ਸਟਰਾਅ ਬੇਰੀ ਦੀ ਸਫ਼ਲ ਕਾਸ਼ਤ ਕਰ ਕੇ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਿਸਾਨਾਂ ਲਈ ਰਾਹ-ਦਸੇਰਾ ਬਣਿਆ
ਪਿਛਲੇ 10 ਸਾਲਾਂ ਤੋਂ ਕਰ ਰਿਹਾ ਸਟਰਾਅ ਬੇਰੀ ਦੀ ਕਾਸ਼ਤ
ਅੰਮ੍ਰਿਤਸਰ, (ਸਤਵਿੰਦਰ ਸਿੰਘ ਜੱਜ) : ਮਿਹਨਤ ਅੱਗੇ ਲਕਸ਼ਮੀ ਅਤੇ ਪੱਖੇ ਅੱਗੇ ਪੌਣ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਰਕ ਦੇ ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਸੱਚ ਕਰ ਦਿਖਾਇਆ ਹੈ। ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਅਪਣੇ ਖੇਤਾਂ ਵਿਚ ਪਿਛਲੇ ਇਕ ਦਹਾਕੇ ਤੋਂ ਸਟਰਾਅ ਬੇਰੀ ਦੀ ਸਫ਼ਲ ਕਾਸ਼ਤ ਕਰ ਕੇ ਚੋਖੀ ਆਮਦਨ ਕਮਾ ਰਿਹਾ ਹੈ।
ਸ਼ੇਰੇ ਪੰਜਾਬ ਸਿੰਘ ਨੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਜਿੱਥੇ ਫ਼ਸਲੀ ਵਿਭਿੰਨਤਾ ਲਿਆਂਦੀ ਹੈ, ਉਥੇ ਨਾਲ ਹੀ ਪਾਣੀ ਦੀ ਬਚਤ ਕਰਨ ਵਿਚ ਵੀ ਅਪਣਾ ਯੋਗਦਾਨ ਪਾਇਆ ਹੈ। ਅਗਾਂਹਵਧੂ ਕਿਸਾਨ ਕਾਹਲੋਂ ਨੇ ਦਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਸਟਰਾਅ ਬੇਰੀ ਦੀ ਕਾਸ਼ਤ ਕਰ ਰਿਹਾ ਹੈ। ਕਾਹਲੋਂ ਨੇ ਦਸਿਆ ਕਿ ਉਸਨੇ ਇਸ ਸਾਲ ਵੀ 6 ਕਨਾਲਾਂ ’ਚ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ।
ਉਸਨੇ ਦਸਿਆ ਕਿ ਉਹ ਸਟਰਾਅ ਬੇਰੀ ਦੀ ਮਾਰਕੀਟਿੰਗ ਵੀ ਖ਼ੁਦ ਕਰਦਾ ਹੈ ਅਤੇ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਉਸਨੂੰ ਇਸ ਫ਼ਸਲ ਵਿਚੋਂ ਵੱਧ ਆਮਦਨ ਹੋ ਰਹੀ ਹੈ। ਉਸਨੇ ਕਿਹਾ ਕਿ ਉਸਦੇ ਗ੍ਰਾਹਕ ਉਸ ਨਾਲ ਸਿੱਧਾ ਰਾਬਤਾ ਕਰ ਕੇ ਆਰਡਰ ਦਿੰਦੇ ਹਨ ਅਤੇ ਉਹ ਬਿਲਕੁਲ ਤਾਜ਼ੀ ਸਟਰਾਅ ਬੇਰੀ ਉਨ੍ਹਾਂ ਦੇ ਘਰ ਪਹੁੰਚਾ ਦਿੰਦਾ ਹੈ। ਅਜਿਹਾ ਕਰਨ ਨਾਲ ਉਸ ਨੂੰ ਬਜ਼ਾਰ ਨਾਲੋਂ ਵੱਧ ਰੇਟ ਮਿਲ ਜਾਂਦਾ ਹੈ।
ਕਿਸਾਨ ਕਾਹਲੋਂ ਨੇ ਦਸਿਆ ਕਿ ਸਟਰਾਅ ਬੇਰੀ ਦੀ ਬਿਜਾਈ ਅਕਤੂਬਰ ਮਹੀਨੇ ’ਚ ਕੀਤੀ ਜਾਂਦੀ ਹੈ ਅਤੇ ਇਹ ਫ਼ਸਲ ਪੱਕ ਕੇ ਫ਼ਰਵਰੀ ਮਹੀਨੇ ’ਚ ਤਿਆਰ ਹੁੰਦੀ ਹੈ। ਉਸ ਨੇ ਦਸਿਆ ਕਿ 20 ਫ਼ਰਵਰੀ ਤੋਂ ਬਾਅਦ ਇਸ ਦਾ ਮੰਡੀਕਰਨ ਕਰਨਾ ਸ਼ੁਰੂ ਹੋ ਜਾਂਦਾ ਹੈ। ਕਾਹਲੋਂ ਨੇ ਦਸਿਆ ਕਿ ਸਟਰਾਬੇਰੀ ਦੀ ਫ਼ਸਲ ਦੀ ਕਾਸ਼ਤ ਬਹੁਤ ਔਖੀ ਹੈ ਅਤੇ ਇਸ ਨੂੰ ਭਾਰੀ ਠੰਢ ਅਤੇ ਮੀਂਹ ਤੋਂ ਬਚਾਉਣਾ ਪੈਂਦਾ ਹੈ।
ਸਾਫ਼ ਮੌਸਮ ਇਸ ਲਈ ਬਹੁਤ ਲਾਹੇਵੰਦ ਹੈ। ਉਸਨੇ ਦਸਿਆ ਕਿ ਇਸ ਦੀ ਪਨੀਰੀ ਹਿਮਾਚਲ ਦੇ ਊਨਾ ਅਤੇ ਮਹਾਂਬਲੇਸਵਰ ਤੋਂ ਮਿਲਦੀ ਹੈ। ਉਸ ਨੇ ਦਸਿਆ ਕਿ ਪੰਛੀ ਬੁਲਬੁਲ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਤੋਂ ਬਚਾਉਣ ਲਈ ਆਡੀਉ ਟੇਪ ਦਾ ਫੀਤਾ ਤੇ ਲਿਸ਼ਕਾਰੇ ਵਾਲੇ ਫੀਤੇ ਦੀ ਆਲੇ-ਦੁਆਲੇ ਵਾੜ ਕਰਨੀ ਪੈਂਦੀ ਹੈ। ਕਿਸਾਨ ਨੇ ਦਸਿਆ ਕਿ ਉਹ ਸਟਰਾਅ ਬੇਰੀ ਦਾ ਮੰਡੀਕਰਨ ਸੋਸ਼ਲ ਮੀਡੀਆ ਦੇ ਜਰੀਏ ਕਰਦਾ ਹੈ।
ਕੀੜੀ ਤੇ ਫੰਗਸ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਨਿੰਮ ਦੀ ਸਪਰੇਅ
ਕਿਸਾਨ ਨੇ ਕਿਹਾ ਕਿ ਉਹ ਸਟਰਾਅ ਬੇਰੀ ਦੀ ਫ਼ਸਲ ਆਰਗੈਨਿਕ ਤਰੀਕੇ ਨਾਲ ਪੈਦਾ ਕਰਦਾ ਹੈ ਅਤੇ ਫਲ ਨੂੰ ਕੀੜੀ ਅਤੇ ਫੰਗਸ ਤੋਂ ਬਚਾਉਣ ਲਈ ਖੱਟੀ ਲੱਸੀ ਅਤੇ ਨਿੰਮ ਦਾ ਛਿੜਕਾਅ ਕਰਦਾ ਹੈ, ਇਸ ਤੋਂ ਇਲਾਵਾ ਉਹ ਦੇਸੀ ਖਾਦ ਦੀ ਵਰਤੋਂ ਕਰਦਾ ਹੈ। ਕਾਹਲੋਂ ਨੇ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਹੋਰ ਫ਼ਸਲਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਅਤੇ ਸਹੀ ਜਾਣਕਾਰੀ ਅਤੇ ਅਪਣੀ ਮਿਹਨਤ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਸਫਲਤਾ ਦੀ ਨਵੀਂ ਇਬਾਰਤ ਲਿਖ ਸਕਦੇ ਹਨ।