MSP ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਪੰਜਾਬ 'ਚ ਰੇਲਾਂ ਤੇ ਸੜਕਾਂ ਜਾਮ ਕਰਨ ਦਾ ਫ਼ੈਸਲਾ
ਸੜਕਾਂ ਜਾਮ ਕਰਨ ਸਮੇਂ ਐਂਬੂਲੈਂਸਾਂ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਲੋਕਾਂ ਨੂੰ ਲਾਂਘਾ ਦਿਤਾ ਜਾਵੇਗਾ।
ਚੰਡੀਗੜ੍ਹ : ਕੌਮੀ ਪੱਧਰ ’ਤੇ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਮੋਰਚੇ ਦੀਆਂ ਲਟਕਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਚਾਰ ਘੰਟੇ ਦੇ ਚੱਕਾ ਜਾਮ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪੰਜਾਬ ਅੰਦਰ ਰੇਲ-ਮਾਰਗ ਅਤੇ ਹਾਈਵੇ ਸੜਕਾਂ ਦੋਨੋਂ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
Joginder Singh Ugrahan
ਇਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਬਠਿੰਡਾ ਜੰਕਸ਼ਨ ਦੇ ਅੱਠੇ ਰੇਲ ਮਾਰਗਾਂ ਸਮੇਤ ਬੁਢਲਾਡਾ (ਮਾਨਸਾ) ਅਤੇ ਪਟਿਆਲਾ ਵਿਖੇ ਰੇਲਾਂ ਜਾਮ ਅਤੇ ਹੋਰ ਜ਼ਿਲ੍ਹਿਆਂ ਵਿਚ ਹਾਈਵੇ ਸਥਿਤ ਟੋਲ ਪਲਾਜ਼ਿਆਂ ਉਪਰ ਜਾਮ ਲਾਏ ਜਾਣਗੇ।
MSP
ਸੜਕਾਂ ਜਾਮ ਕਰਨ ਸਮੇਂ ਐਂਬੂਲੈਂਸਾਂ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਲੋਕਾਂ ਨੂੰ ਲਾਂਘਾ ਦਿਤਾ ਜਾਵੇਗਾ। ਇਸ ਅੰਦੋਲਨ ਦੀਆਂ ਮੰਗਾਂ ਵਿਚ ਐਮ.ਐਸ.ਪੀ. ਤੋਂ ਇਲਾਵਾ ਮੋਰਚੇ ਦੇ ਸੈਂਕੜੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ; ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ; ਅੰਦੋਲਨ ਦੌਰਾਨ ਕਿਸਾਨ ਆਗੂਆਂ ਅਤੇ ਆਮ ਕਿਸਾਨਾਂ ਉਤੇ ਮੜ੍ਹੇ ਪੁਲਿਸ ਕੇਸ ਵਾਪਸ ਲੈਣ ਵਰਗੀਆਂ ਮੁੱਖ ਮੰਗਾਂ ਸਾਮਲ ਹਨ।
Lakhimpur incident
ਇਨ੍ਹਾਂ ਤੋਂ ਇਲਾਵਾ ਅਗਨੀਪਥ ਯੋਜਨਾ ਰਾਹੀਂ ਪੱਕੇ ਰੁਜ਼ਗਾਰ ਦਾ ਬਚਿਆ-ਖੁਚਿਆ ਇੱਕੋ ਇੱਕ ਸਾਧਨ ਫੌਜੀ ਭਰਤੀ ਨੂੰ ਚਾਰ ਸਾਲਾ ਠੇਕਾ ਭਰਤੀ ਦੇ ਫ਼ੈਸਲੇ ਰਾਹੀਂ ਖੋਹਣ ਦੀ ਨੀਤੀ ਵਿਰੁਧ ਵੀ ਮੁਲਕ ਭਰ ਵਿਚ 7 ਤੋਂ 14 ਅਗੱਸਤ ਤਕ ਰੋਸ ਪ੍ਰਦਰਸਨ ਕੀਤੇ ਜਾਣਗੇ। ਅਗਲੇ ਪੜਾਅ ‘ਤੇ 18 ਤੋਂ 20 ਅਗਸਤ ਤਕ ਲਖੀਮਪੁਰ ਖੀਰੀ ਵਿਖੇ ਤਿੰਨ ਰੋਜ਼ਾ ਰੋਸ ਧਰਨੇ ਦਿਨ-ਰਾਤ ਲਾਏ ਜਾਣਗੇ।