3 ਲੱਖ ਰੁਪਏ ਕਿਲੋ ਵਿਕਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਦੁਨੀਆ ਭਰ ਵਿਚ ਇਕ ਤੋਂ ਵਧ ਕੇ ਇਕ ਮਸਾਲੇ ਪਾਏ ਜਾਂਦੇ ਹਨ, ਜੋ ਅਪਣੇ ਸਵਾਦ ਲਈ ਮਸ਼ਹੂਰ ਹਨ।

Spices

ਨਵੀਂ ਦਿੱਲੀ: ਦੁਨੀਆ ਭਰ ਵਿਚ ਇਕ ਤੋਂ ਵਧ ਕੇ ਇਕ ਮਸਾਲੇ ਪਾਏ ਜਾਂਦੇ ਹਨ, ਜੋ ਅਪਣੇ ਸਵਾਦ ਲਈ ਮਸ਼ਹੂਰ ਹਨ। ਪਰ ਇਕ ਮਸਾਲਾ ਅਜਿਹਾ ਹੈ, ਜੋ ਅਪਣੇ ਸਵਾਦ ਲਈ ਨਹੀਂ ਬਲਕਿ ਅਪਣੀ ਕੀਮਤ ਲਈ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਕਿਹਾ ਜਾਂਦਾ ਹੈ। ਇਸ ਮਸਾਲੇ ਦੇ ਪੌਦੇ ਨੂੰ ਵੀ ਦੁਨੀਆ ਦਾ ਸਭ ਤੋਂ ਮਹਿੰਗਾ ਪੌਦਾ ਕਿਹਾ ਜਾਂਦਾ ਹੈ।

ਇਸ ਨੂੰ ਉਗਾਉਣ ਵਾਲੇ ਪ੍ਰਮੁੱਖ ਦੇਸ਼ਾਂ ਵਿਚ ਭਾਰਤ ਸਮੇਤ ਫਰਾਂਸ, ਸਪੇਨ, ਈਰਾਨ, ਇਟਲੀ, ਗ੍ਰੀਸ, ਜਰਮਨੀ, ਜਪਾਨ, ਰੂਸ, ਆਸਟ੍ਰੇਲੀਆ, ਤੁਰਕਿਸਤਾਨ, ਚੀਨ, ਪਾਕਿਸਤਾਨ ਅਤੇ ਸਵਿਟਜ਼ਰਲੈਂਡ ਸ਼ਾਮਲ ਹਨ। ਭਾਰਤ ਵਿਚ ਇਸ ਦੀ ਖੇਤੀ ਜੰਮੂ ਦੇ ਕਿਸ਼ਤਵਾੜ ਅਤੇ ਜੰਨਤ-ਏ-ਕਸ਼ਮੀਰ ਦੇ ਪਾਮਪੁਰ ਦੇ ਸੀਮਤ ਖੇਤਰਾਂ ਵਿਚ ਜ਼ਿਆਦਾ ਕੀਤੀ ਜਾਂਦੀ ਹੈ।

ਦੁਨੀਆ ਦੇ ਇਸ ਸਭ ਤੋਂ ਮਹਿੰਗੇ ਮਸਾਲੇ ਦਾ ਨਾਮ ਹੈ ਕੇਸਰ, ਇਸ ਨੂੰ ਅੰਗਰੇਜ਼ੀ ਵਿਚ ਸੈਫਰਾਨ ਵੀ ਕਿਹਾ ਜਾਂਦਾ ਹੈ। ਬਜ਼ਾਰ ਵਿਚ ਕੇਸਰ ਦੀ ਕੀਮਤ ਢਾਈ ਲੱਖ ਰੁਪਏ ਤੋਂ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਵਿਚਕਾਰ ਹੈ। ਕੇਸਰ ਦੇ ਮਹਿੰਗਾ ਹੋਣ ਦਾ ਕਾਰਨ ਇਹ ਹੈ ਕਿ ਇਸ ਦੇ ਡੇਢ ਲੱਖ ਫੁੱਲਾਂ ਵਿਚੋਂ ਲਗਭਗ ਇਕ ਕਿਲੋ ਸੁੱਕਾ ਕੇਸਰ ਹੀ ਪ੍ਰਾਪਤ ਹੁੰਦਾ ਹੈ।

ਸੋਨੇ ਦੀ ਤਰ੍ਹਾਂ ਮਹਿੰਗਾ ਹੋਣ ਕਾਰਨ ਕੇਸਰ ਨੂੰ ‘ਰੈੱਡ ਗੋਲਡ’ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੱਜ ਤੋਂ ਕਰੀਬ 2300 ਸਾਲ ਪਹਿਲਾਂ ਯੁਨਾਨ ਵਿਚ ਸਭ ਤੋਂ ਪਹਿਲੇ ਸਿਕੰਦਰ ਦੀ ਫੌਜ ਨੇ ਇਸ ਦੀ ਖੇਤੀ ਕੀਤੀ ਸੀ।  ਹਾਲਾਂਕਿ ਕੁਝ ਲੋਕ ਮੰਨਦੇ ਹਨ ਕਿ ਕੇਸਰ ਦੀ ਉਤਪਤੀ ਦੱਖਣੀ ਯੂਰੋਪ ਦੇ ਦੇਸ਼ ਸਪੇਨ ਵਿਚ ਹੋਈ ਹੈ।

ਅੱਜ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੇਸਰ ਦੀ ਖੇਤੀ ਸਪੇਨ ਵਿਚ ਹੀ ਹੁੰਦੀ ਹੈ। ਕੇਸਰ ਦੇ ਫੁੱਲਾਂ ਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ। ਹਰ ਫੁੱਲ ਵਿਚ ਸਿਰਫ ਤਿੰਨ ਹੀ ਕੇਸਰ ਹੁੰਦੇ ਹਨ। ਕੇਸਰ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।