ਮਾਰਚ ਮਹੀਨੇ ਵਿਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਕਰੀਏ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਜੇ ਅਜੇ ਨਹੀਂ ਕੀਤੀ ਤਾਂ ਸਾਨੂੰ ਅਪਣੀਆਂ ਪ੍ਰਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ

photo

 

ਗਰਮ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਜੇ ਅਜੇ ਨਹੀਂ ਕੀਤੀ ਤਾਂ ਸਾਨੂੰ ਅਪਣੀਆਂ ਪ੍ਰਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਲਈ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਬਜ਼ੀ ਬੀਜਾਂ ਦੀ ਕਿੱਟ ਲਿਆ ਕੇ ਲਾਉਣੀ ਚਾਹੀਦੀ ਹੈ, ਜਿਸ ’ਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਭਿੰਡੀ, ਲੋਬੀਆ, ਤਰ, ਖੀਰਾ ਆਦਿ ਦੇ ਬੀਜ ਹੁੰਦੇ ਹਨ। ਬਿਜਾਈ ਤੋਂ ਪਹਿਲਾਂ ਕਿਆਰੀ ’ਚ ਦੇਸੀ ਰੂੜੀ ਖਾਦ ਜ਼ਰੂਰ ਪਾ ਲਵੋ। ਭਿੰਡੀ ਦੀ ਕਾਸ਼ਤ ਲਈ ਪੰਜਾਬ ਪਦਮਨੀ, ਪੰਜਾਬ-7, ਪੰਜਾਬ-8 ’ਚੋਂ 60 ਗ੍ਰਾਮ ਬੀਜ ਪ੍ਰਤੀ ਮਰਲਾ ਦੇ ਹਿਸਾਬ ਨਾਲ ਬੀਜ ਵਰਤੋ। ਚੰਗੇ ਜਮ ਲਈ ਬੀਜ ਰਾਤ ਭਰ ਕੋਸੇ ਪਾਣੀ ’ਚ ਭਿਉਂ ਦਿਉ। 

ਜ਼ਮੀਨ ਦੀ ਤਿਆਰੀ ਕਰਦੇ ਸਮੇਂ 280 ਗ੍ਰਾਮ ਯੂਰੀਆ ਖਾਦ ਪ੍ਰਤੀ ਮਰਲਾ ਪਾ ਕੇ ਪੂਰਬ ਤੋਂ ਪੱਛਮ ਦੀ ਦਿਸ਼ਾ ’ਚ ਡੇਢ ਫੁੱਟ ਦੀ ਦੂਰੀ ’ਤੇ ਵੱਟਾਂ ਬਣਾ ਕੇ ਦੱਖਣ ਪਾਸੇ ਵਲ 4-5 ਬੀਜ ਪ੍ਰਤੀ ਚੋਕੇ ਦੇ ਹਿਸਾਬ ਨਾਲ ਅੱਧਾ ਫੁੱਟ ਦੀ ਦੂਰੀ ’ਤੇ ਬੀਜੋ। ਲੋਬੀਆ ਦੀ 263 ਕਿਸਮ ਦੀ ਬਿਜਾਈ ਸਮੇਂ 280 ਗ੍ਰਾਮ ਯੂਰੀਆ, 625 ਗ੍ਰਾਮ ਸੁਪਰ ਫਾਸਫੇਟ ਤੇ 100 ਗ੍ਰਾਮ ਪੋਟਾਸ਼ ਖਾਦ ਤੇ 50-60 ਗ੍ਰਾਮ ਬੀਜ ਪ੍ਰਤੀ ਮਰਲਾ ਪਾਉ। ਵੱੱਟਾਂ ’ਚ ਫ਼ਾਸਲਾ ਡੇਢ ਫੁੱਟ ਤੇ ਬੂਟਿਆਂ ਵਿਚਕਾਰ ਫ਼ਾਸਲਾ ਅੱਧਾ ਫੁੱਟ ਰੱਖੋ।
ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਹੀ ਖ਼ਰੀਦੋ। ਸੜਕ ਛਾਪ ਜਾਂ ਸਾਈਕਲਾਂ ’ਤੇ ਬੂਟੇ ਵੇਚਣ ਵਾਲਿਆਂ ਤੋਂ ਨਾ ਲਵੋ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱਖੋ। ਜੇ ਬਾਗ਼ ਲਾਉਣਾ ਹੈ ਤਾਂ 7 ਫੁੱਟ ਤਕ ਵੱਖ-ਵੱਖ ਡੂੰਘਾਈ ਤੋਂ ਮਿੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਰਜਿਟਰਡ ਨਰਸਰੀਆਂ ਤੋਂ ਹੀ ਖ਼ਰੀਦੋ। ਬੂਟੇ ਲਾਉਣ ਤੋਂ ਪਹਿਲਾਂ ਫ਼ਾਸਲੇ ਦਾ ਧਿਆਨ ਜ਼ਰੂਰ ਰੱਖੋ।

