ਦੀਪ ਸਿੱਧੂ, ਲੱਖਾ ਸਿਧਾਣਾ ਤੇ ਸਿੱਪੀ ਗਿੱਲ ਨੇ ਕਿਸਾਨ ਆਗੂਆਂ ਨਾਲ ਮਿਲ ਕੀਤਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਰਕਾਰ ਦੇ ਬਣਾਏ ਕਾਨੂੰਨਾ ਖਿਲਾਫ਼ ਵਿੱਢਿਆ ਜਾਵੇਗਾ ਸੰਘਰਸ਼

FILE PHOTO

ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਬਹੁਤ ਹੀ ਮਾੜੀ ਹੋ ਜਾਵੇਗੀ। ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ, ਮਜ਼ਦੂਰਾ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਜਾਰੀ ਹੈ।

ਕਲਾਕਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਆਪਣਾ ਪੱਖ ਜਾਂ ਫਿਰ ਕਹੀਏ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ। ਜੇਕਰ ਗੱਲ ਕਰੀਏ ਤਾਂ ਸਾਰੇ ਕਲਾਕਾਰਾਂ ਵੀਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਦੀਪ ਸਿੱਧੂ,ਲੱਖਾ ਸਿਧਾਣਾ ਤੇ ਸਿੱਪੀ ਗਿੱਲ ਨੇ ਕਿਸਾਨ ਆਗੂਆ  ਨਾਲ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕਰ ਦਿੱਤਾ। ਇਸ ਪ੍ਰੈਸ ਕਾਨਫਰੰਸ ਵਿੱਚ ਲੱਖਾ ਸਿਧਾਣਾ, ਦੀਪ ਸਿੱਧੂ, ਸਿੱਪੀ ਗਿੱਲ,ਜੱਸ ਬਾਜਵਾ ਅਤੇ ਹੋਰ ਵੀ ਕਈ ਕਲਾਕਾਰ ਮੌਜੂਦ ਸਨ।

ਦੀਪ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 14 ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ 7 ਮੈਂਬਰ ਕਿਸਾਨ ਜਥੇਬੰਦੀਆਂ ਵੱਲੋਂ ਹੋਣਗੇ ਅਤੇ 7 ਮੈਂਬਰ  ਉਹ ਹੋਣਗੇ ਜਿਹਨਾਂ ਨੂੰ ਅਸੀਂ  ਨਿਯੁਕਤ ਕਰਾਂਗੇ। ਉਹਨਾਂ ਕਿਹਾ ਕਿ ਲੜਾਈ ਅਸੀਂ ਰਲ ਕੇ ਵਿਉਂਤਬੰਦੀ ਨਾਲ ਲੜਾਂਗੇ। ਲੜਾਈ, ਸੰਘਰਸ਼ ਲੰਬਾ ਹੈ ਜਿਹੜੇ ਸਰਕਾਰ ਦੇ ਕਾਨੂੰਨ ਬਣਾਏ ਉਹਨਾਂ ਖਿਲਾਫ ਸੰਘਰਸ਼  ਵਿੱਢਿਆ ਜਾਵੇਗਾ।

