ਦੇਸ਼ਾਂ ਵਿਦੇਸ਼ਾਂ ਵਿਚ ਮਸ਼ਹੂਰ ਹੈ ਰਾਏ ਬਰਦਰਜ਼ ਦਾ ‘ਔਰਗੈਨਿਕ ਗੁੜ'
ਸਿਆਣਿਆਂ ਨੇ ਕਿਹਾ ਹੈ ਕਿ ‘ਚਾਹ ਗੁੜ ਦੀ ਭਾਗਾਂ ਨਾਲ ਜੁੜਦੀ'।
ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ) : ਸਿਆਣਿਆਂ ਨੇ ਕਿਹਾ ਹੈ ਕਿ ‘ਚਾਹ ਗੁੜ ਦੀ ਭਾਗਾਂ ਨਾਲ ਜੁੜਦੀ’। ਪਹਿਲਾਂ ਪੰਜਾਬ ਵਿਚ ਗੁੜ ਬਣਾਉਣ ਦਾ ਕੰਮ ਪੰਜਾਬੀ ਕਿਸਾਨਾਂ ਦੇ ਹਿੱਸੇ ਆਉਂਦਾ ਸੀ ਤੇ ਉਸ ਦਾ ਇਕ ਅਲੱਗ ਹੀ ਸਵਾਦ ਹੁੰਦਾ ਸੀ। ਪੰਜਾਬੀ ਲੋਕਾਂ ਨੂੰ ਗੁੜ ਖਾਣ ਦਾ ਅਤੇ ਚਾਹ ਬਣਾਉਣ ਦਾ ਬਹੁਤ ਸ਼ੌਂਕ ਹੁੰਦਾ ਸੀ। ਕੁਝ ਚਿਰਾਂ ਤੋਂ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਸੜਕਾਂ ’ਤੇ ਬੇਲਣੇ ਲਗਾ ਲਏ ਅਤੇ ਗੁੜ ਦੀ ਕੁਆਲਿਟੀ ਨੂੰ ਕੈਮੀਕਲ ਅਤੇ ਗੂੜ੍ਹੇ ਰੰਗ ਪਾ ਕੇ ਹੀ ਖ਼ਰਾਬ ਕਰ ਕੇ ਰੱਖ ਦਿਤਾ।
ਉਨ੍ਹਾਂ ਨੇ ਪੰਜਾਬੀ ਗੁੜ ਵਰਗੀ ਪਵਿੱਤਰ ਵਸਤੂ ਨੂੰ ਕੈਮੀਕਲ ਪਾ ਕੇ ਜਿੱਥੇ ਗੁੜ ਦੀ ਕੁਆਲਿਟੀ ਖ਼ਰਾਬ ਕਰ ਦਿਤੀ, ਉੱਥੇ ਇਹ ਗੁੜ ਕਈਆਂ ਲਈ ਸਿਹਤ ਲਈ ਹਾਨੀ ਕਾਰਕ ਸਿੱਧ ਹੋਇਆ। ਇਸ ਵਿਚ ਜ਼ਿਆਦਾਤਰ ਹੱਥ ਪੰਜਾਬੀ ਕਿਸਾਨਾਂ ਦਾ ਵੀ ਰਿਹਾ, ਜਿਨ੍ਹਾਂ ਨੇ ਰਵਾਇਤੀ ਗੁੜ ਨੂੰ ਆਪ ਬਣਾਉਣ ਦੀ ਬਜਾਏ, ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਤੋਂ ਗੁੜ ਖ਼ਰੀਦ ਕੇ ਕੀਤਾ ਪਰ ਹੁਣ ਮੁੜ ਪੰਜਾਬੀਆਂ ਨੂੰ ਇਹ ਸਮਝ ਆਉਣ ਲੱਗ ਪਈ ਤੇ ਮੁੜ ਕਿਸਾਨਾਂ ਨੇ ਅਪਣੇ ਖੂਹਾਂ ਤੇ ਦੁਬਾਰਾ ਦੇਸੀ ਗੁੜ ਤਿਆਰ ਕਰਨ ਵਾਲੇ ਪੁਰਾਣੇ ਹਥਿਆਰ ਚੁੱਕ ਲਏ, ਜਿਸ ਨਾਲ ਦੁਬਾਰਾ ਫਿਰ ਦੇਸੀ ਗੁੜ ਦਾ ਸਵਾਦ ਵਾਪਸ ਆਉਣ ਲੱਗ ਪਿਆ ਹੈ।
