ਦੇਸ਼ ਭਰ 'ਚ ਇਕ ਜੂਨ ਤੋਂ 10 ਜੂਨ ਤਕ ਖੇਤੀ ਉਤਪਾਦਾਂ ਦੀ ਸਪਲਾਈ ਬੰਦ ਕਰਨਗੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਇਸ ਮਹਾਸੰਘ ਨਾਲ 110 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ।

Kisan Union

ਨਵੀਂ ਦਿੱਲੀ, 30 ਅਪ੍ਰੈਲ : ਰਾਸ਼ਟਰੀ ਕਿਸਾਨ ਮਹਾਸੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਕਥਿਤ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਦੇਸ਼ ਭਰ ਵਿਚ ਇਕ ਜੂਨ ਤੋਂ ਦਸ ਦਿਨਾਂ ਤਕ ਸਬਜ਼ੀਆਂ, ਅਨਾਜਾਂ ਅਤੇ ਦੁੱਧ ਵਰਗੇ ਖੇਤੀ ਉਤਪਾਦਾਂ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਇਸ ਮਹਾਸੰਘ ਨਾਲ 110 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ। ਭਾਜਪਾ ਦੇ ਸਾਬਕਾ ਮੰਤਰੀ ਯਸ਼ਵੰਤ ਸਿਨ੍ਹਾ ਸਮੇਤ ਜਥੇਬੰਦੀ ਦੇ ਨੇਤਾਵਾਂ ਨੇ ਇੱਥੇ ਮੀਡੀਆ ਨੂੰ ਕਿਹਾ ਕਿ ਰਾਸ਼ਟਰ ਵਿਆਪੀ ਭਾਰਤ ਬੰਦ ਇਕ ਜੂਨ ਤੋਂ 10 ਜੂਨ ਤਕ ਦੁਪਹਿਰ 2 ਵਜੇ ਤਕ ਚੱਲੇਗਾ। ਸਿਨ੍ਹਾ ਨੇ ਕਿਹਾ ਕਿ ਕਿਸਾਨ ਪੂਰੇ ਦੇਸ਼ ਵਿਚ ਇਕ ਜੂਨ ਤੋਂ ਦਸ ਜੂਨ ਤਕ ਅਨਾਜਾਂ, ਸਬਜ਼ੀਆਂ ਅਤੇ ਦੁੱਧ ਵਰਗੇ ਉਤਪਾਦਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਵਿਚ ਭੇਜਣਾ ਬੰਦ ਕਰ ਦੇਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਾਲਾਂਕਿ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਵਾਅਦਾ ਕੀਤਾ ਸੀ ਜੋ ਕਿ ਪੈਦਾਵਾਰ ਲਗਾਤ ਤੋਂ 50 ਫ਼ੀ ਸਦ ਜ਼ਿਆਦਾ ਸੀ ਪਰ ਕਿਸਾਨਾਂ ਨੂੰ ਅਜੇ ਤਕ ਉਚ ਕੀਮਤਾਂ ਨਹੀਂ ਮਿਲੀਆਂ। 

ਮੱਧ ਪ੍ਰਦੇਸ਼ ਦੇ ਇਕ ਕਿਸਾਨ ਨੇਤਾ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਸੀਂ ਮੰਗ ਕਰ ਰਹੇ ਹਾਂ ਕਿ ਐਮਐਸਪੀ ਜ਼ਮੀਨ ਦੀ ਲਾਗਤ ਸਮੇਤ ਪੈਦਾਵਾਰ ਦੀ ਪੂਰੀ ਲਾਗਤ ਦਾ 1.5 ਗੁਣਾ ਹੋਵੇ। ਹਾਲਾਂਕਿ ਇਸ ਵਿਚ ਕੋਈ ਵਿਸ਼ੇਸ਼ ਵੇਰਵਾ ਨਹੀਂ ਹੈ ਅਤੇ ਇਸ ਨਾਲ ਸਾਨੂੰ ਮਦਦ ਨਹੀਂ ਮਿਲ ਰਹੀ ਹੈ। ਪਿਛਲੇ ਮਹੀਨੇ ਮਹਾਰਾਸ਼ਟਰ ਵਿਚ ਖੱਬੇ ਦਲਾਂ ਦੀ ਅਗਵਾਈ ਵਾਲੇ ਇਕ ਲੰਮੇ ਮਾਰਚ ਲਈ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਸਿਨ੍ਹਾ ਨੇ 'ਝੂਠੇ ਵਾਅਦੇ' ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ। 
ਸਿਨ੍ਹਾ ਨੇ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਮੋਦੀ ਸਰਕਾਰ ਨੇ ਉਨ੍ਹਾਂ (ਕਿਸਾਨਾਂ) ਲਈ ਕੁੱਝ ਵੀ ਨਹੀਂ ਕੀਤਾ। ਇੱਥੋਂ ਤਕ ਕਿ ਉਨ੍ਹਾਂ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ ਜੋ ਭਾਜਪਾ ਦੇ ਐਲਾਨ ਪੱਤਰ ਵਿਚ ਲਿਖੇ ਹੋਏ ਸਨ। ਕਿਸਾਨਾਂ ਨੇ ਵਪਾਰਕ ਸੰਗਠਨਾਂ ਨੂੰ ਵੀ ਉਨ੍ਹਾਂ ਦੇ 10 ਜੂਨ ਦੇ ਭਾਰਤ ਬੰਦ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ। (ਏਜੰਸੀ)