ਆਓ ਜਾਣਦੇ ਹਾਂ ਆਲੂ ਦੀ ਬਿਜਾਈ ਤੇ ਪਿਆਜ਼ ਦੀ ਲੁਆਈ ਦਾ ਸਹੀ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਿਆਜ਼ ਇਕ ਏਕੜ ਵਿਚੋਂ 150 ਕੁਇੰਟਲ ਤੋਂ ਵੱਧ ਪ੍ਰਾਪਤ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ।

Representational

ਪਿਆਜ਼ ਇਕ ਏਕੜ ਵਿਚੋਂ 150 ਕੁਇੰਟਲ ਤੋਂ ਵੱਧ ਪ੍ਰਾਪਤ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਜੇ ਆਪ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਪਨੀਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਦੀ ਲੁਆਈ ਲਈ ਪੀਆਰਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਆਰਓ-6 ਕਿਸਮ ਕੇਵਲ 120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ 175 ਕੁਇੰਟਲ ਤਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। 

ਜਨਵਰੀ ਦੇ ਪਹਿਲੇ ਪੰਦਰਵਾੜੇ ਸਰਦੀ ਅਪਣੇ ਪੂਰੇ ਜੋਬਨ ਉਤੇ ਹੁੰਦੀ ਹੈ। ਜਿਥੇ ਪ੍ਰਵਾਰਕ ਮੈਂਬਰਾਂ ਨੂੰ ਠੰਢ ਤੋਂ ਬਚਾਉਣਾ ਜ਼ਰੂਰੀ ਹੈ ਉਥੇ ਫ਼ਸਲਾਂ ਅਤੇ ਡੰਗਰਾਂ ਨੂੰ ਵੀ ਠੰਢ ਤੋਂ ਬਚਾਉਣਾ ਚਾਹੀਦਾ ਹੈ। ਜੇ ਲੋਹੜੀ ਨੇੜੇ ਮੀਂਹ ਨਹੀਂ ਪੈਂਦਾ ਤਾਂ ਸਾਰੀਆਂ ਫ਼ਸਲਾਂ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ। ਡੰਗਰਾਂ ਨੂੰ ਦਿਨ ਵਿਚ ਧੁੱਪੇ ਬੰਨ੍ਹੋ। ਰਾਤ ਨੂੰ ਕਮਰੇ ਅੰਦਰ ਸੁੱਕੀ ਥਾਂ ਬੰਨ੍ਹੋ। ਡੰਗਰਾਂ ਹੇਠਾਂ ਸੁੱਕ ਵੀ ਪਾ ਦੇਣੀ ਚਾਹੀਦੀ ਹੈ। ਪੀਣ ਲਈ ਤਾਜ਼ਾ ਪਾਣੀ ਦੇਵੋ।

ਪਸ਼ੂਆਂ ਉੱਤੇ ਝੁਲ ਵੀ ਪਾਵੋ। ਠੰਢ ਹੋਣ ਦੇ ਬਾਵਜੂਦ ਇਹ ਪੰਦਰਵਾੜਾ ਰੁਝੇਵਿਆਂ ਭਰਿਆ ਹੈ। ਇਸ ਸਮੇਂ ਦੌਰਾਨ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਪਿਆਜ਼ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਈ ਜਾਂਦੀ ਹੈ। ਪੰਜਾਬ ਵਿਚ ਕਿਸੇ ਹੋਰ ਸਬਜ਼ੀ ਦੇ ਮੁਕਾਬਲੇ ਆਲੂਆਂ ਹੇਠ ਸੱਭ ਤੋਂ ਵੱਧ ਰਕਬਾ ਹੈ। ਇਨ੍ਹਾਂ ਦੀ ਕਾਸ਼ਤ ਕੋਈ 97 ਹਜ਼ਾਰ ਹੈਕਟੇਅਰ ਵਿਚ ਕੀਤੀ ਜਾਂਦੀ ਹੈ।