ਪ੍ਰੈਸ ਕਾਨਫਰੰਸ ਵਿੱਚ ਲੱਖਾ ਸਿਧਾਣਾ ਨੇ ਆਨੰਦਪੁਰ ਮਤੇ ਬਾਰੇ ਬੋਲਿਆ ਕਿਹਾ ਕਿ ਆਨੰਦਪੁਰ ਮਤੇ ਵਿੱਚ ਕਿਸਾਨਾਂ ,ਪੰਜਾਬ ਦੇ ਪਾਣੀਆਂ , ਸਾਡੀ ਬੋਲੀ, ਸਾਡੀ ਧਰਤੀ ਦੀ ਗੱਲ ਕੀਤੀ ਗਈ ਹੈ। ਰਾਜਨੀਤਿਕ ਪਾਰਟੀਆਂ ਬਾਰੇ ਬੋਲਦਿਆਂ ਦੀਪ ਸਿੱਧੂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਸਿਰਾਂ ਦੀ ਗਿਣਤੀ ਕਰਨੀ ਹੈ, ਹੁਣ ਉਹਨਾਂ ਨੂੰ ਲੋਕ ਹਿੱਤਾਂ ਲਈ ਕੋਈ ਮਤਲਬ ਨਹੀਂ , ਕਿਉਂਕਿ ਅਸੀਂ 17ਸਾਲ ਤੋਂ ਵੇਖਦੇ ਆ ਰਹੇ ਹਾਂ ਕਿ ਕਿਸੇ ਨੇ ਵੀ ਕਿਸਾਨਾਂ ਦੇ ਹਿੱਤਾਂ ਲਈ ਕੋਈ ਕੰਮ ਨਹੀ ਕੀਤਾ।  

ਹਾਂ  ਜੇਕਰ ਰਾਜਨੀਤਿਕ ਪਾਰਟੀਆਂ  ਆਪਣਾ ਝੰਡਾ ਛੱਡ ਕੇ ਕਿਸਾਨਾਂ ਦੇ ਝੰਡੇ ਹੇਠ ਬੈਠ ਕੇ ਸ਼ੰਘਰਸ਼ ਕਰਨ ਨੂੰ ਤਿਆਰ ਹਨ ਤਾਂ ਉਹਨਾਂ ਨੂੰ  ਜੀ ਆਇਆ  ਕਹਿੰਦੇ ਹਾਂ। ਕਿਉਂਕਿ ਅਸੀਂ ਤਾਂ ਲਾਮਬੰਦੀ ਕਰਨੀ ਹੈ,ਲੋਕ ਜੋੜਨੇ ਨੇ ਇਸ ਸ਼ੰਘਰਸ਼ ਵਿੱਚ। ਖਾਲਿਸਤਾਨ ਬਾਰੇ ਦੀਪ ਸਿੱਧੂ ਨੇ ਬੋਲਦਿਆਂ ਕਿਹਾ ਕਿ  ਜਦੋਂ ਗੱਲ ਖਾਲਿਸਤਾਨ ਦੀ ਆਉਂਦੀ ਹੈ ਤਾਂ ਜਾਂ ਕਿਸੇ ਅਲੱਗ ਦੇਸ਼ ਦੀ ਗੱਲ ਹੁੰਦੀ ਹੈ ਇਹ ਉਦੋਂ ਹੁੰਦੀ ਹੈ ਜਦੋਂ ਲੋਕਾਂ ਵਿੱਚ  ਤਣਾਅ ਤੇ ਟਕਰਾਅ ਪੈਦਾ ਹੁੰਦਾ ਅਤੇ ਇਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪੈਦਾ ਹੁੰਦਾ ਹੈ।

ਉਥੇ ਹੀ ਜੱਸ ਬਾਜਵਾ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਸਿਰਫ ਖੇਤੀ ਬਿਲਾਂ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਹੋਰ ਮੁੱਦਿਆਂ ਤੇ। ਸਿੱਪੀ ਗਿੱਲ ਨੇ ਵੀ ਦੱਸਿਆ ਕਿ ਪੰਜਾਬੀ ਇੰਡਸਟਰੀ ਵਿੱਚ ਏਕਾ ਹੈ  ਉਹਨਾਂ ਕਿਹਾ ਜੇਕਰ ਕਿਸੇ ਦਾ ਗਾਣਾ ਵੀ ਆਉਂਦਾ ਹੈ ਤਾਂ ਉਸਨੂੰ ਸਾਰੇ ਸ਼ੇਅਰ ਕਰਦੇ  ਨੇ ਤੇ ਉਹ ਗਾਣਾ ਰਾਤੋ-ਰਾਤ ਲੱਖਾਂ ਵਿੱਚ ਪਹੁੰਚ ਜਾਂਦਾ ਹੈ।