ਗੁਲਦਾਉਦੀ ਦੀ ਖੇਤੀ ਨਾਲ ਘਰ ਨੂੰ ਲਗਾਓ ਚਾਰ ਚੰਨ, ਪੜ੍ਹੋ ਖੇਤੀ ਕਰਨ ਦਾ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਗੁਲਦਾਉਦੀ ਇੱਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿੱਚ ਖਿੜਦਾ ਹੈ।

Plant four moons in the house with chrysanthemum cultivation, read the method of cultivation

ਮੋਹਾਲੀ: ਦੁਨੀਆਂ ਭਰ ਵਿੱਚ ਕਈ ਕਿਸਮਾਂ ਦੇ ਫੁੱਲ ਪਾਏ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਹੈ- ਗੁਲਦਾਉਦੀ ਦਾ ਫੁੱਲ। ਗੁਲਦਾਉਦੀ ਨੂੰ ਵਿਗਿਆਨ ਵਿਚ chrysanthemum morifolium ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਗੁਲਦਾਉਦੀ ਇੱਕ ਇਸ ਅਜਿਹਾ ਦਾ ਫੁੱਲ ਹੈ ਜੋ ਤੁਹਾਡੇ ਘਰ ਦੇ ਗਾਰਡਨ ਨੂੰ ਚਾਰ ਚੰਨ ਲਗਾ ਦਿੰਦਾ ਹੈ। 
ਗੁਲਦਾਉਦੀ ਇੱਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿੱਚ ਖਿੜਦਾ ਹੈ। ਇਹ ਚੀਨ ਵਿੱਚ ਪੈਦਾ ਹੋਇਆ ਹੈ, ਇਸ ਸਮੇਂ ਇਹ ਪੂਰੀ ਦੁਨੀਆ ਵਿੱਚ ਇੱਕ ਬਹੁਤ ਮਸ਼ਹੂਰ ਪੌਦਾ ਹੈ ਅਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਗੁਲਦਾਉਦੀ ਦੀ ਕਾਸ਼ਤ ਭਾਰਤ, ਈਰਾਨ, ਅਲਜੀਰੀਆ, ਆਸਟਰੇਲੀਆ, ਬ੍ਰਾਜ਼ੀਲ, ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ।

ਈਸਟ ਏਸ਼ੀਆ ਅਤੇ ਉੱਤਰੀ ਯੂਰਪ ਨੂੰ ਇਨ੍ਹਾਂ ਫੁੱਲਾਂ ਦਾ ਮੂਲ ਨਿਵਾਸੀ ਮੰਨਿਆ ਗਿਆ ਹੈ। ਚੀਨ ਵਿਚ ਇਨ੍ਹਾਂ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਨੂੰ ਵਿਕਸਿਤ ਕੀਤਾ ਗਿਆ ਹੈ। ਭਾਰਤ ਦੇ ਮਰਾਠੀ ਸਾਹਿਤ ਵਿਚ ਸਭ ਤੋਂ ਪਹਿਲਾਂ ਗੁਲਦਾਉਦੀ ਦਾ ਵਰਣਨ ਮਿਲਦਾ ਹੈ ਜੋ ਕਿ ਤੇਰਵੀਂ ਸਦੀ ਵਿਚ ਸੰਤ ਗਿਆਨੇਸ਼ਵਰੀ ਦੁਆਰਾ ਰਚਿਆ ਗਿਆ ਸੀ। ਅਸਲ ਵਿਚ ਗੁਲਦਾਉਦੀ ਨੂੰ ਪੂਰਬ ਦੀ ਰਾਣੀ ਵਜੋਂ ਜਾਣਿਆ ਜਾਂਦਾ ਹੈ। 

ਗੁਲਦਾਉਦੀ ਲਗਾਉਣ ਸਮੇਂ ਧਿਆਨ ਰੱਖਣ ਵਾਲੀਆਂ ਕੁਝ ਜ਼ਰੂਰੀ ਗੱਲਾਂ-

- ਵਧੀਆ ਗੁਲਦਾਉਦੀ ਲਈ ਚੰਗੇ ਅਤੇ ਸਿਹਤਮੰਦ ਮਦਰ ਪਲਾਂਟ ਰੱਖਣੇ ਜ਼ਰੂਰੀ ਹਨ। ਆਉਂਦੇ ਸਾਲ ਦੀ ਕਟਿੰਗ ਲਈ ਪੌਦੇ ਲੈਵਲ ਅਤੇ ਚੰਗੀ ਤਰ੍ਹਾਂ ਵਾਹੀ ਕੀਤੀ ਜ਼ਮੀਨ ਵਿਚ ਲਾਉਣੇ ਚਾਹੀਦੇ ਹਨ ਜੋ ਕਿ ਫਰਵਰੀ ਮਹੀਨੇ ਵਿਚ ਬੀਜੇ ਜਾਂਦੇ ਹਨ।