ਜੇ ਬਾਗ਼ ਲਾਉਣਾ ਹੈ ਤਾਂ ਬਾਗ਼ਬਾਨੀ ਮਾਹਰ ਦੀ ਸਲਾਹ ਨਾਲ 7 ਫੁੱਟ ਤਕ ਵੱਖ-ਵੱਖ ਡੂੰਘਾਈ ਤੋਂ ਮਿੱਟੀ ਦੇ ਨਮੂਨੇ ਲੈ ਕੇ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਅਤੇ ਰਿਪੋਰਟ ਦੇ ਆਧਾਰ ’ਤੇ ਹੀ ਫਲਦਾਰ ਬੂਟਿਆਂ ਦੀ ਚੋਣ ਕਰਨੀ ਚਾਹੀਦੀ ਹੈ। ਬੂਟੇ ਲਾਉਣ ਸਮੇਂ ਉਨ੍ਹਾਂ ਵਿਚਕਾਰ ਉਚਿਤ ਫ਼ਾਸਲਾ ਰਖਣਾ ਵੀ ਬਹੁਤ ਜ਼ਰੂਰੀ ਹੈ। ਨਵੇਂ ਲਾਏ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਦਾ ਸਹਾਰਾ ਦਿਉ ਤੇ ਸਿੰਚਾਈ ਦਾ ਖ਼ਾਸ ਖ਼ਿਆਲ ਰੱਖੋ। ਬੂਟੇ ਦੀ ਪਿਉਂਦ ਤੋਂ ਹੇਠਾਂ ਵਾਲੇ ਭਾਗ ’ਤੇ ਨਿਕਲ ਰਹੀਆਂ ਸ਼ਾਖਾਵਾਂ ਨੂੰ ਤੋੜਦੇ ਰਹੋ। ਬੇਰ, ਅਮਰੂਦ, ਲੁਕਾਟ ਦੇ ਬੂਟਿਆਂ ’ਚ ਫਲ ਦੇ ਆਕਾਰ ਵਾਧੇ ਲਈ ਲੋੜ ਅਨੁਸਾਰ ਪਾਣੀ ਦਿਉ। ਪਹਿਲੇ ਹਫ਼ਤੇ ਬੇਰ ਦੇ ਫਲਾਂ ਦਾ ਰੰਗ ਬਦਲਣ ਸਮੇਂ 1 ਮਿਲੀਲੀਟਰ ਐਥੀਫੋਨ ਦਵਾਈ ਪ੍ਰਤੀ ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ ਤਾਕਿ ਫਲ ਦੋ ਹਫ਼ਤੇ ਪਹਿਲਾਂ ਪੱਕ ਜਾਣ।

ਅੰਬ ਦੇ ਬੂਟਿਆਂ ਨੂੰ ਫੁੱਲ ਆਉਣ ’ਤੇ ਛੜੱਪਾਮਾਰ ਤੇਲੇ ਅਤੇ ਚਿੱਟੋਂ ਰੋਗ ਦੀ ਰੋਕਥਾਮ ਲਈ 1.6 ਮਿਲੀਲੀਟਰ ਮੈਲਾਥਿਆਨ ਤੇ 2.5 ਗ੍ਰਾਮ ਘੁਲਣਸ਼ੀਲ ਗੰਧਕ ਜਾਂ 1 ਮਿਲੀਲੀਟਰ ਕੈਰਾਥੇਨ ਫੁੱਲ ਨਿਕਲਣ ਤੋਂ ਬਾਅਦ ਫੁੱਲ-ਪੱਤੀਆਂ ਝੜਨ ਤਕ 10 ਦਿਨ ਦੇ ਵਕਫ਼ੇ ’ਤੇ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਘੁਲਣਸ਼ੀਲ ਗੰਧਕ ਦਾ ਛਿੜਕਾਅ 28 ਡਿਗਰੀ ਤਾਪਮਾਨ ਤਕ ਜਾਂ ਸ਼ਾਮ ਸਮੇਂ ਹੀ ਕਰੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਜ਼ਰੂਰ ਕਰੋ।

