ਵੱਡੇ ਪੱਧਰ 'ਤੇ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਪੰਜਾਬ ਦੀ ਮਿੱਟੀ ਦੀ ਉਪਜਾਊ ਸ਼ਕਤੀ ਘਟੀ!
- ਪਿਛਲੇ ਪੰਜ ਸਾਲਾਂ ਦੌਰਾਨ ਕਣਕ ਦੇ ਉਤਪਾਦਨ ਵਿਚ ਆਈ ਕਮੀ
- ਪੈਦਾਵਾਰ 2017-18 'ਚ 178 ਲੱਖ ਮੀਟ੍ਰਿਕ ਟਨ ਤੋਂ ਘਟ ਕੇ 2021-22 ਵਿਚ 149 ਲੱਖ ਮੀਟ੍ਰਿਕ ਟਨ ਰਹੀ
ਚੰਡੀਗੜ੍ਹ - ਪੰਜਾਬ ਵਿਚ ਰਸਾਇਣਕ ਖਾਦਾਂ ਦੀ ਵੱਡੇ ਪੱਧਰ 'ਤੇ ਵਰਤੋਂ ਕਾਰਨ ਪੰਜਾਬ ਦੀ ਮਿੱਟੀ ਦੀ ਉਪਜਾਊ ਸ਼ਕਤੀ ਘਟ ਗਈ ਹੈ। ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਕਣਕ ਦੇ ਉਤਪਾਦਨ ਵਿਚ ਜ਼ਿਆਦਾਤਰ ਕਮੀ ਆਈ ਹੈ, ਜੋ ਕਿ 2017-18 ਵਿਚ 178 ਲੱਖ ਮੀਟ੍ਰਿਕ ਟਨ ਤੋਂ ਘਟ ਕੇ 2021-22 ਵਿਚ 149 ਲੱਖ ਮੀਟ੍ਰਿਕ ਟਨ ਰਹਿ ਗਈ ਹੈ। ਇਸ ਤੋਂ ਇਲਾਵਾ, ਪ੍ਰਤੀ ਏਕੜ ਕਣਕ ਦੀ ਉਤਪਾਦਕਤਾ ਵੀ ਪ੍ਰਭਾਵਿਤ ਹੋਈ ਹੈ, ਜੋ 2017-18 ਵਿਚ 5,077 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਘਟ ਕੇ 2021-22 ਵਿਚ 4,216 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹਿ ਗਈ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅੁਸਾਰ ਪੰਜਾਬ ਵਿਚ ਰਸਾਇਣਕ ਖਾਦਾਂ ਦੀ ਵੱਧ ਰਹੀ ਵਰਤੋਂ ਕਾਰਨ ਕਣਕ ਦੀ ਪੈਦਾਵਾਰ ਵਿਚ 16% ਅਤੇ ਪ੍ਰਤੀ ਏਕੜ ਕਣਕ ਦੀ ਉਤਪਾਦਕਤਾ ਵਿਚ 17% ਦੀ ਕਮੀ ਆਈ ਹੈ। ਪੰਜਾਬ ਦੇ ਕਿਸਾਨਾਂ ਦੁਆਰਾ ਖਾਦਾਂ ਦੀ ਖਪਤ 2017-18 ਵਿਚ 36.06 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ 2021-22 ਵਿਚ ਲਗਭਗ 10% ਵਧ ਕੇ 39.47% ਤੱਕ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਖ਼ਾਦ ਦੀ ਵਧ ਖ਼ਪਤ ਨਾਲ ਕੋਈ ਸਕਾਰਾਤਮਕ ਪ੍ਰਭਾਵ ਨਹੀਂ ਪੈਂਦਾ ਸਗੋਂ ਕਣਕ ਦੇ ਉਤਪਾਦਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ। 2021-22 ਵਿਚ ਵਰਤੇ ਜਾਣ ਵਾਲੇ ਪੌਸ਼ਟਿਕ ਤੱਤ -ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ - ਦੇ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੇ ਨਾਲ ਪੰਜਾਬ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ ਰਸਾਇਣਕ ਖਾਦਾਂ ਦੀ ਪ੍ਰਤੀ ਹੈਕਟੇਅਰ ਖਪਤ ਕਰਨ ਵਾਲਾ ਸੂਬਾ ਬਣ ਕੇ ਉਭਰਿਆ ਹੈ।
ਖੇਤੀ ਮਾਹਰਾਂ ਨੇ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਹੈ, ਜ਼ਮੀਨ 'ਚ ਜੈਵਿਕ ਤੱਤਾਂ ਨੂੰ ਪ੍ਰਭਾਵੀ ਤੌਰ 'ਤੇ ਜ਼ੀਰੋ ਦੇ ਨੇੜੇ ਪਹੁੰਚਾ ਦਿੱਤਾ ਗਿਆ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵਿਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਵਿਚ ਕਮੀ ਦੇ ਨਾਲ ਇਸ ਅਭਿਆਸ ਦੇ ਨਤੀਜੇ ਤੇਜ਼ੀ ਨਾਲ ਸਪੱਸ਼ਟ ਹੋ ਕੇ ਸਾਹਮਣੇ ਆ ਰਹੇ ਹਨ।