ਝੋਨੇ ਦੇ ਸਟਾਕ 'ਚ 52 ਕਰੋੜ ਦਾ ਘਪਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

400 ਟਰੱਕ ਝੋਨੇ ਦੀ ਗੜਬੜੀ ਵਾਲੀ ਜੈਨ ਕੰਪਨੀ ਦਾ ਮਾਲਕ ਫ਼ਰਾਰ

Farmers

ਅੰਮ੍ਰਿਤਸਰ ਦੇ ਜੰਡਿਆਲਾ ਰੋਡ ਸਥਿਤ ਮੁਲਕ ਰਾਜ ਜੈਨ ਕੰਪਨੀ ਵਲੋਂ ਝੋਨ ਛੜਨ ਦੀਆਂ ਦੋ ਮਿੱਲਾਂ ਵਿਚ 400 ਟਰੱਕ ਝੋਨੇ ਦੀ ਬਾਸਮਤੀ, ਪਰਮਲ ਅਤੇ 1121 ਨੰਬਰ ਝੋਨੇ ਦੇ ਸਟਾਕ ਵਿਚ ਹੋਈ ਗੜਬੜੀ ਤੇ ਚੋਰੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਏਪੀ ਸਿੰਘ ਨੂੰ ਤੁਰਤ ਮੁਅੱਤਲ ਕਰ ਦਿਤਾ ਹੈ।  ਮੁੱਖ ਮੰਤਰੀ ਨੇ ਇਸ 52 ਕਰੋੜ ਦੇ ਘਪਲੇ ਦੀ ਜਾਂਚ ਵਿਜੀਲੈਂਸ ਮਹਿਕਮੇ ਨੂੰ ਸੌਂਪ ਦਿਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਤੋਂ ਨਿਰਦੇਸ਼ ਪ੍ਰਾਪਤ ਕੀਤੇ ਅਤੇ ਦਸਿਆ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਬੀਤੀ ਰਾਤ ਤੋਂ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਝੋਨੇ ਦੇ ਗੋਦਾਮਾਂ ਵਿਚ ਸਰਕਾਰੀ ਏਜੰਸੀ ਪਨਗ੍ਰੇਨ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਸਥਾਪਤ ਸਟਾਕ ਦੀ ਫ਼ਿਜ਼ੀਕਲ ਵੈਰੀਫ਼ਿਕੇਸ਼ਨ ਚੱਲੀ ਜਾ ਰਹੀ ਹੈ ਅਤੇ ਸਟਾਕ ਦੀ ਗਿਣਤੀ ਮਿਣਤੀ ਚੈੱਕ ਹੋ ਰਹੀ ਹੈ। ਇਹ ਮਾਮਲਾ ਬੀਤੀ ਸ਼ਾਮ ਤੋਂ ਹੀ ਚੱਲ ਪਿਆ ਸੀ ਜਦ ਦੋਹਾਂ ਮਿੱਲਾਂ ਦੇ ਮਾਲਕ ਦੇ ਘਰ 'ਤੇ ਗੋਦਾਮ ਵਿਚ ਪੀੜਤ ਆੜ੍ਹਤੀਆਂ, ਕਿਸਾਨਾਂ ਤੇ ਹੋਰਨਾਂ ਨੇ ਪੈਸੇ ਲੈਣ-ਦੇਣ ਦੇ ਚੱਕਰ ਵਿਚ ਲੁੱਟ ਖੋਹ ਕਰਨੀ ਸ਼ੁਰੂ ਕਰ ਦਿਤੀ ਸੀ।

 ਫ਼ੂਡ ਸਪਲਾਈ ਮਹਿਕਮੇ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਸਟਾਕ ਦੀ ਚੈਕਿੰਗ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿਤੀ ਹੈ ਜਿਸ ਵਿਚ ਮਾਰਕਫ਼ੈੱਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਫ਼ੂਡ ਸਪਲਾਈ ਮਹਿਕਮੇ ਦੇ ਅਧਿਕਾਰੀ ਸੁਨੀਲ ਪੁਰੀ, ਅਮਨਦੀਪ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਹਨ। ਪੰਜਾਬ ਨੈਸ਼ਨਲ ਬੈਂਕ ਤੋਂ ਸੂਚਨਾ ਮਿਲੀ ਹੈ ਕਿ ਦੋਵੇਂ ਮਿੱਲਾਂ ਦੇ ਮਾਲਕ ਨੇ 125 ਕਰੋੜ ਦੀ ਸੀਸੀ ਲਿਮਟ ਯਾਨੀ ਆਰਜ਼ੀ ਕਰਜ਼ਾ ਚੁਕਿਆ ਹੋਇਆ ਸੀ ਜੋ 31 ਮਾਰਚ ਤਕ ਸੀ। ਦੋ ਦਿਨ ਪਹਿਲਾਂ ਇਸ ਰਕਮ ਦੇ ਸਮੇਂ ਵਿਚ ਵਾਧਾ ਕਰਨ ਲਈ ਬੈਂਕ ਨੇ ਸ਼ਰਤਾ ਸਖ਼ਤ ਕਰ ਦਿਤੀਆਂ ਅਤੇ ਪਹਿਲਾਂ ਸਟਾਕ ਦੀ ਚੈਕਿੰਗ ਕਰਵਾਉਣ ਦਾ ਰਫੜਾ ਪਾ ਲਿਆ। 
ਸੂਤਰਾਂ ਨੇ ਦਸਿਆ ਕਿ ਇਹ ਮਿੱਲ ਮਾਲਕ ਝੋਨਾ 1121 ਨੰਬਰ ਖ਼ਰੀਦ ਕੇ ਬਾਸਮਤੀ ਦੇ ਵਾਧੂ ਰੇਟ 'ਤੇ ਵੇਚਦਾ ਸੀ ਅਤੇ ਬਿਹਾਰ ਤੋਂ ਪਰਮਲ ਕਿਸਮ ਦਾ ਝੋਨਾ ਖ਼ਰੀਦ ਕੇ ਸਟਾਕ ਪੂਰਾ ਵਿਖਾ ਦਿੰਦਾ ਸੀ। ਇਸ ਵਾਰ ਇਸ ਗੜਬੜੀ ਦੇ ਚੱਕਰ ਅਤੇ ਬੈਂਕ ਵਲੋਂ ਕੀਤੀ ਚੈਕਿੰਗ ਸਖ਼ਤ ਕਰਨ ਨਾਲ ਮਾਲਕ ਫ਼ਰਾਰ ਹੋ ਗਿਆ। ਬੈਂਕ ਨੇ ਸਖ਼ਤੀ ਇਸ ਕਰ ਕੇ ਜ਼ਿਆਦਾ ਕਰ ਦਿਤੀ ਹੈ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਨਾਲ ਹੀ ਨੀਰਵ ਮੋਦੀ ਵਰਗੇ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਗਏ ਹਨ ਜਿਸ ਨਾਲ ਬੈਂਕ ਦੀ ਬਦਨਾਮੀ ਹੋਈ ਹੈ।