- ਅੱਧ ਜੂਨ ਵਿਚ ਬੈੱਡਾਂ ਤੋਂ ਕਟਿੰਗ ਲੈ ਕੇ ਰੇਤੀਲੇ ਬੈੱਡਾਂ ’ਚ ਲਾਏ ਜਾਂਦੇ ਹਨ। ਰੇਤੀਲੇ ਬੈੱਡਾਂ ਨੂੰ ਕਟਿੰਗ ਲਾਉਣ ਤੋਂ ਬਾਅਦ ਦਿਨ ਵਿਚ ਫੁਹਾਰੇ ਨਾਲ ਲੋੜ ਅਨੁਸਾਰ 2 ਤੋਂ 3 ਵਾਰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਬੈੱਡਾਂ ਵਿਚ ਲਾਈਆਂ ਕਟਿੰਗਜ਼ ਨੂੰ 3 ਤੋਂ 4 ਹਫ਼ਤਿਆਂ ਬਾਅਦ ਗ਼ਮਲਿਆਂ ਵਿਚ ਟਰਾਂਸਪਲਾਂਟ ਕੀਤਾ ਜਾਂਦਾ ਹੈ।

- ਟਰਾਂਸਪਲਾਂਟਿੰਗ ਆਮ ਤੌਰ ’ਤੇ ਬਾਅਦ ਦੁਪਹਿਰ ਵਿਸ਼ੇਸ਼ ਤੌਰ ’ਤੇ ਸ਼ਾਮ ਵੇਲੇ ਦਸ ਬਾਰ੍ਹਾਂ ਇੰਚ ਗਮਲਿਆਂ ’ਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਲੋੜ ਅਨੁਸਾਰ ਨਿਯਮਤ ਰੂਪ ’ਚ ਪਾਣੀ ਦੇਣਾ ਚਾਹੀਦਾ ਹੈ। ਕਟਿੰਗ ਲਗਾਉਣ ਤੋਂ ਬਾਅਦ ਗੋਬਰ ਸਮੇਤ ਰੇਤੇ ਦੇ ਮਿਸ਼ਰਣ ਨੂੰ ਜ਼ਰੂਰਤ ਮੁਤਾਬਕ ਗ਼ਮਲਿਆਂ ਵਿਚ ਪਾਇਆ ਜਾਂਦਾ ਹੈ।

- ਗ਼ਮਲਿਆਂ ਵਿਚ ਜਦੋਂ ਪੌਦੇ ਚੰਗੀ ਤਰ੍ਹਾਂ ਤੁਰ ਪੈਣ ਤਾਂ ਉਸ ਸਮੇਂ ਹਰ ਹਫ਼ਤੇ ਉਨ੍ਹਾਂ ਦੀਆਂ ਕਰੂੰਬਲਾਂ ਨੂੰ ਨਹੁੰਆਂ ਨਾਲ ਤੋੜਿਆ ਜਾਂਦਾ ਹੈ ਤਾਂ ਕਿ ਪੌਦੇ ਵਧੀਆ ਅਤੇ ਸਿਹਤਮੰਦ ਆਕਾਰ ਲੈ ਸਕਣ। ਕਰੂੰਬਲਾਂ ਤੁੜਾਈ ਦੌਰਾਨ ਨਾਈਟ੍ਰੋਜਨ ਅਤੇ ਦੂਜੀਆਂ ਲੋੜੀਂਦੀਆਂ ਖਾਦਾਂ ਗਮਲਿਆਂ ’ਚ ਪਾਈਆਂ ਜਾਂਦੀਆਂ ਹਨ।

- ਗਮਲਿਆਂ ’ਚ ਜ਼ਿਆਦਾ ਮਾਤਰਾ ਵਿਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।

- ਗੁਲਦਾਉਦੀ ਵਿਚ ਬਿਮਾਰੀ ਦੀ ਸੂਰਤ ’ਚ ਮਾਹਿਰਾਂ ਅਨੁਸਾਰ ਵਾਤਾਵਰਨ ਪੱਖੀ ਸਪਰੇਅ ਕਰਨੀ ਚਾਹੀਦੀ ਹੈ। ਗੁਲਦਾਉਦੀ ਦੇ ਆਕਾਰ ਮੁਤਾਬਿਕ ਸਰਕੰਡੇ ਦੇ ਕਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਪੌਦੇ ਸਿੱਧੇ ਖੜ੍ਹੇ ਰਹਿਣ।

- ਅੰਤ ’ਚ ਗਮਲਿਆਂ ਨੂੰ ਪੇਂਟ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾ ਸਕੇ।

ਗੁਲਦਾਉਦੀ ਸਾਡੀ ਸਿਹਤ ਪ੍ਰਣਾਲੀ ਵਿਚ ਅਹਿਮ ਜੜ੍ਹੀ ਬੂਟੀ ਦੇ ਰੂਪ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਵਾਤਾਵਰਨ ਦੇ ਸ਼ੁੱਧੀਕਰਨ, ਮਾਈਗ੍ਰੇਨ ਤੋਂ ਨਿਜ਼ਾਤ, ਪੇਟ ਦਰਦ,  ਸੋਜ਼ਿਸ਼ ਨੂੰ ਘਟਾਉਣ, ਦਿਲ ਦੇ ਰੋਗ ਲਈ, ਮੂਤਰ ਰੋਗ ਆਦਿ ਲਈ ਗੁਲਦਾਉਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਪੌਦੇ ਦੀਆਂ ਫੁੱਲ ਪੱਤੀਆਂ ਅਤੇ ਜੜ੍ਹਾਂ ਲਾਭਕਾਰੀ ਹਨ।