ਕੁਫ਼ਰੀ ਸੂਰੀਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ ਜਦੋਂ ਕਿ ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ, ਕੁਫ਼ਰੀ ਬਹਾਰ, ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਦੂਜੀਆਂ ਕਿਸਮਾਂ ਹਨ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3, ਕੁਫ਼ਰੀ ਫ਼ਰਾਈਸੋਨਾ, ਕਾਰਖ਼ਾਨਿਆਂ ਵਿਚ ਵਰਤੀਆਂ ਜਾਣ ਵਾਲੀਆਂ ਕਿਸਮਾਂ ਹਨ। ਆਲੂ ਦਾ ਬੀਜ ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣਾ ਚਾਹੀਦਾ ਹੈ। ਜੇ ਤਾਜ਼ੇ ਪੁੱਟੇ ਆਲੂਆਂ ਨੂੰ ਬੀਜ ਲਈ ਵਰਤਣਾ ਹੈ ਤਾਂ ਉਨ੍ਹਾਂ ਦੀ ਨੀਂਦ ਤੋੜਨੀ ਜ਼ਰੂਰੀ ਹੈ।

ਬੀਜ ਨੂੰ ਰੋਗ ਰਹਿਤ ਕਰਨ ਲਈ 2.5 ਮਿਲੀਲਿਟਰ ਮੌਨਸਰਨ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਇਸ ਵਿਚ ਬੀਜ ਨੂੰ ਦਸ ਮਿੰਟਾਂ ਤਕ ਡੋਬ ਕੇ ਰੱਖੋ। ਆਲੂਆਂ ਨੂੰ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਗੋਹੇ ਦੀ ਰੂੜੀ ਅਤੇ ਰਸਾਇਣਕ ਖਾਦਾਂ ਨਾਲ ਜੇ ਕਨਸ਼ੋਰਸ਼ੀਅਮ ਜੀਵਾਣੂ ਖਾਦ ਚਾਰ ਕਿਲੋ ਪ੍ਰਤੀ ਏਕੜ ਮਿੱਟੀ ਵਿਚ ਰਲਾ ਕੇ ਪਾਈ ਜਾਵੇ ਤਾਂ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਸੁਧਰਦੀ ਹੈ। ਪੰਜਾਬ ਵਿਚ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਰੁੱਖ ਲਗਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਹੁਣ ਸਫ਼ੈਦਾ, ਪੋਪਲਰ ਤੇ ਡੇਕ ਆਦਿ ਦੇ ਰੁੱਖ ਲਗਾਏ ਜਾ ਸਕਦੇ ਹਨ। ਇਨ੍ਹਾਂ ਦੇ ਬੂਟੇ ਪੰਜਾਬ ਦੇ ਵਣ ਵਿਭਾਗ ਕੋਲੋਂ ਮੁਫ਼ਤ ਵੀ ਮਿਲ ਜਾਂਦੇ ਹਨ। ਸਾਨੂੰ ਵਣ ਖੇਤੀ ਨੂੰ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ। ਕੁੱਝ ਰਕਬੇ ਵਿਚ ਖ਼ਾਸ ਕਰ ਕੇ ਮਾੜੀਆਂ ਧਰਤੀਆਂ ਵਿਚ ਵਣ ਖੇਤੀ ਕਰਨੀ ਚਾਹੀਦੀ ਹੈ। ਇਹ ਪੰਦਰਵਾੜਾ ਪੱਤਝੜੀ ਫਲਦਾਰ ਰੁੱਖ ਲਗਾਉਣ ਲਈ ਵੀ ਢੁਕਵਾਂ ਹੈ। ਇਸ ਮਹੀਨੇ ਬੂਟੇ ਸੁੱਤੇ ਪਏ ਹੁੰਦੇ ਹਨ ਜਿਸ ਕਰ ਕੇ ਨੰਗੀਆਂ ਜੜ੍ਹਾਂ ਨਾਲ ਹੀ ਲਗਾਏ ਜਾ ਸਕਦੇ ਹਨ। ਅੰਗੂਰ, ਨਾਸ਼ਪਾਤੀ, ਆੜੂ, ਅਲੂਚਾ, ਅਨਾਰ, ਫ਼ਾਲਸਾ, ਅੰਜੀਰ ਦੇ ਬੂਟੇ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਦੇਣੇ ਚਾਹੀਦੇ ਹਨ।