ਪਿੰਡ ਲੰਗੇਰੀ ਦੇ ਨਿਵਾਸੀ ਤੇ ਅਗਾਂਹ ਵਧੂ ਅਤੇ ਨੈਸ਼ਨਲ ਅਵਾਰਡ ਵਿਜੇਤਾ ਔਰਗੈਨਿਕ ਖੇਤੀ ਦੇ ਮਾਹਰ ਸੁਰਜੀਤ ਸਿੰਘ ਰਾਏ ਦਾ ਔਰਗੈਨਿਕ ਗੁੜ ਨੇ ਦੇਸ਼ਾਂ ਵਿਦੇਸ਼ਾਂ ਵਿਚ ਧੁੰਮਾਂ ਪਵਾ ਦਿਤੀਆਂ ਹਨ। ਉਹ ਤੇ ਉਸ ਦਾ ਭਰਾ ਗੁੜ ਨੂੰ ਦੇਸੀ ਤੇ ਔਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਹਨ। ਸਰਜੀਤ ਸਿੰਘ ਰਾਏ ਨੇ ਦਸਿਆ ਕਿ ਉਨ੍ਹਾਂ ਦਾ ਗੁੜ ਹੁਣ ਤਕ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦਾ ਮਨਪਸੰਦ ਗੁੜ ਬਣ ਗਿਆ ਹੈ। ਉਨ੍ਹਾਂ ਦਾ ਔਰਗੈਨਿਕ ਗੁੜ ਹੁਣ ਤਕ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਯੂਰਪ ਦੇ ਕਈ ਦੇਸ਼ ਅਤੇ ਅਰਬ ਕੰਟਰੀਆਂ ਵਿਚ ਜਾ ਚੁੱਕਾ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਔਰਗੈਨਿਕ ਗੁੜ ਦੀ ਮੰਗ ਇੰਨੀ ਹੈ ਕਿ ਉਹ ਹਰ ਸਾਲ ਗੰਨੇ ਦੀ ਖੇਤੀ ਦਾ ਅਪਣਾ ਰਕਬਾ ਵਧਾ ਲੈਂਦੇ ਹਨ ਪਰ ਹਰ ਵਾਰ ਉਨ੍ਹਾਂ ਦੇ ਘਰ ਲਈ ਵੀ ਗੁੜ ਘੱਟ ਪੈ ਜਾਂਦਾ ਹੈ। ਕੈਨੇਡਾ ਨਿਵਾਸੀ ਗੁਰਬਚਨ ਸਿੰਘ ਸੈਣੀ ਰਿਟਾਇਰ ਮੈਨੇਜਰ, ਅਮਰੀਕਾ ਨਿਵਾਸੀ ਰਣਜੀਤ ਸਿੰਘ, ਅਮਰੀਕਾ ਨਿਵਾਸੀ ਰਸ਼ਪਾਲ ਸਿੰਘ ਪਾਲਾ, ਇੰਗਲੈਂਡ ਨਿਵਾਸੀ ਬਲਵੀਰ ਸਿੰਘ ਅਤੇ ਹੋਰ ਕਈ ਲੋਕ ਇਸ ਔਰਗੈਨਿਕ ਗੁੜ ਨੂੰ ਪਸੰਦ ਕਰਦੇ ਹਨ ਤੇ ਹਰ ਸਾਲ ਇੱਥੋਂ ਗੁੜ ਬਾਹਰ ਮੰਗਵਾਉਂਦੇ ਹਨ।
ਸੁਰਜੀਤ ਸਿੰਘ ਰਾਏ ਨੇ ਦਸਿਆ ਕਿ ਅਸੀਂ ਅਪਣੇ ਬੇਲਣੇ ਤੋਂ 10 ਪ੍ਰਕਾਰ ਦਾ ਗੁੜ ਤਿਆਰ ਕਰਦੇ ਹਾਂ ਅਤੇ 3 ਪ੍ਰਕਾਰ ਦੀ ਸ਼ੱਕਰ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ 2010 ਤੋਂ ਉਨ੍ਹਾਂ ਨੇ ਇਸ ਔਰਗੈਨਿਕ ਖੇਤੀ ਨੂੰ ਸ਼ੁਰੂ ਕੀਤਾ ਅਤੇ ਉਹ ਦਸੰਬਰ ਤੋਂ ਲੈ ਕੇ ਮਾਰਚ ਤਕ ਔਰਗੈਨਿਕ ਗੁੜ ਨੂੰ ਅਪਣੇ ਬੇਲਣੇ ’ਤੇ ਖ਼ੁਦ ਤਿਆਰ ਕਰਦੇ ਹਨ। ਜਿਸ ਵਿਚ ਉਨ੍ਹਾਂ ਦਾ ਭਰਾ ਅਤੇ ਉਨ੍ਹਾਂ ਦੇ ਦੋ ਮਜ਼ਦੂਰ ਸਾਥੀ ਉਨ੍ਹਾਂ ਦੀ ਮਦਦ ਕਰਦੇ ਹਨ।