ਕਿਸਾਨ ਖ਼ੁਦਕੁਸ਼ੀਆਂ 'ਤੇ ਵਿਧਾਨ ਸਭਾ ਕਮੇਟੀ ਦੀ ਰੀਪੋਰਟ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਭੱਦਾ ਮਜ਼ਾਕ : ਅਕਾਲੀ ਦਲ

Vidhan Sabha

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਕਮੇਟੀ ਵਲੋਂ ਕਿਸਾਨ ਖ਼ੁਦਕੁਸ਼ੀਆਂ ਉੱਤੇ ਦਿਤੀ ਰੀਪੋਰਟ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਕੀਤਾ ਇਕ ਭੱਦਾ ਮਜ਼ਾਕ ਹੈ, ਕਿਉਂਕਿ ਇਸ ਵਿਚ ਨਾ ਤਾਂ ਖ਼ੁਦਕੁਸ਼ੀ ਪੀੜਤ ਪਰਵਾਰਾਂ ਲਈ ਕਿਸੇ ਮੁੜ-ਵਸੇਬਾ ਪੈਕਜ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਨਾ ਹੀ ਇਸ ਤੱਥ ਨੂੰ ਸਵੀਕਾਰਿਆ ਗਿਆ ਹੈ ਕਿ ਮੁਕੰਮਲ ਕਰਜ਼ਾ ਮਾਫ਼ੀ ਪ੍ਰੋਗਰਾਮ ਨੂੰ ਲਾਗੂ ਕਰਨਾ ਇਕ ਲੋੜ ਬਣ ਚੁੱਕੀ ਹੈ।ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿਚ ਬਣਾਈ ਵਿਧਾਨ ਸਭਾ ਕਮੇਟੀ ਨੇ ਖ਼ੁਦਕੁਸ਼ੀ ਪੀੜਤ ਪਰਵਾਰਾਂ ਨਾਲ ਹੋਈ ਗੱਲਬਾਤ ਦੀ ਅਸਲੀ ਤਸਵੀਰ ਪੇਸ਼ ਨਹੀਂ ਕੀਤੀ।

 ਉਨ੍ਹਾਂ ਕਿਹਾ ਕਿ ਇਹ ਵੀ ਬੜੀ ਸ਼ਰਮਨਾਕ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸੱਭ ਤੋਂ ਅਹਿਮ ਰੀਪੋਰਟ ਸੈਸ਼ਨ ਦੇ ਸੱਭ ਤੋਂ ਅਖ਼ੀਰਲੇ ਦਿਨ ਵਿਧਾਨ ਸਭਾ ਵਿਚ ਰੱਖੀ ਅਤੇ ਇਸ ਮੁੱਦੇ ਉੱਤੇ ਬਹਿਸ ਵੀ ਨਹੀਂ ਹੋਣ ਦਿਤੀ। ਇਥੋਂ ਤਕ ਕਿ ਇਸ ਰੀਪੋਰਟ ਉੱਤੇ ਮਤਭੇਦ ਵਾਲਾ ਨੋਟ ਲਿਖਣ ਵਾਲੇ ਅਕਾਲੀ ਦਲ ਦੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਵੀ ਇਸ ਮੁੱਦੇ ਉੱਤੇ ਅਸੰਬਲੀ ਵਿਚ ਬੋਲਣ ਦੀ ਆਗਿਆ ਨਹੀਂ ਦਿਤੀ ਗਈ।ਸਰਦਾਰ ਗਰੇਵਾਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਖ਼ੁਦਕੁਸ਼ੀ ਪੀੜਤ ਪਰਵਾਰਾਂ ਨੇ ਅਪਣੀ ਦੁਰਦਸ਼ਾ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਪੰਜਾਬ ਵਿਚ ਹੋਈਆਂ 400 ਖ਼ੁਦਕੁਸ਼ੀਆਂ, ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਮੁਕੰਮਲ ਕਰਜ਼ਾ ਮਾਫ਼ੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਸਿੱਟਾ ਹਨ।