ਨਿੰਬੂ ਜਾਤੀ ਬੂਟਿਆਂ ਦੇ ਸਿਟਰਸ ਸਿੱਲਾ ਤੇ ਚੇਪੇ ਤੋਂ ਬਚਾਅ ਲਈ 2.5 ਮਿਲੀਲੀਟਰ ਰੋਗਰ 30 ਤਾਕਤ ਜਾਂ 0.4 ਮਿਲੀਲੀਟਰ ਕਨਫੀਡੋਰ 17.8 ਐਸਐਲ ਜਾਂ 0.3 ਗ੍ਰਾਮ ਐਕਟਾਰਾ 25 ਤਾਕਤ ਤੇ ਬੂਟਿਆਂ ਦੀਆਂ ਟਾਹਣੀਆਂ ਸੁਕ ਜਾਣ ਦੇ ਰੋਗ ਤੋਂ ਬਚਾਅ ਲਈ 3 ਗ੍ਰਾਮ ਕਾਪਰ ਆਕਸੀਕਲੋਰਾਈਡ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।

ਮਿਰਚਾਂ ਦੀ ਕਿਸਮ ਸੀਐਚ 1, ਸੀਐਚ 3, ਸੀਐਚ 27, ਪੰਜਾਬ ਸੰਧੂਰੀ, ਪੰਜਾਬ ਤੇਜ਼, ਪੰਜਾਬ ਗੁੱਛੇਦਾਰ, ਪੰਜਾਬ ਸੁਰਖ ਦੀ ਬਿਜਾਈ ਕਰੋ। ਕਿਆਰੀ ਦੀ ਤਿਆਰੀ ਤੋਂ ਪਹਿਲਾਂ 250 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 125 ਗ੍ਰਾਮ ਪੋਟਾਸ਼ ਖਾਦ ਪਾਉ ਅਤੇ ਵੱਟਾਂ ਉਪਰ ਪਨੀਰੀ ਢਾਈ ਫੁੱਟ ਤੇ ਬੂਟਿਆਂ ਵਿਚਕਾਰ ਦੋ ਫੁੱਟ ਦੇ ਫ਼ਾਸਲੇ ’ਤੇ ਲਾ ਦਿਉ। ਟਮਾਟਰ ਨੂੰ 340 ਗ੍ਰਾਮ ਯੂਰੀਆ ਦੀ ਦੂਜੀ ਕਿਸ਼ਤ ਪਾ ਦਿਉ ਤੇ 10-12 ਦਿਨ ਬਾਅਦ ਪਾਣੀ ਦਿੰਦੇ ਰਹੋ ਤਾਕਿ ਵਧੀਆ ਫੁੱਲ ਅਤੇ ਫਲ ਬਣਨ। ਪਛੇਤੇ ਝੁਲਸ ਰੋਗ ਤੋਂ ਬਚਾਅ ਲਈ 3.5 ਗ੍ਰਾਮ ਇੰਡੋਫਿਲ ਐਮ.-45 ਦਾ ਛਿੜਕਾਅ ਕਰੋ ਤੇ ਫਲ ਦੇ ਗੜੂੰਏਂ ਦੀ ਰੋਕਥਾਮ ਲਈ 2 ਮਿਲੀਲੀਟਰ ਇੰਡੋਕਸਾਕਾਰਬ 14.5 ਤਾਕਤ ਜਾਂ 6 ਮਿਲੀਲੀਟਰ ਕਰੀਨਾ 50 ਤਾਕਤ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।