ਦਿੱਲੀ ਪ੍ਰਦੂਸ਼ਣ ਦੇ ਵਿਦੇਸ਼ੀ ਯੂਨੀਵਰਸਿਟੀ ਨੇ ਖੋਲ੍ਹੇ ਭੇਤ
ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ।
ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਯੂਨੀਵਰਸਿਟੀ ਨੇ ਨਾਸਾ ਦੇ ਉਪਗ੍ਰਹਿ ਡੇਟਾ ਦੀ ਵਰਤੋਂ ਕਰਕੇ ਅਧਿਐਨ ਕੀਤਾ ਹੈ ਕਿ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿਚ ਫੈਲੇ ਗਲ਼ਘੋਟੂ ਪ੍ਰਦੂਸ਼ਣ ਲਈ ਦਿੱਲੀ ਦੇ ਗੁਆਂਢੀ ਸੂਬਿਆਂ ਵਿੱਚ ਸਾੜੀ ਗਈ ਪਰਾਲ਼ੀ ਜ਼ਿੰਮੇਵਾਰ ਹੈ।
ਹਾਰਵਰਡ ਯੂਨੀਵਰਸਿਟੀ ਤੇ ਨਾਸਾ ਦੇ ਖੋਜਕਰਤਾਵਾਂ ਦੀ ਪੜਤਾਲ ਮੁਤਾਬਕ ਪੰਜਾਬ ਤੇ ਹਰਿਆਣਾ ਵਿਚ ਸਾੜੀ ਜਾਣ ਵਾਲੀ ਪਰਾਲ਼ੀ ਕਰਕੇ ਬੀਤੇ ਸਾਲ ਅਕਤੂਬਰ ਤੇ ਨਵੰਬਰ ਵਿਚ ਦਿੱਲੀ ਵਿਚ ਪ੍ਰਦੂਸ਼ਣ ਦੀ ਮਾਤਰਾ ਦੁੱਗਣੀ ਹੋ ਗਈ।
ਸੀ.ਈ.ਏ.ਐਸ. ਦੇ ਵਿਦਿਆਰਥੀ ਡੇਨੀਅਲ ਐਚ. ਕੂਜ਼ਵਰਥ ਨੇ ਦਸਿਆ ਕਿ ਦਿੱਲੀ ਵਿਚ ਉਕਤ ਦੋ ਮਹੀਨਿਆਂ ਦੌਰਾਨ ਵਿਸ਼ਵ ਸਿਹਤ ਅਦਾਰੇ (WHO) ਵੱਲੋਂ ਤੈਅ ਕੀਤੇ ਮਾਪਦੰਡਾਂ ਤੋਂ ਵੀਹ ਗੁਣਾ ਜ਼ਿਆਦਾ ਪ੍ਰਦੂਸ਼ਣ ਸੀ।
ਕੂਜ਼ਵਰਥ ਨੇ ਦਸਿਆ ਕਿ WHO ਮੁਤਾਬਕ ਇੱਕ ਘਣ ਮੀਟਰ ਵਿੱਚ 25 ਮਾਈਕ੍ਰੋਗ੍ਰਾਮ ਪ੍ਰਦੂਸ਼ਕ ਸੁਰੱਖਿਅਤ ਹਵਾ ਦੀ ਨਿਸ਼ਾਨੀ ਹੈ ਤੇ ਭਾਰਤ ਦਾ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਇੱਕ ਘਣ ਮੀਟਰ ਵਿੱਚ 25 ਦੀ ਥਾਂ 60 ਮਾਈਕ੍ਰੋਗ੍ਰਾਮ ਤਕ ਪ੍ਰਦੂਸ਼ਕਾਂ ਦੀ ਮਾਤਰਾ ਵੀ ਸੁਰੱਖਿਅਤ ਹਵਾ ਹੈ।
ਉਨ੍ਹਾਂ ਦਿਨਾਂ ਵਿਚ ਦਿੱਲੀ ਦੀ ਆਬੋ-ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 300 ਮਾਈਕ੍ਰੋਗ੍ਰਾਮ ਮਿਣੀ ਗਈ ਸੀ ਜਦਕਿ ਆਮ ਦਿਨਾਂ ਵਿੱਚ ਦਿੱਲੀ ਦੇ 46 ਮਿਲੀਅਨ ਲੋਕਾਂ ਨੂੰ ਇਕ ਘਣ ਮੀਟਰ ਹਵਾ ਵਿੱਚ 150 ਮਾਈਕ੍ਰੋਗ੍ਰਾਮ ਪ੍ਰਦੂਸ਼ਕਾਂ ਨੂੰ ਸਹਿਣ ਕਰਨਾ ਪੈਂਦਾ ਹੈ।
ਖੋਜ ਮੁਤਾਬਕ ਕਿ ਉਨ੍ਹਾਂ ਦਿਨਾਂ ਵਿਚ ਉੱਤਰ ਭਾਰਤ ਅੰਦਰ ਮਾਨਸੂਨ ਤੋਂ ਬਾਅਦ ਹਵਾ ਦਾ ਵਹਾਅ ਬਹੁਤ ਹੀ ਘੱਟ ਹੁੰਦਾ ਹੈ, ਇਸ ਲਈ ਸਾੜੀ ਗਈ ਪਰਾਲ਼ੀ ਦੇ ਕਣ (ਪ੍ਰਦੂਸ਼ਕ) ਵਾਤਾਵਰਨ ਵਿਚ ਅੱਗੇ ਨਹੀਂ ਜਾ ਸਕਦੇ ਤੇ ਉਥੇ ਹੀ ਫਸੇ ਰਹੇ। ਸਾਲ ਦੇ ਬਾਕੀ ਸਮੇਂ ਦੌਰਾਨ ਹਵਾ ਦਾ ਵਹਾਅ ਤੇਜ਼ ਹੋਣ ਕਾਰਨ ਇਹ ਧੂੰਆਂ ਵਾਤਾਵਰਨ ਵਿੱਚ ਉੱਡ-ਪੁੱਡ ਜਾਂਦਾ ਹੈ।