ਸੁਚੱਜੇ ਢੰਗ ਨਾਲ ਕਰੋ ਬੈਂਗਣ ਦੀ ਖੇਤੀ, ਪੜ੍ਹੋ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੀ ਪੂਰੀ ਜਾਣਕਾਰੀ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬੈਂਗਣ (ਸੋਲੇਨਮ ਮੈਲੋਂਜੇਨਾ) ਸੋਲੇਨੈਸੀ ਜਾਤੀ ਦੀ ਫ਼ਸਲ ਹੈ, ਜੋ ਕਿ ਮੂਲ ਰੂਪ ਵਿੱਚ ਭਾਰਤ ਦੀ ਫਸਲ ਮੰਨੀ ਜਾਂਦੀ ਹੈ ਅਤੇ ਇਹ ਫਸਲ ਏਸ਼ੀਆਈ ਦੇਸ਼ਾਂ ਵਿੱਚ

Cultivate Brinjal

ਬੈਂਗਣ (ਸੋਲੇਨਮ ਮੈਲੋਂਜੇਨਾ) ਸੋਲੇਨੈਸੀ ਜਾਤੀ ਦੀ ਫ਼ਸਲ ਹੈ, ਜੋ ਕਿ ਮੂਲ ਰੂਪ ਵਿੱਚ ਭਾਰਤ ਦੀ ਫਸਲ ਮੰਨੀ ਜਾਂਦੀ ਹੈ ਅਤੇ ਇਹ ਫਸਲ ਏਸ਼ੀਆਈ ਦੇਸ਼ਾਂ ਵਿੱਚ ਸਬਜ਼ੀ ਦੇ ਤੌਰ ਤੇ ਉਗਾਈ ਜਾਂਦੀ ਹੈ। ਇਸ ਤੋਂ ਬਿਨਾਂ ਇਹ ਫਸਲ ਮਿਸਰ, ਫਰਾਂਸ, ਇਟਲੀ ਅਤੇ ਅਮਰੀਕਾ ਵਿੱਚ ਵੀ ਉਗਾਈ ਜਾਂਦੀ ਹੈ। ਬੈਂਗਣ ਦੀ ਫਸਲ ਬਾਕੀਆਂ ਫਸਲਾਂ ਨਾਲੋਂ ਜ਼ਿਆਦਾ ਸਖਤ ਹੁੰਦੀ ਹੈ।

ਇਸ ਦੇ ਸਖਤ ਹੋਣ ਕਾਰਨ, ਇਸਨੂੰ ਖੁਸ਼ਕ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਹ ਵਿਟਾਮਿਨ ਅਤੇ ਖਣਿਜਾਂ ਦੀ ਵਧੀਆ ਸ੍ਰੋਤ ਹੈ। ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ। ਚੀਨ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਬੈਂਗਣ ਉਗਾਉਣ ਵਾਲਾ ਦੇਸ਼ ਹੈ। ਭਾਰਤ ਵਿੱਚ ਬੈਂਗਣ ਉਗਾਉਣ ਵਾਲੇ ਮੁੱਖ ਰਾਜ ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਬਿਹਾਰ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਹਨ। 

ਮਿੱਟੀ - ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ। ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ। ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾਹੀਦੀ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ। ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਹਲਕੀ ਸਿੰਚਾਈ ਕਰੋ।

ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ। ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।

ਖੇਤ ਦੀ ਤਿਆਰੀ - ਰੋਪਣ ਕਰਨ ਤੋਂ ਪਹਿਲਾਂ ਖੇਤ ਨੂੰ ਵਧੀਆ ਤਰੀਕੇ ਨਾਲ 4-5 ਵਾਰ ਵਾਹੋ ਅਤੇ ਪੱਧਰਾ ਕਰੋ। ਫਿਰ ਖੇਤ ਵਿੱਚ ਲੋੜ ਮੁਤਾਬਿਕ ਆਕਾਰ ਦੇ ਬੈੱਡ ਬਣਾਓ।
ਬਿਜਾਈ ਦਾ ਸਮਾਂ - ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।

 ਫਾਸਲਾ - ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ। ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ।
ਬੀਜ ਦੀ ਡੂੰਘਾਈ - ਨਰਸਰੀ ਵਿੱਚ ਬੀਜਾਂ ਨੂੰ 1 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।
ਬਿਜਾਈ ਦਾ ਢੰਗ - ਖੇਤ ਵਿੱਚ ਪਨੀਰੀ ਲਗਾ ਕੇ ਇਸਦੀ ਬਿਜਾਈ ਕੀਤੀ ਜਾਂਦੀ ਹੈ।

ਬੀਜ ਦੀ ਮਾਤਰਾ - ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਬਿਜਾਈ ਲਈ ਤੰਦਰੁਸਤ ਅਤੇ ਵਧੀਆ ਬੀਜ ਹੀ ਵਰਤੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਥੀਰਮ 3 ਗ੍ਰਾਮ ਜਾਂ ਕਾਰਬੈਂਡਾਜ਼ਿਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬੀਜਾਂ ਨੂੰ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ ਅਤੇ ਫਿਰ ਛਾਂਵੇਂ ਸੁਕਾਉਣ ਤੋਂ ਬਾਅਦ ਤੁਰੰਤ ਬਿਜਾਈ ਕਰੋ।

Fungicide name    Quantity (Dosage per kg seed)
Carbendazim            3gm
Thiram                     3gm
ਖਾਦਾਂ (ਕਿਲੋ ਪ੍ਰਤੀ ਏਕੜ) 

UREA    SSP     MURIATE OF POTASH
55           155     20
 ਤੱਤ (ਕਿਲੋ ਪ੍ਰਤੀ ਏਕੜ) 
NITROGEN    PHOSPHORUS   POTASH
25                        25                        12
 

ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।

ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3  ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ।

ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ।

ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਤਾਪਮਾਨ ਹੋਣ ਕਰ ਕੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਇਸ ਦੀ ਰੋਕਥਾਮ ਲਈ ਪਲੈਨੋਫਿਕਸ(ਐਨ ਏ ਏ) 5 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਸਮੇਂ ਕਰੋ। 20-25 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ।

ਨਦੀਨਾਂ ਦੀ ਰੋਕਥਾਮ - ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ। ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ 'ਤੇ ਸਪਰੇਅ ਕਰੋ।

 

ਸਿੰਚਾਈ - ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ  12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ 'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।

ਫਸਲ ਦੀ ਕਟਾਈ - ਬੈਂਗਣ ਦੀ ਤੁੜਾਈ ਫਲ ਪੱਕਣ ਤੋਂ ਥੋੜਾ ਸਮਾਂ ਪਹਿਲਾਂ ਕੀਤੀ ਜਾਂਦੀ ਹੈ, ਜਦੋਂ ਫਲ ਉੱਚਿਤ ਆਕਾਰ ਅਤੇ ਰੰਗ ਦਾ ਹੋ ਜਾਂਦਾ ਹੈ। ਮੰਡੀ ਵਿੱਚ ਵਧੀਆ ਰੇਟ ਲੈਣ ਲਈ ਫਲ ਚਿਕਨਾ ਅਤੇ ਆਕਰਸ਼ਿਕ ਰੰਗ ਦਾ ਹੋਣਾ ਚਾਹੀਦਾ ਹੈ।

ਕਟਾਈ ਤੋਂ ਬਾਅਦ - ਬੈਂਗਣ ਨੂੰ ਜ਼ਿਆਦਾ ਦੇਰ ਲਈ ਆਮ ਕਮਰੇ ਦੇ ਤਾਪਮਾਨ ਵਿੱਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਸ ਨਾਲ ਇਸ ਦੀ ਨਮੀਂ ਖਤਮ ਹੋ ਜਾਂਦੀ ਹੈ। ਬੈਂਗਣ ਨੂੰ 2-3 ਹਫਤਿਆਂ ਲਈ 10-11° ਸੈਲਸੀਅਸ ਤਾਪਮਾਨ 'ਤੇ ਅਤੇ 92% ਨਮੀਂ ਵਿੱਚ ਰੱਖਿਆ ਜਾ ਸਕਦਾ ਹੈ। ਕਟਾਈ ਤੋਂ ਬਾਅਦ ਇਸ ਨੂੰ ਸੁਪਰ, ਫੈਂਸੀ ਅਤੇ ਵਪਾਰਕ ਆਕਾਰ ਦੇ ਹਿਸਾਬ ਨਾਲ ਛਾਂਟ ਲਿਆ ਜਾਂਦਾ ਹੈ। ਪੈਕਿੰਗ ਲਈ, ਬੋਰੀਆਂ ਜਾਂ ਟੋਕਰੀਆਂ ਦੀ ਵਰਤੋਂ ਕਰੋ।