ਕਿਸਾਨਾਂ ਨੇ ਰੇਲਵੇ ਟਰੈਕ 'ਤੇ ਅਰਧ ਨਗਨ ਹਾਲਤ ਵਿਚ ਕੀਤਾ ਪ੍ਰਦਰਸ਼ਨ, ਵਾਅਦੇ ਪੂਰੇ ਕਰਨ ਦੀ ਉਠਾਈ ਮੰਗ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਸੜਕਾਂ ਤੇ ਰੇਲ ਟਰੈਕ ਜਾਮ ਕਰਨੇ ਸ਼ੁਰੂ ਕਰ ਦਿੱਤੇ ਸਨ।

Farmers Protest

 

ਅੰਮ੍ਰਿਤਸਰ - ਪੰਜਾਬ ਦੇ ਕਿਸਾਨ ਅੱਜ ਇੱਕ ਵਾਰ ਫਿਰ ਸੜਕਾਂ 'ਤੇ ਉੱਤਰੇ ਹਨ। ਕਿਸਾਨ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੂਰੇ ਭਾਰਤ ਵਿਚ ਰੇਲ ਰੋਕੋ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਯੂਪੀ ਦੇ ਲਖੀਮਪੁਰ ਖੇੜੀ ਵਿਚ ਹੋਏ ਹਾਦਸੇ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ 4 ਘੰਟੇ ਲਈ ਰੇਲ ਅਤੇ ਸੜਕੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਸੀ ਤੇ ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਸੜਕਾਂ ਤੇ ਰੇਲ ਟਰੈਕ ਜਾਮ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਕਾਰਨ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਕਈ ਅਹਿਮ ਟਰੇਨਾਂ ਪ੍ਰਭਾਵਿਤ ਹੋਈਆਂ ਹਨ। 

ਕਿਸਾਨ ਸੰਯੁਕਤ ਮੋਰਚੇ ਦੇ ਬੈਨਰ ਹੇਠ ਅੰਮ੍ਰਿਤਸਰ ਦੇ ਵੱਲਾ ਫਾਟਕ 'ਤੇ ਕਿਸਾਨ ਰੇਲ ਪਟੜੀ 'ਤੇ ਬੈਠੇ ਹੋਏ ਹਨ। ਕੁਝ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੇ ਦੋਵੇਂ ਅਹਿਮ ਟੋਲ ਪਲਾਜ਼ਿਆਂ ’ਤੇ ਵੀ ਇਕੱਠੇ ਹੋ ਕੇ ਸੜਕ ਜਾਮ ਕਰ ਦਿੱਤੀ ਹੈ। ਇਹ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਚੱਲਿਆ। ਕਿਸਾਨਾਂ ਨੇ ਦੱਸਿਆ ਕਿ ਲਖੀਮਪੁਰ ਖੇੜੀ ਵਿਚ ਵਾਪਰੀ ਘਟਨਾ ਨੂੰ 9 ਮਹੀਨੇ ਬੀਤ ਚੁੱਕੇ ਹਨ ਪਰ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ।

ਇਸ ਦੇ ਨਾਲ ਹੀ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਦੌਰਾਨ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੇਂਦਰ ਸਰਕਾਰ ਵਾਅਦੇ ਮੁਤਾਬਕ ਐਮਐਸਪੀ ਬਿੱਲ ਨਹੀਂ ਲਿਆ ਸਕੀ। ਅਜਿਹਾ ਨਾ ਕਰਕੇ ਕੇਂਦਰ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ।
ਅੰਮ੍ਰਿਤਸਰ ਦੇ ਵੱਲਾ ਗੇਟ 'ਤੇ ਇਕੱਠੇ ਹੋਏ ਕਿਸਾਨਾਂ ਨੇ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਹਿਲਾ ਕਿਸਾਨ ਵੀ ਵੱਡੀ ਗਿਣਤੀ ਵਿਚ ਪਹੁੰਚੀਆਂ ਅਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਕਿਸਾਨਾਂ ਨੇ ਕਿਹਾ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਆਪਣੇ ਵਾਅਦੇ ਪੂਰੇ ਕਰ ਸਕੀ ਹੈ।

ਇੰਨਾ ਹੀ ਨਹੀਂ ਲਖੀਮਪੁਰ ਖੇੜੀ 'ਚ ਹੋਈ ਹਿੰਸਕ ਘਟਨਾ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ।
ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਸ਼ੁਰੂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ਤੋਂ ਆਉਣ-ਜਾਣ ਵਾਲੀਆਂ ਦੋਵੇਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਮੁੱਖ ਰੇਲਗੱਡੀਆਂ ਦੀ ਗੱਲ ਕਰੀਏ ਤਾਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਫੈਸਟੀਵਲ ਸਪੈਸ਼ਲ 09613, ਇੰਟਰ ਸਿਟੀ ਸੁਪਰਫਾਸਟ ਸਪੈਸ਼ਲ 12411, ਅੰਮ੍ਰਿਤਸਰ ਐਕਸਪ੍ਰੈਸ 19611, ਕਟਿਹਾਰ-ਅੰਮ੍ਰਿਤਸਰ ਸਪੈਸ਼ਲ 15707 ਆਦਿ ਟਰੇਨਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ।