸਵੇਰ ਤੋਂ ਦੁਪਹਿਰ ਤਕ ਪਏ ਹਲਕੇ ਮੀਂਹ ਨੇ ਆਮ ਲੋਕਾਂ ਨੂੰ ਜਿਥੇ ਅਤਿ ਦੀ ਗਰਮੀ ਤੋਂ ਰਾਹਤ ਦਿਤੀ ਹੈ ਇਸ ਨਾਲ ਨਾਲ ਝੋਨਾ ਲਾਉਣ ਵਿਚ ਰੁੱਝੇ ਕਿਸਾਨਾਂ ਨੂੰ ਵੀ ਰਾਹਤ ਮਿਲ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਪਾਰਾ ਉੱਪਰ ਜਾਣ ਕਾਰਨ ਹੁਮਕ ਅਤੇ ਗਰਦ ਭਰਿਆ ਮੌਸਮ ਬਣਿਆ ਹੋਇਆ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਐਲਰਜੀ ਅਤੇ ਪੇਟ ਦੀਆਂ ਬੀਮਾਰੀਆਂ ਤੋਂ ਪ੍ਰਭਾਵਤ ਹੋ ਰਹੇ ਸਨ।  ਸਰਕਾਰੀ ਵਾਅਦਿਆਂ ਦੇ ਬਾਵਜੂਦ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀਆਂ ਵਿਚੋਂ ਨਿਕਲ ਰਹੇ ਸਨ ਕਿਉਂਕਿ ਝੋਨਾ ਲਾਉਣ ਵਾਸਤੇ ਕੀਤੇ ਜਾਣ

ਵਾਲੇ ਕੱਦ ਲਈ ਵੱਡੇ ਪੱਧਰ ਦੇ ਪਾਣੀ ਦੀ ਜ਼ਰੂਰ ਹੁੰਦੀ ਹੈ। ਪਰ ਘੱਟ ਬਿਜਲੀ ਸਪਲਾਈ ਮਿਲਣ ਕਾਰਨ ਝੋਨਾ ਲਾਉਣਾ ਕਿਸਾਨਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਸੀ।  ਕਿਸਾਨ ਟਿਊਬਵੈੱਲ ਇੰਜਣਾਂ ਅਤੇ ਜਨਰੇਟਰ ਉੱਤੇ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣ ਲਈ ਮਜਬੂਰ ਹੋ ਰਿਹਾ ਸੀ। ਅੱਜ ਦਾ ਹਲਕਾ ਮੀਂਹ ਕਿਸਾਨਾਂ ਲਈ ਕੁਦਰਤੀ ਸੁਗਾਤ ਸਾਬਤੀ ਹੋਇਆ ਹੈ। ਕਿਸਾਨ ਜਸਬੀਰ ਸਿੰਘ ਬਾਜਵਾ ਨੇ ਕਿਹਾ ਕਿ ਝੋਨੇ ਦੇ ਨਾਲ ਨਾਲ ਹਰਾ ਚਾਰਾ ਅਤੇ ਗੰਨੇ ਦੀ ਫ਼ਸਲ ਵੀ ਔੜ ਕਾਰਨ ਸੋਕੇ ਦਾ ਸ਼ਿਕਾਰ ਹੋ ਕੇ ਪ੍ਰਭਾਵਤ ਹੋ ਰਹੀ ਸੀ।

ਅੱਜ ਦੀ ਬਰਸਾਤ ਸੇਠ ਮਾਂਹਾਂ ਦੀ ਪੱਕ ਰਹੀ ਫ਼ਸਲ ਨੂੰ ਛੱਡ ਕੇ ਬਾਕੀ ਸਾਉਣੀ ਦੀਆਂ ਸਾਰੀਆਂ ਹੀ ਫ਼ਸਲਾਂ ਜਿਵੇਂ ਝੋਨਾ, ਗੰਨਾ, ਮੱਕੀ, ਸਬਜ਼ੀਆਂ ਅਤੇ ਫਲਾਂ ਦੇ ਬੂਟਿਆਂ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ।  ਕਿਸਾਨ ਜਰਨੈਲ ਸਿੰਘ ਨੇ ਕਿਹਾ ਕਿ ਮੌਸਮ ਵਿਭਾਗ ਵਲੋਂ ਕੀਤੀ ਭਵਿੱਖਬਾਣੀ ਅਨੁਸਾਰ ਸ਼ੁਕਰਵਾਰ ਅਤੇ ਸਨਿੱਚਰਵਾਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਫ਼ਸਲਾਂ ਨੂੰ ਭਰਪੂਰ ਮਾਤਰਾ ਵਿਚ ਪਾਣੀ ਮਿਲਣ ਦੇ ਨਾਲ ਨਾਲ ਜ਼ਮੀਨ ਹੇਠਲੇ ਡੰਗ ਰਹੇ ਪਾਣੀ ਦੇ ਪੱਧਰ ਉੱਤੇ ਵੀ ਰੋਕ ਲੱਗੇਗੀ। 

ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਅਤਿ ਦੀ ਗਰਮੀ ਕਾਰਨ ਪਸ਼ੂ ਵੀ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਸਨ ਪਰ ਹੁਣ ਮੀਂਹ ਕਾਰਨ ਵਾਤਾਵਰਨ ਵਿਚ ਆਈ ਠੰਢਕ ਇਸ ਤੋਂ ਰਾਹਤ ਦੇਵੇਗੀ। ਇਸ ਮੀਂਹ ਤੋਂ ਬਾਅਦ ਖ਼ੁਸ਼ਕ ਰਕਾਬੀਆਂ ਵਾਲੇ ਖੇਤਰ ਵਿਚ ਕਿਸਾਨ ਨੇ ਤਿੱਲ ਅਤੇ ਬਰਸਾਤੀ ਮਾਂਹ ਲਾਉਣ ਦੀ ਤਿਆਰੀ ਵਿਚ ਰੁੱਝ ਜਾਣਗੇ।