Wheat Production: ਮਾਰਚ-ਅਪ੍ਰੈਲ ਦੀ ਗਰਮੀ ਕਾਰਨ ਘੱਟ ਸਕਦੀ ਹੈ ਕਣਕ ਦੀ ਪੈਦਾਵਾਰ
ਪੰਜਾਬ, ਹਰਿਆਣਾ ਅਤੇ ਯੂਪੀ ਦੀ ਫ਼ਸਲ ਆਵੇਗੀ ਗਰਮੀ ਦੀ ਮਾਰ ਹੇਠ
Wheat production may decrease due to March-April heat : ਮਾਰਚ-ਅਪ੍ਰੈਲ ਦੇ ਮਹੀਨੇ ਜਦੋਂ ਕਣਕ ਪੱਕ ਰਹੀ ਹੁੰਦੀ ਹੈ ਜਾਂ ਫਿਰ ਕਣਕ ਪੱਕ ਜਾਂਦੀ ਹੈ ਤਾਂ ਕੋਈ ਨਾ ਕੋਈ ਕੁਦਰਤੀ ਕਰੋਪੀ ਕਿਸਾਨ ਦੇ ਸਿਰ ’ਤੇ ਮੰਡਰਾਉਣ ਲੱਗ ਪੈਂਦੀ ਹੈ। ਕਦੇ ਪੱਕੀ ਕਣਕ ’ਤੇ ਮੀਂਹ ਪੈ ਜਾਂਦਾ ਹੈ ਤੇ ਕਦੇ ਗੜ੍ਹੇਮਾਰੀ ਕਾਰਨ ਕਣਕ ਡਿੱਗ ਪੈਂਦੀ ਹੈ। ਕੁਲ ਮਿਲਾ ਕੇ ਕਿਸਾਨ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਇਸ ਵਾਰ ਇਹ ਕਰੋਪੀ ਗਰਮੀ ਦੇ ਰੂਪ ’ਚ ਆਈ ਹੈ।
ਇਸ ਸਾਲ ਵੀ ਕਣਕ ਦੀਆਂ ਕੀਮਤਾਂ ਉੱਚੀਆਂ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਮਾਰਚ ਤੋਂ ਮਈ ਤਕ ਗਰਮੀਆਂ ’ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਕਣਕ ਦਾ ਝਾੜ ਘੱਟ ਹੋ ਸਕਦਾ ਹੈ। ਖ਼ਰਾਬ ਮੌਸਮ ਵੀ ਪਿਛਲੇ ਚਾਰ ਸਾਲਾਂ ਤੋਂ ਕਣਕ ਦੀਆਂ ਕੀਮਤਾਂ ’ਚ ਵਾਧੇ ਦਾ ਇਕ ਵੱਡਾ ਕਾਰਨ ਹੈ। ਇਸ ਸਾਲ ਫ਼ਰਵਰੀ 125 ਸਾਲਾਂ ’ਚ ਸੱਭ ਤੋਂ ਗਰਮ ਸੀ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਰਚ ਤੋਂ ਅਪ੍ਰੈਲ ਤਕ ਦੇਸ਼ ਦੇ ਜ਼ਿਆਦਾਤਰ ਹਿੱਸੇ ਆਮ ਨਾਲੋਂ ਗਰਮ ਰਹਿਣ ਵਾਲੇ ਹਨ। ਅਪ੍ਰੈਲ ’ਚ ਗਰਮ ਹਵਾਵਾਂ ਵਧਣ ਦੀ ਸੰਭਾਵਨਾ ਹੈ। ਇਹ ਹਵਾਵਾਂ ਕਣਕ ਦੇ ਅਨਾਜ ਬਣਨ ਦੀ ਪ੍ਰਕਿਰਿਆ ਲਈ ਮਹੱਤਵਪੂਰਨ ਹਨ।
ਮੱਧ ਭਾਰਤ ਅਤੇ ਦੱਖਣ ਦੇ ਜ਼ਿਆਦਾਤਰ ਹਿੱਸਿਆਂ ’ਚ ਅਪ੍ਰੈਲ 2025 ਦੌਰਾਨ ਆਮ ਨਾਲੋਂ ਵੱਧ ਗਰਮੀ ਦੀ ਲਹਿਰ ਆਉਣ ਦੀ ਸੰਭਾਵਨਾ ਹੈ। ਕਣਕ ਸਰਦੀਆਂ ਦੀ ਫ਼ਸਲ ਹੈ ਜੋ ਸਾਲ ’ਚ ਸਿਰਫ਼ ਇਕ ਵਾਰ ਉਗਾਈ ਜਾ ਸਕਦੀ ਹੈ ਅਤੇ ਜੋ ਦੇਸ਼ ਦੇ
ਲਗਭਗ ਅੱਧੇ ਹਿੱਸੇ ਲਈ ਭੋਜਨ ਦਾ ਮੁੱਖ ਸਰੋਤ ਹੈ, ਇਸ ਤਰ੍ਹਾਂ ਉਚ ਤਾਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ।
ਕਣਕ ਉਤਪਾਦਨ ਪ੍ਰਮੋਸ਼ਨ ਸੁਸਾਇਟੀ (ਏਪੀਪੀਐਸ) ਦੇ ਚੇਅਰਮੈਨ ਅਜੇ ਗੋਇਲ ਨੇ ਕਿਹਾ, ‘‘ਗਰਮੀ ਦਾ ਅਸਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਵਧੇਰੇ ਹੋਵੇਗਾ।’’ ਉਨ੍ਹਾਂ ਦਸਿਆ ਕਿ ਉਚ ਤਾਪਮਾਨ ਕਾਰਨ, ਅਨਾਜ ਸੁੰਗੜ ਜਾਵੇਗਾ, ਜਿਸ ਨਾਲ ਅਨਾਜ ਦਾ ਭਾਰ ਘੱਟ ਜਾਵੇਗਾ। ਜਿਸ ਨਾਲ ਕਣਕ ਦੀ ਫ਼ਸਲ ਦਾ ਕੁਲ ਝਾੜ ਘੱਟ ਜਾਵੇਗਾ। ਪਿਛਲੇ ਚਾਰ ਸਾਲਾਂ ’ਚ ਕਣਕ ਦੇ ਉਤਪਾਦਨ ’ਚ ਲਗਾਤਾਰ ਗਿਰਾਵਟ ਕਾਰਨ ਸਰਕਾਰ ਕੋਲ ਕਣਕ ਦਾ ਭੰਡਾਰ ਘੱਟ ਗਿਆ ਹੈ।
ਉਨ੍ਹਾਂ ਦਸਿਆ ਕਿ ਭਾਵੇਂ ਸਰਕਾਰ ਕੋਲ ਅਨਾਜ ਭੰਡਾਰ ਕਾਫ਼ੀ ਹੈ ਪਰ ਜੇਕਰ ਇਸੇ ਤਰ੍ਹਾਂ ਹੀ ਅੰਨ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਘਟਦੀ ਰਹੀ ਤਾਂ ਆਉਣ ਵਾਲੇ ਸਾਲਾਂ ਵਿਚ ਦੇਸ਼ ਨੂੰ ਅਨਾਜ ਦੀ ਕਮੀ ਨਾਲ ਜੂਝਦਾ ਪੈ ਸਕਦਾ ਹੈ।