ਪੰਜਾਬ ਵਿਚ ਨਾਸ਼ਪਤੀ ਹੇਠ ਕੋਈ ਤਿੰਨ ਹਜ਼ਾਰ ਰਕਬਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਸਖ਼ਤ ਤੇ ਨਰਮ। ਪੰਜਾਬ ਨਾਖ ਅਤੇ ਪੱਥਰ ਨਾਖ ਸਖ਼ਤ ਕਿਸਮਾਂ ਹਨ ਜਦੋਂ ਕਿ ਪੰਜਾਬ ਗੋਲਡ, ਪੰਜਾਬ ਨੈਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ, ਨਿਜੀਸਿਕੀ ਅਤੇ ਪੰਜਾਬ ਸਾਫਟ ਨਰਮ ਕਿਸਮਾਂ ਹਨ। ਪਰਤਾਪ, ਫ਼ਲੋਰਿਡਾ ਪਿ੍ਰੰਸ, ਸ਼ਾਨੇ ਪੰਜਾਬ ਤੇ ਅਰਲੀ ਗਰੈਂਡ ਆੜੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।

ਇਨ੍ਹਾਂ ਦੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਪ੍ਰਭਾਤ, ਸ਼ਰਬਤੀ ਅਤੇ ਪੰਜਾਬ ਨੈਕਟਰੇਨ ਚਿੱਟੇ ਗੁੱਦੇ ਵਾਲੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸੁਪੀਰੀਅਰ ਸੀਡਲੈਸ, ਪੰਜਾਬ ਮੈਕ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ ਅਤੇ ਪਰਲਿਟ ਅੰਗੂਰਾਂ ਦੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ ਅਲੂਚੇ ਦੀਆਂ ਉਨਤ ਕਿਸਮਾਂ ਹਨ। ਭਗਵਾਂ, ਗਣੇਸ਼ ਅਤੇ ਕੰਧਾਰੀ ਅਨਾਰ ਦੀਆਂ ਵਧੀਆ ਕਿਸਮਾਂ ਹਨ। ਬਰਾਊਨ ਟਰਕੀ ਅੰਜੀਰ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ।

ਫਲਦਾਰ ਬੂਟੇ ਲਗਾਉਣ ਲਈ ਟੋਏ ਪੁੱਟ ਲੈਣੇ ਚਾਹੀਦੇ ਹਨ। ਇਹ ਟੋਏ ਇਕ ਮੀਟਰ ਘੇਰੇ ਵਾਲੇ ਤੇ ਇਕ ਮੀਟਰ ਡੂੰਘੇ ਪੁੱਟੇ ਜਾਣ। ਇਹ ਟੋਏ ਅੱਧੀ ਉਪਰਲੀ ਮਿੱਟੀ ਲੈ ਕੇ ਅਤੇ ਅੱਧੀ ਵਧੀਆ ਰੂੜੀ ਰਲਾ ਕੇ ਭਰੋ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਟੋਏ ਵਿਚ 30 ਗ੍ਰਾਮ ਲਿੰਡੇਨ 5 ਫ਼ੀ ਸਦੀ ਦਾ ਧੂੜਾ ਜਾਂ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈ ਸੀ ਜ਼ਰੂਰ ਪਾਵੋ। ਬੂਟੇ ਹਮੇਸ਼ਾ ਸਰਕਾਰੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਰਸਰੀ ਤੋਂ ਸਹੀ ਉਮਰ, ਸਿਫ਼ਾਰਸ਼ ਕੀਤੀ ਕਿਸਮ ਅਤੇ ਸਿਹਤਮੰਦ ਬੂਟੇ ਖ਼ਰੀਦੋ। ਪਿਆਜ਼ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਲਈ ਇਹ ਢੁਕਵਾਂ ਸਮਾਂ ਹੈ। ਇਸ ਵਾਰ ਥੋੜ੍ਹੇ ਰਕਬੇ ਵਿਚ ਕੀਤੀ ਖੇਤੀ ਨਾਲ ਤਜ਼ਰਬਾ ਹੋ ਜਾਵੇਗਾ ਤੇ ਅਗਲੇ ਸਾਲ ਇਸ ਹੇਠ ਰਕਬਾ ਵਧਾਇਆ ਜਾ ਸਕਦਾ ਹੈ।

ਪਿਆਜ਼ ਇਕ ਏਕੜ ਵਿਚੋਂ 150 ਕੁਇੰਟਲ ਤੋਂ ਵੱਧ ਪ੍ਰਾਪਤ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਜੇ ਆਪ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਪਨੀਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਦੀ ਲੁਆਈ ਲਈ ਪੀਆਰਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਆਰਓ-6 ਕਿਸਮ ਕੇਵਲ 120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ 175 ਕੁਇੰਟਲ ਤਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖੋ।