ਪੀ.ਏ.ਯੂ. ਵਿੱਚ ਖੇਤੀ ਕਾਰੋਬਾਰੀ ਉਦਮੀਆਂ ਲਈ ਦੋ ਮਹੀਨਿਆਂ ਦੀ ਆਨਲਾਈਨ ਸਿਖਲਾਈ ਆਰੰਭ ਹੋਈ
ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਆਰੰਭਕ ਸੈਸ਼ਨ ਵਿੱਚ 55 ਸਿਖਿਆਰਥੀਆਂ ਨੇ ਹਿੱਸਾ ਲਿਆ
ਲੁਧਿਆਣਾ - ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਐਗਰੀ ਬਿਜ਼ਨਸ ਇੰਨਕੂਬੇਟਰ (ਪਾਬੀ) ਅਧੀਨ ਖੇਤੀ ਕਾਰੋਬਾਰੀ ਉਦਮੀਆਂ ਲਈ 'ਉਦਮ' ਅਤੇ 'ਉਡਾਨ' ਪ੍ਰੋਜੈਕਟਾਂ ਤਹਿਤ ਦੋ ਮਹੀਨਿਆਂ ਦਾ ਆਨਲਾਈਨ ਸਿਖਲਾਈ ਪ੍ਰੋਗਰਾਮ ਬੀਤੇ ਦਿਨੀਂ ਸ਼ੁਰੂ ਹੋਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਆਰੰਭਕ ਸੈਸ਼ਨ ਵਿੱਚ 55 ਸਿਖਿਆਰਥੀਆਂ ਨੇ ਹਿੱਸਾ ਲਿਆ ।
ਡਾ. ਰਿਆੜ ਨੇ ਸਿਖਿਆਰਥੀਆਂ ਨੂੰ ਪਾਬੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਿਖਲਾਈ ਬਾਰੇ ਭਰਪੂਰ ਜਾਣਕਾਰੀ ਦਿੱਤੀ।ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਸਿਖਿਆਰਥੀਆਂ ਨੂੰ ਦੋ ਮਹੀਨਿਆਂ ਦੀ ਸਿਖਲਾਈ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ । ਪਾਬੀ ਦੇ ਕਾਰੋਬਾਰੀ ਪ੍ਰਬੰਧਕ ਇੰਜ. ਕਰਨਬੀਰ ਗਿੱਲ ਨੇ ਖੇਤੀ ਕਾਰੋਬਾਰ ਵਿੱਚ ਨੈਟਵਰਕਿੰਗ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਾਰੋਬਾਰ ਆਰੰਭ ਕਰਨ ਲਈ ਸੰਬੰਧਾਂ ਦਾ ਨੈਟਵਰਕ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ।
ਮੁੱਖ ਭਾਸ਼ਣ ਕਰਤਾ ਵਜੋਂ ਸ਼ਾਮਿਲ ਹੋਏ ਕਾਰੋਬਾਰ ਮਾਹਿਰ ਪ੍ਰੋਫੈਸਰ ਨਰੇਸ਼ ਸਚਦੇਵ ਨੇ ਖੇਤੀ ਕਾਰੋਬਾਰ ਬਾਰੇ ਰੋਸ਼ਨੀ ਪਾਉਂਦਿਆਂ ਕਾਰੋਬਾਰ ਆਰੰਭ ਕਰਨ ਵਾਲਿਆਂ ਲਈ ਲਾਭਕਾਰੀ ਗੱਲਾਂ ਕੀਤੀਆਂ। ਜ਼ਿਕਰਯੋਗ ਹੈ ਕਿ ਪਾਬੀ ਅਧੀਨ ਸਿਖਲਾਈ ਲੈਣ ਵਾਲਿਆਂ ਨੂੰ ਵੱਖ-ਵੱਖ ਖੇਤਰਾਂ ਜਿਵੇਂ ਖੇਤ ਮਸ਼ੀਨਰੀ, ਭੋਜਨ ਪ੍ਰੋਸੈਸਿੰਗ, ਤੰਦਰੁਸਤ ਸਿਹਤ ਅਤੇ ਢੁੱਕਵਾਂ ਭੋਜਨ, ਜੈਵਿਕ ਖੇਤੀ ਅਤੇ ਲਾਗਤ, ਖੇਤੀ ਕਲੀਨਿਕ ਸੇਵਾਵਾਂ, ਮਿੱਟੀ ਰਹਿਤ ਕਾਸ਼ਤ,
ਫਲੋਰੀਕਲਚਰ ਅਤੇ ਲੈਂਡਸਕੇਪਿੰਗ, ਸ਼ਹਿਦ ਮੱਖੀ ਪਾਲਣ ਅਤੇ ਸ਼ਹਿਦ ਦੀ ਪ੍ਰੋਸੈਸਿੰਗ, ਖੇਤੀ ਬਾਇਓਤਕਨਾਲੋਜੀ, ਖੇਤੀ ਸਪਲਾਈ ਲੜੀ ਅਤੇ ਖੁੰਬਾਂ ਦੀ ਕਾਸ਼ਤ ਆਦਿ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਜਾਵੇਗੀ । ਪਾਬੀ ਦੇ ਕਾਰੋਬਾਰੀ ਕਾਰਜਕਰਤਾ ਡਾ. ਇਕਬਾਲਪ੍ਰੀਤ ਕੌਰ ਸਿੱਧੂ ਨੇ ਆਰੰਭਕ ਸੈਸ਼ਨ ਦਾ ਜ਼ੂਮ ਉਪਰ ਬਾਖੂਬੀ ਸੰਚਾਲਨ ਕੀਤਾ ।