ਦੋ ਸਕੇ ਭਰਾ ਕਿਸਾਨਾਂ ਲਈ ਬਣੇ ਮਿਸਾਲ, 8 ਏਕੜ 'ਚ ਅਨਾਰ ਦੀ ਖੇਤੀ ਕਰ ਕੇ ਕਮਾਏ 80 ਲੱਖ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਖੇਤੀ ਨਾਲ ਇਹ ਪਰਿਵਾਰ ਹੁਣ ਤੱਕ 42 ਏਕੜ ਜ਼ਮੀਨ ਖਰੀਦ ਚੁੱਕਾ ਹੈ। 

Pomegranate Cultivation

ਨਵੀਂ ਦਿੱਲੀ - ਆਮ ਤੌਰ 'ਤੇ ਮਹਾਰਾਸ਼ਟਰ ਦੇ ਕਿਸਾਨ ਕੁਦਰਤੀ ਆਫਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਚਾਹੇ ਉਹ ਵਿਦਰਭ ਵਿਚ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਹੋਵੇ ਜਾਂ ਔਰੰਗਾਬਾਦ ਵਿਚ ਪਾਣੀ ਦੀ ਸਮੱਸਿਆ।  ਮਹਾਰਾਸ਼ਟਰ ਦੇ ਕਿਸਾਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਪਰ ਇਸ ਵਾਰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਦੋ ਭਰਾ ਕਿਸਾਨਾਂ ਲਈ ਮਿਸਾਲ ਬਣ ਗਏ ਹਨ।

ਅਮੋਲ ਅਹੀਰੇਕਰ ਅਤੇ ਚੰਦਰਕਾਂਤ ਅਹੀਰੇਕਰ ਦੋਵੇਂ ਭਰਾ ਹਨ। ਇਨ੍ਹਾਂ ਦੋਵਾਂ ਨੇ ਅਨਾਰ ਦੀ ਖੇਤੀ ਤੋਂ ਇੱਕ ਸਾਲ ਵਿਚ 80 ਲੱਖ ਰੁਪਏ ਕਮਾਏ ਹਨ। ਆਉਣ ਵਾਲੇ ਦਿਨਾਂ ਵਿਚ ਉਹ ਅਨਾਰ ਦੀ ਖੇਤੀ ਦਾ ਦਾਇਰਾ ਵਧਾ ਰਹੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਕਮਾਈ ਹੋਰ ਵਧ ਸਕਦੀ ਹੈ। 
ਦੋਹੇ ਭਰਾ ਵਾਠਰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਫਲਟਨ ਤਹਿਸੀਲ ਦੇ ਨਿੰਬਲਕਰ ਪਿੰਡ ਦੇ ਵਸਨੀਕ ਹਨ। ਇਸ ਸਮੇਂ ਉਨ੍ਹਾਂ ਨੇ ਅਨਾਰ ਦੀ ਖੇਤੀ ਵਿਚ 25-30 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਮਹਾਰਾਸ਼ਟਰ ਪ੍ਰਮੁੱਖ ਅਨਾਰ ਉਤਪਾਦਕ ਸੂਬਿਆਂ ਵਿਚੋਂ ਇੱਕ ਹੈ। ਇੱਥੋਂ ਦੇ ਸੋਲਾਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਅਨਾਰ ਦੀ ਖੇਤੀ ਵੱਡੇ ਪੱਧਰ ’ਤੇ ਹੁੰਦੀ ਹੈ।

ਅਹੀਰੇਕਰ ਪਰਿਵਾਰ ਕੋਲ ਕੁੱਲ 42 ਏਕੜ ਖੇਤੀ ਹੈ। ਜਿਸ ਵਿਚੋਂ 20 ਏਕੜ ਵਿਚ ਅਨਾਰ ਦਾ ਬਾਗ ਹੈ। 20 ਏਕੜ ਵਿਚੋਂ 8 ਏਕੜ ਦੇ ਬਾਗ ਵਿਚ ਫਲ ਤਿਆਰ ਹੋ ਜਾਂਦੇ ਹਨ। ਇਸ 8 ਏਕੜ ਵਿਚ 2200 ਪੌਦੇ 300 ਗ੍ਰਾਮ ਤੋਂ ਲੈ ਕੇ 700 ਗ੍ਰਾਮ ਤੱਕ ਦੇ ਅਨਾਰ ਦੇ ਫਲਾਂ ਨਾਲ ਲੱਦੇ ਹੋਏ ਹਨ। ਅਮੋਲ ਅਹੀਰੇਕਰ ਨੇ ਦੱਸਿਆ ਕਿ ਜੈਵਿਕ ਖੇਤੀ ਦੀ ਮਦਦ ਨਾਲ ਉਹ ਇੱਕ ਸਾਲ ਵਿਚ 80 ਲੱਖ ਰੁਪਏ ਕਮਾ ਰਹੇ ਹਨ।  

ਅਮੋਲ ਨੇ 20 ਏਕੜ ਵਿਚ 5500 ਰੁੱਖ ਲਗਾਏ ਹਨ। ਇਹ ਅਨਾਰ ਨੇਪਾਲ, ਬੰਗਲਾਦੇਸ਼ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਚੰਦਰਕਾਂਤ ਅਹੀਰੇਕਰ ਅਤੇ ਅਮੋਲ ਅਹੀਰੇਕਰ ਪਿਛਲੇ 26 ਸਾਲਾਂ ਤੋਂ ਅਨਾਰ ਦੀ ਖੇਤੀ ਕਰ ਰਹੇ ਹਨ। ਵੱਡੀ ਖੇਤੀ ਕਰਕੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਸਗੋਂ ਹਰ ਸਾਲ ਤਰੱਕੀ ਹੋਈ ਹੈ। 
ਅਹੀਰੇਕਰ ਪਰਿਵਾਰ ਕੋਲ ਕਰੀਬ 1.5 ਏਕੜ ਦੀ ਜੱਦੀ ਜਾਇਦਾਦ ਸੀ।

1996 ਵਿਚ ਉਸ ਨੇ ਪਹਿਲੀ ਵਾਰ ਇਸ ਡੇਢ ਏਕੜ ਜ਼ਮੀਨ ਵਿਚ ਅਨਾਰ ਦੀ ਫ਼ਸਲ ਬੀਜੀ ਸੀ। ਅਹੀਰੇਕਰ ਪਰਿਵਾਰ ਨੇ ਅਣਥੱਕ ਮਿਹਨਤ ਕੀਤੀ ਅਤੇ ਪਹਿਲੇ ਸਾਲ ਹੀ ਚੰਗਾ ਮੁਨਾਫ਼ਾ ਕਮਾਇਆ। ਇਸ ਪੈਸੇ ਨਾਲ ਉਸ ਨੇ ਨੇੜੇ ਹੀ 4 ਏਕੜ ਹੋਰ ਜ਼ਮੀਨ ਖਰੀਦੀ। ਉਸ 4 ਏਕੜ ਵਿਚ ਵੀ ਅਨਾਰ ਦੇ ਬੂਟੇ ਲਗਾਏ। ਇਸ ਵਿਚ ਵੀ ਫਾਇਦਾ ਹੋਇਆ। ਇਸ ਖੇਤੀ ਨਾਲ ਇਹ ਪਰਿਵਾਰ ਹੁਣ ਤੱਕ 42 ਏਕੜ ਜ਼ਮੀਨ ਖਰੀਦ ਚੁੱਕਾ ਹੈ।